ਹੰਗਾਮੇ ਨਾਲ ਸਰਕਾਰ ਤੋਂ ਜ਼ਿਆਦਾ ਵਿਰੋਧੀ ਧਿਰ ਨੂੰ ਨੁਕਸਾਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸਰਕਾਰ ਨੂੰ ਕਾਨੂੰਨ ਬਣਾਉਣ ਲਈ ਆਰਡੀਨੈਂਸ ਵਾਲੇ ਰਾਹ ਦੀ ਵਰਤੋਂ ਬਾਰੇ ਸੁਚੇਤ ਕਰਦਿਆਂ ਕਿਹਾ ਕਿ ਇਸ ਨੂੰ ਕੇਵਲ ਬੇਵਸੀ ਵਾਲੇ ਹਾਲਾਤ ਵਿੱਚ ਹੀ ਵਰਤਿਆ ਜਾਣਾ ਚਾਹੀਦਾ ਹੈ ਅਤੇ ਇਸ ਦਾ ਵਿੱਤੀ ਮਾਮਲਿਆਂ ਵਿੱਚ ਆਸਰਾ ਨਹੀਂ ਤੱਕਣਾ ਚਾਹੀਦਾ। ਸੰਸਦ ਵਿੱਚ ਵਿਦਾਇਗੀ ਸਮਾਰੋਹ ਦੌਰਾਨ ਉਨ੍ਹਾਂ ਨੇ ਵਿਰੋਧੀ ਧਿਰ ਨੂੰ ਦੋਵੇਂ ਸਦਨਾਂ ਦੀ ਕਾਰਵਾਈ ਵਿੱਚ ਵਿਘਨ ਨਾ ਪਾਉਣ ਲਈ ਕਿਹਾ ਕਿਉਂਕਿ ਇਸ ਨਾਲ ਲੋਕਾਂ ਦੇ ਸੰਸੇ ਤੇ ਮੁੱਦੇ ਉਠਾਉਣ ਦਾ ਮੌਕਾ ਖੁੰਝ ਜਾਂਦਾ ਹੈ।
ਮੁਖਰਜੀ ਨੇ ਕਿਹਾ, ‘ਮੇਰੀ ਦ੍ਰਿੜ੍ਹ ਸੋਚ ਹੈ ਕਿ ਆਰਡੀਨੈਂਸ ਵਾਲਾ ਰਾਹ ਕੇਵਲ ਬੇਵਸੀ ਵਾਲੇ ਹਾਲਾਤ ਵਿੱਚ ਹੀ ਵਰਤਿਆ ਜਾਣਾ ਚਾਹੀਦਾ ਹੈ। ਉਨ੍ਹਾਂ ਮਾਮਲਿਆਂ ਵਿਚ ਵੀ ਆਰਡੀਨੈਂਸ ਵਾਲਾ ਰਾਹ ਨਹੀਂ ਵਰਤਣਾ ਚਾਹੀਦਾ, ਜਿਨ੍ਹਾਂ ਨੂੰ ਸੰਸਦ ਵਿੱਚ ਪੇਸ਼ ਕੀਤਾ ਗਿਆ ਹੋਵੇ ਜਾਂ ਵਿਚਾਰ ਕੀਤਾ ਜਾ ਰਿਹਾ ਹੋਵੇ ਜਾਂ ਹਾਊਸ ਕਮੇਟੀ ਅੱਗੇ ਪੈਂਡਿੰਗ ਪਏ ਹੋਣ। ਜੇਕਰ ਕੋਈ ਜ਼ਿਆਦਾ ਜ਼ਰੂਰੀ ਮਾਮਲਾ ਹੋਵੇ ਤਾਂ ਸਬੰਧਤ ਕਮੇਟੀ ਨੂੰ ਸਥਿਤੀ ਬਾਰੇ ਜਾਣੂ ਕਰਾਉਣਾ ਚਾਹੀਦਾ ਹੈ।’ ਦੱਸਣਯੋਗ ਹੈ ਕਿ ਪਿਛਲੇ ਤਿੰਨ ਸਾਲਾਂ ਵਿੱਚ ਦੁਸ਼ਮਣ ਦੀ ਜਾਇਦਾਦ ਬਾਰੇ ਕਾਨੂੰਨ, 1968 ਵਿੱਚ ਸੋਧ ਕਰਨ ਵਿੱਚ ਵਾਰ ਵਾਰ ਨਾਕਾਮ ਰਹਿਣ ਬਾਅਦ ਮੋਦੀ ਸਰਕਾਰ ਨੇ ਪੰਜ ਆਰਡੀਨੈਂਸ ਜਾਰੀ ਕੀਤੇ ਸਨ। ਸੰਸਦ ਵੱਲੋਂ ਮਾਰਚ ਵਿੱਚ ਇਸ ਬਿੱਲ ਨੂੰ ਪਾਸ ਕੀਤਾ ਗਿਆ ਸੀ। ਚੌਥੇ ਤੇ ਪੰਜਵੇਂ ਆਰਡੀਨੈਂਸ ‘ਤੇ ਸਹੀ ਪਵਾਉਣ ਲਈ ਰਾਸ਼ਟਰਪਤੀ ਨੂੰ ਮਨਾਉਣ ਵਾਸਤੇ ਸੀਨੀਅਰ ਕੇਂਦਰੀ ਮੰਤਰੀ ਤਾਇਨਾਤ ਕੀਤੇ ਗਏ ਸਨ ਕਿਉਂਕਿ ਮੁਖਰਜੀ ਆਰਡੀਨੈਂਸ ਖ਼ਿਲਾਫ਼ ਸਨ। ਇਸ ਲਈ ਰਾਸ਼ਟਰਪਤੀ ਦੀਆਂ ਇਹ ਟਿੱਪਣੀਆਂ ਅਹਿਮ ਹਨ। ਇਸ ਸਮਾਰੋਹ ਵਿੱਚ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਡਾ. ਮਨਮੋਹਨ ਸਿੰਘ ਤੇ ਐਚ ਡੀ ਦੇਵਗੌੜਾ, ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ, ਸੋਨੀਆ ਗਾਂਧੀ, ਰਾਹੁਲ ਗਾਂਧੀ ਤੋਂ ਇਲਾਵਾ ਹੋਰ ਆਗੂ ਮੌਜੂਦ ਸਨ।
ਪ੍ਰਣਬ ਮੁਖਰਜੀ ਨੇ ਅਸਹਿਣਸ਼ੀਲਤਾ ਤੋਂ ਬਚਣ ਦੀ ਦਿੱਤੀ ਸਲਾਹ
ਨਵੀਂ ਦਿੱਲੀ : ਸਮਾਜ ਵਿਚ ਵਧਦੇ ਵੈਰ ਵਿਰੋਧ ਨੂੰ ਲੈ ਕੇ ਖਬਰਦਾਰ ਕਰਦੇ ਰਹੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇਸ਼ ਦੇ ਨਾਂ ਆਪਣੇ ਆਖਰੀ ਸੰਦੇਸ਼ ਵਿਚ ਵੀ ਯਾਦ ਦਿਵਾਉਣਾ ਨਹੀਂ ਭੁੱਲੇ ਕਿ ਭਾਰਤ ਦੀ ਆਤਮਾ ਸਹਿਣਸ਼ੀਲਤਾ ਹੈ। ਉਹਨਾਂ ਨੇ ਲੋਕਾਂ ਤੋਂ ਅਹਿੰਸਾ ਦੀ ਸ਼ਕਤੀ ਨੂੰ ਮਜ਼ਬੂਤ ਕਰਕੇ ਮਜ਼ਬੂਤ ਸਮਾਜ ਦਾ ਨਿਰਮਾਣ ਕਰਨ ਦੀ ਅਪੀਲ ਕੀਤੀ ਹੈ। ਸੋਮਵਾਰ ਦੀ ਸ਼ਾਮ ਪ੍ਰਣਬ ਮੁਖਰਜੀ ਨੇ ਕਿਹਾ ਕਿ ਹੁਣ ਉਹ ਇਕ ਆਮ ਨਾਗਰਿਕ ਹੋਣਗੇ। ਪਰ ਏਨਾ ਸੰਤੋਖ ਹੈ ਕਿ ਪੰਜ ਸਾਲ ਦੇ ਕਾਰਜਕਾਲ ‘ਚ ਉਨ੍ਹਾਂ ਨੇ ਸੰਵਿਧਾਨ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸੇ ਲੜੀ ਵਿਚ ਉਨ੍ਹਾਂ ਨੇ ਸਮਾਜ ਦੇ ਬਿਖਰਾਓ ‘ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਹਰ ਦਿਨ ਅਸੀਂ ਹਿੰਸਾ ਦਾ ਵਧਦਾ ਰੂਪ ਵੇਖ ਰਹੇ ਹਾਂ। ਇਸ ਦੇ ਕੇਂਦਰ ਵਿਚ ਭੈਅ ਤੇ ਆਪਸੀ ਬੇਵਿਸ਼ਵਾਸੀ ਹੈ। ਉਹਨਾਂ ਕਿਹਾ ਕਿ ਵੰਨ ਸੁਵੰਨੀਆਂ ਸੰਸਕ੍ਰਿਤੀਆਂ, ਧਰਮ, ਵਿਸ਼ਵਾਸ ਤੇ ਭਾਸ਼ਾ ਨੇ ਭਾਰਤ ਨੂੰ ਖਾਸ ਬਣਾਇਆ ਹੈ। ਸਹਿਣਸ਼ੀਲਤਾ ਸਾਨੂੰ ਤਾਕਤ ਦਿੰਦੀ ਹੈ।
Check Also
ਗੁਜਰਾਤ ਨੂੰ ਮਿਲ ਸਕਦੀ ਹੈ ਉਲੰਪਿਕ ਖੇਡਾਂ 2036 ਦੀ ਮੇਜਬਾਨੀ
ਨਰਿੰਦਰ ਮੋਦੀ ਸਟੇਡੀਅਮ ਦੇ ਆਸ-ਪਾਸ ਬਣਨਗੇ 6 ਸਪੋਰਟਸ ਕੰਪਲੈਕਸ ਅਹਿਮਦਾਬਾਦ/ਬਿਊਰੋ ਨਿਊਜ਼ : ਭਾਰਤ ਨੇ ਉਲੰਪਿਕ …