ਭਾਜਪਾ ਦਾ ਦਾਅਵਾ, ਰਾਹੁਲ ਦੀ ਜੈਕਟ ਦੀ ਕੀਮਤ 63 ਹਜ਼ਾਰ ਰੁਪਏ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਸੰਗੀਤਕ ਪ੍ਰੋਗਰਾਮ ਦੌਰਾਨ ਪਹਿਨੀ ਗਈ ਜੈਕਟ ‘ਤੇ ਭਾਜਪਾ ਅਤੇ ਕਾਂਗਰਸ ਮਿਹਣੋ-ਮਿਹਣੀ ਹੋ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ‘ਸੂਟ-ਬੂਟ’ ਦੀ ਟਿੱਪਣੀ ਦਾ ਤੋੜ ਲੱਭਦਿਆਂ ਭਾਜਪਾ ਦੀ ਮੇਘਾਲਿਆ ਇਕਾਈ ਨੇ ਦਾਅਵਾ ਕੀਤਾ ਕਿ ਕਾਂਗਰਸ ਪ੍ਰਧਾਨ ਨੇ ਸ਼ਿਲੌਂਗ ਵਿਚ ਮੰਗਲਵਾਰ ਨੂੰ ਹੋਏ ਸੰਗੀਤਕ ਪ੍ਰੋਗਰਾਮ ਦੌਰਾਨ 63 ਹਜ਼ਾਰ ਰੁਪਏ ਦੀ ਜੈਕਟ ਪਹਿਨੀ ਸੀ। ਭਾਜਪਾ ਦੀ ਮੇਘਾਲਿਆ ਇਕਾਈ ਨੇ ਟਵੀਟ ਕਰਕੇ ‘ਕਾਲੇ ਧਨ ਵਾਲੀ ਸੂਟ-ਬੂਟ ਦੀ ਸਰਕਾਰ’ ਆਖ ਕੇ ਤਨਜ਼ ਕਸਿਆ। ਟਵੀਟ ਵਿਚ ਕਿਹਾ ਗਿਆ,”ਸਾਡੇ ਦੁੱਖਾਂ ‘ਤੇ ਗੀਤ ਗਾਉਣ ਦੀ ਬਜਾਏ ਰਾਹੁਲ ਸੂਬਾ ਸਰਕਾਰ ਦਾ ਰਿਪੋਰਟ ਕਾਰਡ ਦੇ ਸਕਦੇ ਸਨ। ਤੁਹਾਡੀ ਇਹੋ ਉਦਾਸੀਨਤਾ ਸਾਡਾ ਮਜ਼ਾਕ ਉਡਾਉਂਦੀ ਹੈ।” ਪਾਰਟੀ ਨੇ ਬਰਬੈਰੀ ਜੈਕਟ ਦੀ ਤਸਵੀਰ ਵੀ ਟਵਿੱਟਰ ‘ਤੇ ਪਾਈ ਹੈ ਅਤੇ ਨਾਲ ਹੀ ਉਸ ਦੀ ਕੀਮਤ 995 ਡਾਲਰ (63 ਹਜ਼ਾਰ ਤੋਂ ਥੋੜ੍ਹੀ ਵੱਧ) ਟੈਗ ਕੀਤੀ ਹੈ। ਪਹਾੜੀ ਸੂਬੇ ਵਿਚ ਚੋਣ ਪ੍ਰਚਾਰ ਲਈ ਆਏ ਰਾਹੁਲ ਗਾਂਧੀ ਨੇ ਆਪਣੀ ਆਲੋਚਨਾ ਤੋਂ ਘਬਰਾਏ ਬਿਨਾ ਮੋਦੀ ‘ਤੇ ਮੁੜ ‘ਸੂਟ-ਬੂਟ ਕੀ ਸਰਕਾਰ’ ਦਾ ਬਿਆਨ ਦਾਗਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਗਰੀਬਾਂ ਨਾਲੋਂ ਸੂਟਾਂ ਵਾਲੇ ਲੋਕਾਂ ਨਾਲ ਵਧ ਘਿਰੇ ਰਹਿੰਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ”ਤੁਸੀਂ ਉਨ੍ਹਾਂ (ਮੋਦੀ) ਨੂੰ ਗਰੀਬ ਵਿਅਕਤੀ ਨਾਲ ਗੱਲਵਕੜੀ ਪਾਉਂਦੇ, ਗੱਲ ਕਰਦਿਆਂ ਜਾਂ ਉਸ ਨਾਲ ਮਿਲਦਿਆਂ ਨਹੀਂ ਦੇਖਿਆ ਹੋਵੇਗਾ। ਉਹ ਗਰੀਬ ਲੋਕਾਂ ਨਾਲ ਦੂਰੀ ਬਣਾ ਕੇ ਰਖਦੇ ਹਨ ਜਦਕਿ ਓਬਾਮਾ ਜਾਂ ਹੋਰਾਂ ਨਾਲ ਇੰਜ ਨਹੀਂ ਕਰਦੇ। ਅਸਲੀਅਤ ਇਹ ਹੈ ਕਿ ਉਹ (ਮੋਦੀ) ਅਜੇ ਵੀ ਸੂਟ-ਬੂਟ ਵਾਲੇ ਵਿਅਕਤੀ ਹਨ। ਉਨ੍ਹਾਂ ਕੁਝ ਵੀ ਨਹੀਂ ਕੀਤਾ ਹੈ।” ਭਾਜਪਾ ਦੇ ਟਵੀਟ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਾਂਗਰਸ ਆਗੂ ਰੇਣੂਕਾ ਚੌਧਰੀ ਨੇ ਕਿਹਾ ਕਿ ਭਾਜਪਾ ਕੇਂਦਰ ਵਿਚ ‘ਸੂਟ-ਬੂਟ ਕੀ ਸਰਕਾਰ’ ਚਲਾ ਰਹੀ ਹੈ ਅਤੇ ਉਨ੍ਹਾਂ ਨੂੰ ਰਾਹੁਲ ਗਾਂਧੀ ‘ਤੇ ਸਵਾਲ ਉਠਾਉਣ ਦਾ ਨੈਤਿਕ ਅਧਿਕਾਰ ਨਹੀਂ ਹੈ। ਰੇਣੂਕਾ ਚੌਧਰੀ ਨੇ ਕਿਹਾ ਹੈ ਕਿ ਜਿਸ ਜੈਕਟ ਨੂੰ ਲੈ ਕੇ ਹੰਗਾਮਾ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਦੀ ਜੈਕਟ ਆਨ ਲਾਈਨ ਸ਼ਾਪਿੰਗ ‘ਤੇ 700 ਰੁਪਏ ਵਿਚ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਭਗਵਾਂ ਪਾਰਟੀ ਰਾਹੁਲ ਗਾਂਧੀ ਦੀ ਵਧਦੀ ਮਕਬੂਲੀਅਤ ਨੂੰ ਦੇਖਦਿਆਂ ਪ੍ਰੇਸ਼ਾਨ ਹੋ ਗਈ ਹੈ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …