Breaking News
Home / ਭਾਰਤ / ਬਾਰ੍ਹਵੀਂ ਦੀ ਕਿਤਾਬ ‘ਚੋਂ ਗਾਂਧੀ ਅਤੇ ਸੰਘ ‘ਤੇ ਪਾਬੰਦੀ ਨਾਲ ਸਬੰਧਤ ਹਿੱਸੇ ਹਟਾਏ

ਬਾਰ੍ਹਵੀਂ ਦੀ ਕਿਤਾਬ ‘ਚੋਂ ਗਾਂਧੀ ਅਤੇ ਸੰਘ ‘ਤੇ ਪਾਬੰਦੀ ਨਾਲ ਸਬੰਧਤ ਹਿੱਸੇ ਹਟਾਏ

ਐੱਨਸੀਈਆਰਟੀ ਦੀ ਕਿਤਾਬ ‘ਚੋਂ ਗੁਜਰਾਤ ਦੰਗੇ ਦੇ ਚੈਪਟਰ ਹਟਾਏ, 1984 ਦੀ ਸਿੱਖ ਨਸ਼ਲਕੁਸ਼ੀ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰੀ ਸਿੱਖਿਆ ਖੋਜ ਅਤੇ ਸਿਖਲਾਈ ਪਰਿਸ਼ਦ (ਐੱਨਸੀਈਆਰਟੀ) ਦੀ ਨਵੇਂ ਅਕਾਦਮਿਕ ਸੈਸ਼ਨ ਲਈ ਬਾਰ੍ਹਵੀਂ ਜਮਾਤ ਦੀ ਰਾਜਨੀਤੀ ਵਿਗਿਆਨ ਵਿਸ਼ੇ ਦੀ ਕਿਤਾਬ ‘ਚੋਂ ‘ਮਹਾਤਮਾ ਗਾਂਧੀ ਦੀ ਹੱਤਿਆ ਦਾ ਦੇਸ਼ ‘ਚ ਫਿਰਕੂ ਹਾਲਾਤ ‘ਤੇ ਅਸਰ, ਗਾਂਧੀ ਦੀ ਹਿੰਦੂ-ਮੁਸਲਿਮ ਏਕਤਾ ਦੀ ਧਾਰਨਾ ਨੇ ਹਿੰਦੂ ਕੱਟੜਪੰਥੀਆਂ ਨੂੰ ਭੜਕਾਇਆ’ ਅਤੇ ਆਰਐੱਸਐੱਸ ਜਿਹੀਆਂ ਜਥੇਬੰਦੀਆਂ ‘ਤੇ ਕੁਝ ਸਮੇਂ ਲਈ ਲੱਗੀ ਪਾਬੰਦੀ ਸਮੇਤ ਕਈ ਹਿੱਸੇ ਹਟਾ ਲਏ ਗਏ ਹਨ। ਉਂਜ ਐੱਨਸੀਈਆਰਟੀ ਨੇ ਦਾਅਵਾ ਕੀਤਾ ਹੈ ਕਿ ਇਸ ਸਾਲ ਪਾਠਕ੍ਰਮ ‘ਚ ਕੋਈ ਕਟੌਤੀ ਨਹੀਂ ਕੀਤੀ ਗਈ ਹੈ ਅਤੇ ਪਾਠਕ੍ਰਮ ਨੂੰ ਪਿਛਲੇ ਸਾਲ ਜੂਨ ‘ਚ ਤਰਕਸੰਗਤ ਬਣਾਇਆ ਗਿਆ ਸੀ। ਪਿਛਲੇ ਸਾਲ ਕੁਝ ਅੰਸ਼ਾਂ ਦੇ ਅਪ੍ਰਸੰਗਿਕ ਹੋਣ ਦੇ ਆਧਾਰ ‘ਤੇ ਐੱਨਸੀਈਆਰਟੀ ਨੇ ਗੁਜਰਾਤ ਦੰਗੇ, ਮੁਗਲ ਦਰਬਾਰ, ਐਮਰਜੈਂਸੀ, ਸੀਤ ਜੰਗ, ਨਕਸਲ ਅੰਦੋਲਨ ਆਦਿ ਕੁਝ ਅੰਸ਼ਾਂ ਨੂੰ ਕਿਤਾਬ ‘ਚੋਂ ਹਟਾ ਦਿੱਤਾ ਸੀ।
ਐੱਨਸੀਈਆਰਟੀ ਦੀ 12ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਕਿਤਾਬ ‘ਸੁਤੰਤਰ ਭਾਰਤ ‘ਚ ਸਿਆਸਤ ਭਾਗ-2’ ਵਿੱਚ 2002 ਦੇ ਗੁਜਰਾਤ ਦੰਗਿਆਂ ਦਾ ਜ਼ਿਕਰ ਨਹੀਂ ਹੈ ਪਰ 1984 ਦੀ ਸਿੱਖ ਨਸਲਕੁਸ਼ੀ ਨੂੰ ਇਸ ‘ਚ ਸ਼ਾਮਲ ਕੀਤਾ ਗਿਆ ਹੈ। ਕਿਤਾਬ ਵਿੱਚ ਪੰਜਾਬ ਦੇ ਸੰਦਰਭ ‘ਚ 31 ਅਕਤੂਬਰ, 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਦੇਸ਼ ਦੇ ਕਈ ਹਿੱਸਿਆਂ ‘ਚ ਸਿੱਖਾਂ ਵਿਰੁੱਧ ਭੜਕੀ ਹਿੰਸਾ ਦਾ ਜ਼ਿਕਰ ਕੀਤਾ ਗਿਆ ਹੈ।
ਕਿਤਾਬ ਮੁਤਾਬਕ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸਾਲ 2005 ‘ਚ ਸੰਸਦ ‘ਚ ਆਪਣੇ ਭਾਸ਼ਨ ਦੌਰਾਨ 1984 ਦੀ ਘਟਨਾ ‘ਤੇ ਅਫ਼ਸੋਸ ਜਤਾਇਆ ਅਤੇ ਸਿੱਖ ਵਿਰੋਧੀ ਹਿੰਸਾ ਲਈ ਦੇਸ਼ ਤੋਂ ਮੁਆਫ਼ੀ ਮੰਗੀ ਸੀ। ਇਸੇ ਕਿਤਾਬ ‘ਚ ਪਾਠਕਾਂ ਦੇ ਨਾਮ ਇਕ ਪੱਤਰ ‘ਚ ਮੁੱਖ ਸਲਾਹਕਾਰ ਸੁਹਾਸ ਪਲਸੀਕਰ ਅਤੇ ਯੋਗੇਂਦਰ ਯਾਦਵ ਤੇ ਸਲਾਹਕਾਰ ਉੱਜਵਲ ਕੁਮਾਰ ਸਿੰਘ ਨੇ ਕਿਹਾ ਕਿ ਇਸ ਕਿਤਾਬ ਦੀ ਪਾਠ ਸਮੱਗਰੀ ਦੇ ਮਹੱਤਵ ਅਤੇ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਇਹ ਫ਼ੈਸਲਾ ਲਿਆ ਗਿਆ ਸੀ ਕਿ ਖਰੜੇ ਨੂੰ ਸਿਆਸੀ ਮਾਹਿਰਾਂ ਅਤੇ ਇਤਿਹਾਸਕਾਰਾਂ ਦੀ ਇਕ ਟੀਮ ਕਈ ਵਾਰ ਜਾਂਚ ਕਰੇਗੀ। ‘ਅਸੀਂ ‘ਤਿੰਨ ਪਾਠਕਾਂ’ ਡਾਕਟਰ ਰਾਮਚੰਦਰ ਗੁਹਾ, ਪ੍ਰੋਫ਼ੈਸਰ ਸੁਨੀਲ ਖਿਲਨਾਨੀ ਅਤੇ ਡਾਕਟਰ ਮਹੇਸ਼ ਰੰਗਰਾਜਨ ਨੂੰ ਇਹ ਕਿਤਾਬ ਪੜ੍ਹਨ ਦੀ ਬੇਨਤੀ ਕੀਤੀ ਸੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਿਸ਼ਾ ਵਸਤੂ ਨਾਲ ਪੂਰੀ ਤਰ੍ਹਾਂ ਨਿਰਪੱਖਤਾ ਵਰਤੀ ਗਈ ਹੈ।’ ਐੱਨਸੀਈਆਰਟੀ ਮੁਖੀ ਨੇ ਕਿਹਾ ਕਿ ਪਾਠਕ੍ਰਮ ਨੂੰ ਤਰਕਸੰਗਤ ਬਣਾਉਣ ਲਈ ਪਿਛਲੇ ਵਰ੍ਹੇ ਕੋਸ਼ਿਸ਼ ਕੀਤੀ ਗਈ ਸੀ ਅਤੇ ਇਸ ਸਾਲ ਜੋ ਕੁਝ ਹੋਇਆ ਹੈ ਉਹ ਨਵਾਂ ਨਹੀਂ ਹੈ। ਸਿੱਖਿਆ ਮੰਤਰਾਲੇ ਦੇ ਇਕ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ ‘ਤੇ ਦੱਸਿਆ ਕਿ ਕੌਮੀ ਸਿੱਖਿਆ ਨੀਤੀ ਤਹਿਤ ਨਵੇਂ ਪਾਠਕ੍ਰਮ ਦੇ ਢਾਂਚੇ ‘ਤੇ ਅਜੇ ਵੀ ਕੰਮ ਚੱਲ ਰਿਹਾ ਹੈ ਅਤੇ ਇਹ ਅਕਾਦਮਿਕ ਸੈਸ਼ਨ 2024 ਤੋਂ ਪੇਸ਼ ਕੀਤੀ ਜਾਵੇਗੀ।
ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਾਲੇ ਖੁਦ ਇਤਿਹਾਸ ਦੇ ਕੂੜੇਦਾਨ ‘ਚ ਚਲੇ ਜਾਂਦੇ ਨੇ: ਕਾਂਗਰਸ
ਨਵੀਂ ਦਿੱਲੀ : ਕਾਂਗਰਸ ਨੇ ਐੱਨਸੀਈਆਰਟੀ ਦੀਆਂ ਕਿਤਾਬ ‘ਚੋਂ ਕੁਝ ਅਹਿਮ ਅੰਸ਼ ਹਟਾਏ ਜਾਣ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸੇਧਿਆ ਹੈ। ਕਾਂਗਰਸ ਨੇ ਕਿਹਾ ਕਿ ਇਤਿਹਾਸ ਨੂੰ ਤੋੜਨ-ਮਰੋੜਨ ਦੀ ਕੋਸ਼ਿਸ਼ ਕਰਨ ਵਾਲੇ ਖੁਦ ‘ਇਤਿਹਾਸ ਦੇ ਕੂੜੇਦਾਨ’ ਵਿੱਚ ਪਹੁੰਚ ਜਾਂਦੇ ਹਨ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਭਾਜਪਾ ਅਤੇ ਆਰਐੱਸਐੱਸ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਪਰ ਇਤਿਹਾਸ ਬਦਲਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ,”ਤੁਸੀਂ ਕਿਤਾਬਾਂ ‘ਚ ਤੱਥਾਂ ਨੂੰ ਬਦਲ ਸਕਦੇ ਹੋ ਪਰ ਇਤਿਹਾਸ ਨਹੀਂ ਬਦਲ ਸਕਦੇ। ਭਾਜਪਾ ਅਤੇ ਸੰਘ ਦੇ ਲੋਕ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਪਰ ਇਤਿਹਾਸ ਮਿਟਣ ਵਾਲਾ ਨਹੀਂ ਹੈ।” ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਮੀਡੀਆ ਰਿਪੋਰਟ ਨੱਥੀ ਕਰਦਿਆਂ ਟਵੀਟ ਕੀਤਾ ਕਿ ਬਦਲੇ ਦੀ ਭਾਵਨਾ ਨਾਲ ਇਤਿਹਾਸ ਬਦਲਿਆ ਜਾ ਰਿਹਾ ਹੈ। ‘ਇਸ ਤੋਂ ਹੁਕਮਰਾਨਾਂ ਦੀ ਅਸਲ ਮਾਨਸਿਕਤਾ ਦਾ ਪਤਾ ਲਗਦਾ ਹੈ। ਸੰਘ ਨੇ ਨਾ ਸਿਰਫ਼ ਗਾਂਧੀ ‘ਤੇ ਹਮਲਾ ਕੀਤਾ ਸੀ ਸਗੋਂ ਉਨ੍ਹਾਂ ਡਾਕਟਰ ਅੰਬੇਡਕਰ ਦਾ ਵੀ ਤਿੱਖਾ ਵਿਰੋਧ ਕੀਤਾ ਸੀ।’ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਭਾਜਪਾ ਅਤੇ ਸੰਘ ਨੇ ਹਮੇਸ਼ਾ ਇਤਿਹਾਸ ਮੁੜ ਤੋਂ ਲਿਖਣ ਦੀ ਕੋਸ਼ਿਸ਼ ਕੀਤੀ ਹੈ।

 

Check Also

ਭਾਰਤ ’ਚ ਕਮਰਸ਼ੀਅਲ ਗੈਸ ਸਿਲੰਡਰ 19 ਰੁਪਏ ਹੋਇਆ ਸਸਤਾ

ਰਸੋਈ ਗੈਸ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਤੇਲ ਮਾਰਕੀਟਿੰਗ …