1.8 C
Toronto
Thursday, November 27, 2025
spot_img
Homeਭਾਰਤਲੋਕ ਸਭਾ 'ਚ ਸਪੀਕਰ 'ਤੇ ਕਾਗਜ਼ ਸੁੱਟਣ ਵਾਲੇ 6 ਸੰਸਦ ਮੈਂਬਰ 5...

ਲੋਕ ਸਭਾ ‘ਚ ਸਪੀਕਰ ‘ਤੇ ਕਾਗਜ਼ ਸੁੱਟਣ ਵਾਲੇ 6 ਸੰਸਦ ਮੈਂਬਰ 5 ਦਿਨਾਂ ਲਈ ਮੁਅੱਤਲ

ਚੰਦੂਮਾਜਰਾ ਨੇ ਇਰਾਕ ‘ਚ ਲਾਪਤਾ ਹੋਏ 39 ਭਾਰਤੀਆਂ ਦਾ ਮੁੱਦਾ ਚੁੱਕਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਦੇਸ਼ ਵਿੱਚ ਗਊ ਹੱਤਿਆ ਦੇ ਨਾਂ ‘ਤੇ ਭੀੜ ਵੱਲੋਂ ਕੀਤੇ ਜਾ ਰਹੇ ਕਤਲਾਂ ਖ਼ਿਲਾਫ਼ ਵਿਰੋਧੀ ਧਿਰ ਨੇ ਲੋਕ ਸਭਾ ਵਿਚ ਜ਼ੋਰਦਾਰ ਹੰਗਾਮਾ ਕੀਤਾ। ਕਾਂਗਰਸ, ਤ੍ਰਿਣਮੂਲ ਕਾਂਗਰਸ (ਟੀਐਮਸੀ) ਤੇ ਖੱਬੀਆਂ ਪਾਰਟੀਆਂ ਦੇ ਮੈਂਬਰਾਂ ਨੇ ਸਪੀਕਰ ਦੇ ਆਸਣ ਅੱਗੇ ਨਾਅਰੇਬਾਜ਼ੀ ਕਰਦਿਆਂ ਕਾਗਜ਼ ਪਾੜ ਦਿੱਤੇ। ਇਸ ਦੌਰਾਨ ਸਪੀਕਰ ਸੁਮਿੱਤਰਾ ਮਹਾਜਨ ਨੇ ‘ਭਾਰੀ ਗੜਬੜ’ ਕਰਨ ਦੇ ਦੋਸ਼ ਹੇਠ ਕਾਂਗਰਸ ਦੇ ਛੇ ਮੈਂਬਰਾਂ ਨੂੰ ਪੰਜ ਦਿਨਾਂ ਲਈ ਸਦਨ ਤੋਂ ਮੁਅੱਤਲ ਕਰ ਦਿੱਤਾ।
ਵਿਰੋਧੀ ਧਿਰ ਦੇ ਭਾਰੀ ਵਿਰੋਧ ਤੇ ਭਾਜਪਾ ਮੈਂਬਰਾਂ ਦੇ ‘ਸ਼ਰਮ ਕਰੋ’ ਦੇ ਨਾਅਰਿਆਂ ਦੌਰਾਨ ਸਪੀਕਰ ਨੇ ਇਨ੍ਹਾਂ ਮੈਂਬਰਾਂ ਦੀ ਮੁਅੱਤਲੀ ਦਾ ਐਲਾਨ ਕੀਤਾ, ਜਿਨ੍ਹਾਂ ਵਿੱਚ ਗੌਰਵ ਗੋਗੋਈ, ਕੇ.ਸੁਰੇਸ਼, ਅਧੀਰ ਰਾਜਨ ਚੌਧਰੀ, ਰਣਜੀਤ ਰੰਜਨ, ਸੁਸ਼ਮਿਤਾ ਦੇਵ ਤੇ ਐਮ.ਕੇ.ਰਾਘਵਨ ਸ਼ਾਮਲ ਹਨ। ਸਪੀਕਰ ਨੇ ਕਿਹਾ ਕਿ ਇਨ੍ਹਾਂ ਮੈਂਬਰਾਂ ਦਾ ਵਤੀਰਾ ‘ਬਹੁਤ ਹੀ ਮਾੜਾ’ ਤੇ ਚੇਅਰ ਦੀ ਹੇਠੀ ਕਰਨ ਵਾਲਾ ਸੀ। ਇਸੇ ਦੌਰਾਨ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਰਾਕ ਵਿਚ ਲਾਪਤਾ ਹੋਏ 39 ਭਾਰਤੀਆਂ ਦਾ ਮੁੱਦਾ ਉਠਾਇਆ। ਉਹਨਾਂ ਕਿਹਾ ਕਿ ਇਸ ਮਾਮਲੇ ਦਾ ਸੱਚ ਸਾਹਮਣੇ ਲਿਆਂਦਾ ਜਾਵੇ। ਕਾਂਗਰਸ ਦੀ ਅਗਵਾਈ ਹੇਠ ਵਿਰੋਧੀ ਧਿਰ ਦਾ ਇਹ ਹੰਗਾਮਾ ਹਜੂਮੀ ਕਤਲਾਂ ਦੀਆਂ ‘ਜ਼ਾਲਮਾਨਾ ਤੇ ਸ਼ਰਮਨਾਕ’ ਘਟਨਾਵਾਂ ਖ਼ਿਲਾਫ਼ ਉਨ੍ਹਾਂ ਵੱਲੋਂ ਦਿੱਤੇ ਕੰਮ-ਰੋਕੂ ਮਤਿਆਂ ਦੇ ਨੋਟਿਸਾਂ ਨੂੰ ਸਪੀਕਰ ਵੱਲੋਂ ਰੱਦ ਕਰ ਦਿੱਤੇ ਜਾਣ ਕਾਰਨ ਸ਼ੁਰੂ ਹੋਇਆ। ਇਸ ਤੋਂ ਰੋਹ ਵਿੱਚ ਆਏ ਵਿਰੋਧੀ ਮੈਂਬਰ ਨਾਅਰੇ ਮਾਰਦੇ ਸਪੀਕਰ ਦੇ ਆਸਣ ਅੱਗੇ ਆ ਗਏ। ਸਵਾਲਾਂ ਦਾ ਵਕਫ਼ਾ ਖ਼ਤਮ ਹੋਣ ਦੇ ਫ਼ੌਰੀ ਬਾਅਦ ਸਦਨ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਗਊ-ਰੱਖਿਅਕਾਂ ਦੀ ਧੱਕੇਸ਼ਾਹੀ ਕਾਰਨ ਦਲਿਤਾਂ, ਘੱਟਗਿਣਤੀਆਂ ਤੇ ਔਰਤਾਂ ਨੂੰ ਸਹਿਮ ਦੇ ਸਾਏ ਹੇਠ ਜੀਣਾ ਪੈ ਰਿਹਾ ਹੈ।
ਮਾੜੇ ਵਤੀਰੇ ਕਾਰਨ ਕਰਨੀ ਪਈ ਕਾਰਵਾਈ: ਸਪੀਕਰ
ਸਪੀਕਰ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਉਨ੍ਹਾਂ ਨੂੰ ਮੈਂਬਰਾਂ ਖ਼ਿਲਾਫ਼ ਕਾਰਵਾਈ ਉਨ੍ਹਾਂ ਦੇ ‘ਮਾੜੇ ਵਤੀਰੇ’ ਕਾਰਨ ਕਰਨੀ ਪਈ ਹੈ, ਜਿਸ ਨੂੰ ਉਨ੍ਹਾਂ ਨਿਯਮਾਂ ਦਾ ‘ਉਲੰਘਣ’ ਕਰਾਰ ਦਿੱਤਾ। ਉਨ੍ਹਾਂ ਕਿਹਾ, ”ਗੌਰਵ ਗੋਗੋਈ ਨੇ ਮੇਜ਼ ਤੋਂ ਕਾਗਜ਼ ਖੋਹ ਕੇ ਸਪੀਕਰ ਵੱਲ ਲਹਿਰਾਏ। ਕੇ.ਸੁਰੇਸ਼ ਨੇ ਕਾਗਜ਼ ਪਾੜ ਕੇ ਸਪੀਕਰ ਵੱਲ ਵਗਾਹ ਮਾਰੇ। ਅਧੀਰ ਰਾਜਨ ਚੌਧਰੀ, ਰਣਜੀਤ ਰੰਜਨ, ਸੁਸ਼ਮਿਤਾ ਦੇਵ ਤੇ ਐਮ.ਕੇ. ઠਰਾਘਵਨ ਨੇ ਵੀ ਇੰਜ ਹੀ ਕੀਤਾ।”

RELATED ARTICLES
POPULAR POSTS