ਅੰਮ੍ਰਿਤਸਰ/ਬਿਊਰੋ ਨਿਊਜ਼ : ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਲਈ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਵਾਸਤੇ ਰਿਹਾਇਸ਼ ਸਬੰਧੀ ਬੁਕਿੰਗ ਔਨਲਾਈਨ ਕਰਨ ਦੀ ਪ੍ਰਕਿਰਿਆ ਤਹਿਤ ਸ਼੍ਰੋਮਣੀ ਕਮੇਟੀ ਨੇ ਮਾਤਾ ਗੰਗਾ ਜੀ ਨਿਵਾਸ ਵਿੱਚ ਔਨਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਹੈ, ਜਿਸ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕੀਤਾ। ਉਦਘਾਟਨੀ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਸਰਾਵਾਂ ਦੀ ਬੁਕਿੰਗ ਔਨਲਾਈਨ ਕਰਨ ਦੀ ਪ੍ਰਕਿਰਿਆ ਲਾਗੂ ਕੀਤੀ ਗਈ ਹੈ, ਜਿਸ ਤਹਿਤ ਮਾਤਾ ਗੰਗਾ ਜੀ ਨਿਵਾਸ ਦੀ ਬੁਕਿੰਗ ਔਨਲਾਈਨ ਕੀਤੀ ਗਈ ਹੈ। ਇਸ ਸਰਾਂ ਵਿੱਚ ਲਗਪਗ 88 ਕਮਰੇ ਹਨ। ਅਗਲੇ ਪੜਾਅ ਤਹਿਤ ਬਾਕੀ ਸਰਾਵਾਂ ਨੂੰ ਵੀ ਔਨਲਾਈਨ ਕੀਤਾ ਜਾਵੇਗਾ ਅਤੇ ਬਾਅਦ ਵਿੱਚ ਇਹ ਸਹੂਲਤ ਤਖ਼ਤ ਸਾਹਿਬਾਨ ਦੇ ਨਿਵਾਸਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਹੋਰ ਪ੍ਰਮੁੱਖ ਗੁਰਦੁਆਰਿਆਂ ਵਿੱਚ ਵੀ ਸ਼ੁਰੂ ਕੀਤੀ ਜਾਵੇਗੀ।
ਸ਼ਰਧਾਲੂ ਨੂੰ ਬੁਕਿੰਗ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ www.sgpc.net ਜਾਂ www.sgpcsarai.com ਤੇ ਜਾ ਕੇ ਕਮਰਾ ਬੁੱਕ ਕਰਨ ਲਈ ਆਪਣਾ ਨਾਮ, ਪੂਰਾ ਪਤਾ, ਮੋਬਾਈਲ ਨੰਬਰ, ਈ-ਮੇਲ ਭਰਨ ਉਪਰੰਤ ਆਪਣਾ ਸ਼ਨਾਖਤੀ ਕਾਰਡ ਅਪਲੋਡ ਕਰਨਾ ਹੋਵੇਗਾ। ਸ਼ਨਾਖਤ ਲਈ ਆਧਾਰ ਕਾਰਡ, ਵੋਟਰ ਆਈ.ਡੀ. ਜਾਂ ਪਾਸਪੋਰਟ ਹੀ ਪ੍ਰਵਾਨਿਤ ਹੋਣਗੇ। ਸ਼ਰਧਾਲੂ ਕੇਵਲ 2 ਰਾਤਾਂ ਲਈ ਕਮਰਾ ਬੁੱਕ ਕਰਵਾ ਸਕਣਗੇ ਅਤੇ ਕਮਰਾ ਘੱਟੋ-ਘੱਟੋ 2 ਵਿਅਕਤੀਆਂ ਦੇ ਰਹਿਣ ਲਈ ਹੀ ਬੁੱਕ ਹੋਵੇਗਾ। ਅਦਾਇਗੀ ਕੇਵਲ ਔਨਲਾਈਨ ਹੋਵੇਗੀ। ਇਸ ਸਬੰਧੀ ਮੁਕੰਮਲ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ‘ਤੇ ਦਿੱਤੀ ਗਈ ਹੈ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …