Breaking News
Home / ਭਾਰਤ / ਗਣਤੰਤਰ ਦਿਵਸ ਮੌਕੇ ਕਈ ਇਤਿਹਾਸਕ ਘਟਨਾਵਾਂ ਦਾ ਗਵਾਹ ਬਣਿਆ ਰਾਜਪਥ

ਗਣਤੰਤਰ ਦਿਵਸ ਮੌਕੇ ਕਈ ਇਤਿਹਾਸਕ ਘਟਨਾਵਾਂ ਦਾ ਗਵਾਹ ਬਣਿਆ ਰਾਜਪਥ

ਆਸੀਅਨ ਦੇ 10 ਦੇਸ਼ਾਂ ਦੇ ਨੇਤਾ ਭਾਰਤੀ ਰੰਗ ‘ਚ ਨਜ਼ਰ ਆਏ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ 69ਵੇਂ ਗਣਤੰਤਰ ਦਿਵਸ ਸਮਾਰੋਹ ਮੌਕੇ ਰਾਜਪਥ ‘ਤੇ ਦੇਸ਼ ਦੀ ਅਮੀਰ ਸੰਸਕ੍ਰਿਤੀ ਦੇ ਰੰਗਾਂ ਅਤੇ ਰੱਖਿਆ ਖੇਤਰ ਦੀ ਤਾਕਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਦੁਨੀਆ ਦੇ 10 ਦੇਸ਼ਾਂ ਦੇ ਮੁਖੀਆਂ ਸਾਹਮਣੇ ਰਾਜਪਥ ਕਈ ਇਤਿਹਾਸਕ ਘਟਨਾਵਾਂ ਦਾ ਗਵਾਹ ਬਣਿਆ। ਇਤਿਹਾਸਕ ਵਿਜੈ ਚੌਕ ਤੋਂ ਲਾਲ ਕਿਲ੍ਹੇ ਤੱਕ ਦੇਸ਼ ਦੀ ਸ਼ਾਨ ਨਜ਼ਰ ਆਈ ਅਤੇ ਭਾਰੀ ਗਿਣਤੀ ਵਿਚ ਉਮੜੇ ਜਨਸੈਲਾਬ ਵਲੋਂ ਆਪੋ-ਆਪਣੇ ਤਰੀਕਿਆਂ ਰਾਹੀਂ ਦੇਸ਼ ਭਗਤੀ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ ਗਿਆ। ਸਮਾਰੋਹ ਵਿਚ ਆਸੀਆਨ ਦੇਸ਼ ਦੇ ਨੇਤਾ ਪੂਰੀ ਤਰ੍ਹਾਂ ਭਾਰਤੀ ਰੰਗ ਵਿਚ ਰੰਗੇ ਨਜ਼ਰ ਆਏ। ਆਸੀਆਨ ਦੇ 10 ਦੇਸ਼ਾਂ ਦੇ ਮੁਖੀਆਂ ਤੇ ਨੇਤਾਵਾਂ ਦੀ ਮੁੱਖ ਮਹਿਮਾਨ ਦੇ ਰੂਪ ਵਿਚ ਮੌਜੂਦਗੀ ਗਣਤੰਤਰ ਦਿਵਸ ਪਰੇਡ ਦੀ ਵਿਸ਼ੇਸ਼ ਖਾਸੀਅਤ ਰਹੀ। ਰਾਸ਼ਟਰਪਤੀ ਵਲੋਂ ਤਿਰੰਗਾ ਲਹਿਰਾਉਣ ਦੀ ਰਸਮ ਉਪਰੰਤ ਰਾਸ਼ਟਰ ਗੀਤ ਦੀ ਧੁਨ ਦੇ ਵਿਚਕਾਰ 21 ਤੋਪਾਂ ਦੀ ਸਲਾਮੀ ਦੇ ਨਾਲ ਪਰੇਡ ਸ਼ੁਰੂ ਹੋਈ। ਪਰੇਡ ਤੋਂ ਪਹਿਲਾਂ ਸਲਾਮੀ ਮੰਚ ‘ਤੇ ਜੰਮੂ-ਕਸ਼ਮੀਰ ਵਿਚ ਇਕ ਆਪ੍ਰੇਸ਼ਨ ਦੌਰਾਨ ਦੋ ਅੱਤਵਾਦੀਆਂ ਨੂੰ ਮਾਰਨ ਵਾਲੇ ਭਾਰਤੀ ਵਾਯੂ ਸੈਨਾ ਦੇ ਗਰੁੜ ਕਮਾਂਡੋ ਜੋਤੀ ਪ੍ਰਕਾਸ਼ ਨਿਰਾਲਾ ਨੂੰ ਮਰਨ ਉਪਰੰਤ ਸ਼ਾਂਤੀਕਾਲ ਦੇ ਸਰਬਉੱਚ ਵੀਰਤਾ ਪੁਰਸਕਾਰ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਕਮਾਂਡੋ ਨਿਰਾਲਾ ਦੀ ਧਰਮਪਤਨੀ ਸੂਸ਼ਮਾਨੰਦ ਤੇ ਮਾਤਾ ਮਾਲਤੀ ਦੇਵੀ ਨੇ ਰਾਸ਼ਟਰਪਤੀ ਕੋਲੋਂ ਸਨਮਾਨ ਹਾਸਲ ਕੀਤਾ। ਸਲਾਮੀ ਮੰਚ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰਨਾਂ ਮਹੱਤਵਪੂਰਨ ਸ਼ਖਸੀਅਤਾਂ ਸਮੇਤ 10 ਆਸੀਆਨ ਦੇਸ਼ਾਂ ਦੇ ਮੁਖੀ ਬਰੂਨੇਈ ਦੇ ਸੁਲਤਾਨ ਹਾਜੀ ਹਸਨਲ ਬੋਲਕੀਆ ਮੁਈਜਾਦੀਨ ਵਦਾਉਲਾਹ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਦੋਦੋ, ਫਿਲੀਪੀਨਸ ਦੇ ਰਾਸ਼ਟਰਪਤੀ ਰੋਡਿਗੋ ਰੋਆ ਡੂਤਰੇਤ, ਕੰਬੋਡੀਆ ਦੇ ਪ੍ਰਧਾਨ ਮੰਤਰੀ, ਹੁਨ ਸੇਨ, ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ, ਮਲੇਸ਼ੀਆ ਦੇ ਪ੍ਰਧਾਨ ਮੰਤਰੀ ਦਾਤੋ ਸੀ ਮੋਹਮੰਦ ਨਜੀਬ ਬਿਨ ਤੁਨ ਅਬਦੁਲ ਰਜਾਕ, ਥਾਈਲੈਂਡ ਦੇ ਪ੍ਰਧਾਨ ਮੰਤਰੀ ਜਨਰਲ ਪ੍ਰਯੁਤ ਛਾਨ-ਓ-ਚਾ, ਮਿਆਂਮਾਰ ਦੀ ਸਟੇਟ ਕੌਂਸਲਰ ਆਂਗ ਸਾਂਗ ਸੂ ਕੀ, ਵੀਅਤਨਾਮ ਦੇ ਪ੍ਰਧਾਨ ਮੰਤਰੀ ਨਗਯੁਏਨ ਜੁਆਨ ਫੂਕ, ਅਤੇ ਲਾਓਸ ਪੀਡੀਆਰ ਦੇ ਪ੍ਰਧਾਨ ਮੰਤਰੀ ਥੋਂਗਲੋਂਨ ਸਿਸੋਲਿਥ ਨੇ ਮੌਜੂਦਗੀ ਦਰਜ ਕਰਵਾਈ। ਪਰੇਡ ਦੌਰਾਨ ਜਿੱਥੇ ਸਾਰੀ ਦੁਨੀਆ ਨੂੰ , ਭਾਰਤ ਨੂੰ ਇਕ ਸਿਰੇ ਤੋਂ ਪਰੋਣ ਵਾਲੀ ਉਸ ਦੀ ਹਰ ਕੋਨੇ ਦੀ ਸੰਸਕ੍ਰਿਤੀ ਨੂੰ ਦਰਸਾਇਆ ਗਿਆ ਉੱਥੇ ਹੀ ਆਧੁਨਿਕ ਹਥਿਆਰਾਂ, ਮਿਸਾਈਲਾਂ, ਹਵਾਈ ਜਹਾਜਾਂ ਤੇ ਭਾਰਤੀ ਸੈਨਿਕਾਂ ਦੇ ਦਸਤਿਆਂ ਨੇ ਦੇਸ਼ ਦੀ ਕਿਸੀ ਵੀ ਚੁਣੌਤੀ ਦਾ ਟਾਕਰਾ ਕਰ ਸਕਣ ਦੀ ਤਾਕਤ ਦਾ ਅਹਿਸਾਸ ਕਰਵਾਇਆ। ਦੁਨੀਆ ਨੇ ਵੀਰਤਾ ਤੇ ਮਹਿਲਾ ਸ਼ਕਤੀ ਦਾ ਸ਼ਾਨਦਾਰ ਪ੍ਰਦਰਸ਼ਨ ਵੇਖਿਆ। ਇਕ ਪਾਸੇ ਜਿੱਥੇ ਬੀ.ਐਸ. ਐਫ. ਦੀ ਮਹਿਲਾ ਮੋਟਰਸਾਈਕਲ ਸਵਾਰ ਦਸਤੇ ਨੇ ਕਈ ਕਰਤੱਬ ਵਿਖਾਏ, ਉੱਥੇ ਹੀ ਹਵਾਈ ਸੈਨਾ ਦੀ ਝਾਕੀ ਵਿਚ ਮਹਿਲਾ ਸ਼ਕਤੀ ਅਤੇ ਸਵਦੇਸ਼ੀ ਨੂੰ ਪ੍ਰਦਰਸ਼ਿਤ ਕੀਤਾ ਗਿਆ। ਇਸ ਵਾਰ ਗਣਤੰਤਰ ਦਿਵਸ ਪਰੇਡ ਵਿਚ ਪਹਿਲੀ ਵਾਰ ਭਾਰਤ ਦੇ ਵਿਦੇਸ਼ ਮੰਤਰਾਲੇ ਦੀਆਂ 2 ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ। ਇਨ੍ਹਾਂ ਝਾਕੀਆਂ ਵਿਚ ਆਸੀਆਨ ਦੇਸ਼ਾਂ ਦੇ ਨਾਲ ਸਬੰਧਾਂ ਨੂੰ ਵਿਖਾਇਆ ਗਿਆ।
ਪੰਜਾਬ ‘ਚ ਉਤਸ਼ਾਹ ਨਾਲ ਮਨਾਇਆ ਗਿਆ ਗਣਤੰਤਰ ਦਿਵਸ
ਚੰਡੀਗੜ੍ਹ : ਸਮੁੱਚੇ ਪੰਜਾਬ ਤੇ ਚੰਡੀਗੜ੍ਹ ਵਿਚ ਵੀ ਗਣਤੰਤਰ ਦਿਵਸ ਧੂਮ ਧਾਮ ਮਨਾਇਆ ਗਿਆ। ਪਟਿਆਲਾ ਵਿਖੇ 69ਵੇਂ ਗਣਤੰਤਰ ਦਿਵਸ ਸਮਾਗਮ ਮੌਕੇ ઠਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੌਮੀ ਝੰਡਾ ਲਹਿਰਾਇਆ। ਉਨ੍ਹਾਂ ਪੰਜਾਬ ਵਾਸੀਆਂ ਦੇ ਨਾਮ ਸੰਦੇਸ਼ ਵੀ ਜਾਰੀ ઠਕੀਤਾ। ਉਨ੍ਹਾਂ ਪਰੇਡ ਦਾ ਨਿਰੀਖਣ ਕੀਤਾ, ਜਿਸ ਵਿੱਚ 17 ਟੁਕੜੀਆਂ ਨੇ ਹਿੱਸਾ ਲਿਆ। ਇਸ ਮੌਕੇ ਅਜ਼ਾਦੀ ਘੁਲਾਟੀਆਂ ਸਮੇਤ ਵੱਖ-ਵੱਖ ਖੇਤਰਾਂ ਵਿਚ ਅਹਿਮ ਯੋਗਦਾਨ ਪਾਉਣ ਲਈ 66 ਸ਼ਖ਼ਸੀਅਤਾਂ ਦਾ ਸਨਮਾਨ ਕੀਤਾ।

Check Also

ਮੁੰਬਈ ’ਚ ਹਨ੍ਹੇਰੀ ਕਾਰਨ ਡਿੱਗਿਆ ਹੋਰਡਿੰਗ; 14 ਮੌਤਾਂ

ਪੈਟਰੋਲ ਪੰਪ ’ਤੇ ਡਿੱਗ ਗਿਆ ਸੀ  ਇਹ ਹੋਰਡਿੰਗ ਮੁੰਬਈ/ਬਿਊਰੋ ਨਿਊਜ਼ ਮੁੰਬਈ ਵਿਚ ਲੰਘੇ ਕੱਲ੍ਹ ਸੋਮਵਾਰ …