13 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਅਤੇ 27 ਲਾਪਤਾ
ਨਵੀਂ ਦਿੱਲੀ/ਬਿਊਰੋ ਨਿਊਜ਼
ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਖਲਘਾਟ ਵਿਚ ਅੱਜ ਸੋਮਵਾਰ ਸਵੇਰੇ ਮਹਾਰਾਸ਼ਟਰ ਰੋਡਵੇਜ਼ ਦੀ ਬੱਸ ਨਰਮਦਾ ਨਦੀ ਵਿਚ ਡਿੱਗ ਗਈ। ਮੀਡੀਆ ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਸ ਬੱਸ ਵਿਚ 40 ਸਵਾਰੀਆਂ ਸਫਰ ਕਰ ਰਹੀਆਂ ਸਨ, ਜਿਨ੍ਹਾਂ ਵਿਚੋਂ 13 ਵਿਅਕਤੀਆਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਹਾਦਸਾ ਸਵੇਰੇ 10 ਵਜੇ ਦੇ ਕਰੀਬ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਖਲਘਾਟ ਵਿਚ ਟੂ-ਲੇਨ ਪੁਲ ’ਤੇ ਇਕ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਬੱਸ ਬੇਕਾਬੂ ਹੋ ਗਈ ਸੀ। ਡਰਾਈਵਰ ਨੇ ਸੰਤੁਲਨ ਗੁਆ ਦਿੱਤਾ ਅਤੇ ਇਹ ਬੱਸ ਰੇਲਿੰਗ ਤੋੜਦੀ ਹੋਈ ਨਦੀ ਵਿਚ ਜਾ ਡਿੱਗੀ। ਇਹ ਬੱਸ ਇੰਦੌਰ ਤੋਂ ਮਹਾਰਾਸ਼ਟਰ ਦੇ ਅਮਲਨੇਰ ਜਾ ਰਹੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬੱਸ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸੇ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਇਸ ਬੱਸ ਹਾਦਸੇ ਵਿਚ ਜਾਨ ਗੁਆਉਣ ਵਾਲੇ ਵਿਅਕਤੀਆਂ ਦੇ ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।