ਨਵੀਂ ਦਿੱਲੀ/ਬਿਊਰੋ ਨਿਊਜ਼ : ਦਹਾਕਿਆਂ ਤੋਂ ਮਨੁੱਖੀ ਏਕਤਾ ਦੀ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਵਾਲੀ ਲੰਗਰ ਦੀ ਪ੍ਰਥਾ ਨੇ ਜਿੱਥੇ ਮਾਨਵਤਾ ਨੂੰ ਸਮਾਨਤਾ ਦਾ ਸੁਨੇਹਾ ਦਿੱਤਾ ਉੱਥੇ ਇਸ ਵਿਚਾਰਧਾਰਾ ਨੂੰ ਦਰਸਾਉਂਦੀ ਪੰਜਾਬ ਦੀ ਝਾਕੀ ਰਾਸ਼ਟਰੀ ਗਣਤੰਤਰ ਦਿਵਸ ਪਰੇਡ ਮੌਕੇ ਦੇਸ਼ ਦੀ ਸ਼ਾਨ ਬਣ ਨਿਬੜੀ। ਗਣਤੰਤਰ ਦਿਵਸ ‘ਤੇ ਨਵੀਂ ਦਿੱਲੀ ਵਿੱਚ ਰਾਜਪੱਥ ਉੱਤੇ ਜਦੋਂ ਸੰਗਤ ਅਤੇ ਪੰਗਤ ਦੀ ਰਵਾਇਤ ਨੂੰ ਪੇਸ਼ ਕਰਨ ਵਾਲੀ ਪੰਜਾਬ ਦੀ ਝਾਕੀ ਸਾਹਮਣੇ ਆਈ ਤਦ ਮੌਜੂਦ ਇਕੱਠ ਨੇ ਜੈਕਾਰਿਆਂ ਅਤੇ ਤਾੜੀਆਂ ਨਾਲ ਇਸਦਾ ਸਵਾਗਤ ਕਰਦਿਆਂ ਦੱਸਿਆ ਕਿ ਹਾਂ ਲੰਗਰ ਪ੍ਰਥਾ ਮਹਾਨ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੀ ਇਸ ਝਾਕੀ ਦੇ ਪਿੱਛੇ ਇੱਕੋ ਮਕਸਦ ਸੀ ਕਿ ਲੋਕਾਂ ਨੂੰ ਮਾਨਵਤਾ ਦਾ ਸੁਨੇਹਾ ਦੇਣਾ ਤੇ ਗੁਰੂ ਸਾਹਿਬਾਨ ਦੀ ਸਮਾਨਤਾ ਵਾਲੀ ਸਿੱਖਿਆ ਨੂੰ ਸਾਹਮਣੇ ਲਿਆਉਣਾ। ਪੰਜਾਬ ਦੀ ਇਹ ‘ਸੰਗਤ ਤੇ ਪੰਗਤ’ ਝਾਕੀ ਸੁਨੇਹਾ ਦੇ ਰਹੀ ਸੀ ਕਿ ਕਿਵੇਂ ਧਰਮ, ਜਾਤ, ਨਸਲ, ਰੰਗ ਦੇ ਭੇਦ ਭਾਵ ਤੋਂ ਮੁਕਤ ਹੋ ਕੇ ਕੋਈ ਵੀ ਮਨੁੱਖ ਪੰਗਤ ਵਿੱਚ ਬੈਠ ਕੇ ਲੰਗਰ ਛਕ ਸਕਦਾ ਹੈ। ਝਾਕੀ ਇਹ ਵੀ ਦਰਸਾ ਰਹੀ ਸੀ ਕਿ ਕਿਵੇਂ ਸ਼ਬਦ ਗੁਰਬਾਣੀ ਨੂੰ ਅੰਦਰ ਸਮੋ ਕੇ ਰੁਹਾਨੀਅਤ ਵਾਲੇ ਮਾਹੌਲ ਵਿੱਚ ਤਿਆਰ ਕੀਤਾ ਗਿਆ ਭੋਜਨ ਪ੍ਰਸਾਦਿ ਦਾ ਰੂਪ ਧਾਰ ਜਾਂਦਾ ਹੈ ਤੇ ਫਿਰ ਉਹ ਲੰਗਰ ਦੇ ਰੂਪ ਵਿੱਚ ਵਰਤਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਇਸ ਝਾਕੀ ਦੇ ਦੌਰਾਨ ਜੋ ਸ਼ਬਦ ਕੀਰਤਨ ਸੁਣਾਈ ਦੇ ਰਿਹਾ ਸੀ ਉਹ ਅਵਾਜ਼ ਪਦਮ ਸ੍ਰੀ ਭਾਈ ਨਿਰਮਲ ਸਿੰਘ ਦੀ ਸੀ। ਪੰਜਾਬ ਦੀ ਇਹ ਝਾਕੀ ਗਣਤੰਤਰ ਦਿਵਸ ਪਰੇਡ ਦੀ ਸ਼ਾਨ ਬਣ ਗਈ।
Check Also
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਫੌਜ ਦਾ ਜੇਸੀਓ ਹੋਇਆ ਸ਼ਹੀਦ
ਭਾਰਤੀ ਫੌਜ ਨੇ ਮੁਕਾਬਲੇ ਦੌਰਾਨ ਦੋ ਅੱਤਵਾਦੀਆਂ ਨੂੰ ਕੀਤਾ ਢੇਰ ਜੰਮੂ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ …