2019 ਲੋਕ ਸਭਾ ਦਾ ਸੈਮੀਫਾਈਨਲ ਕਾਂਗਰਸ ਜਿੱਤੀ-ਭਾਜਪਾ ਹਾਰੀ
ਨਵੀਂ ਦਿੱਲੀ : 2019 ਵਿਚ ਆ ਰਹੀਆਂ ਲੋਕ ਸਭਾ ਚੋਣਾਂ ਦਾ ਸੈਮੀਫਾਈਨਲ ਮੰਨਿਆ ਜਾ ਰਹੀਆਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਹਿੱਸੇ ਵਿਚ ਫੁੱਲ ਅਤੇ ਭਾਜਪਾ ਦੇ ਹਿੱਸੇ ‘ਚ ਕੰਡੇ ਆਏ ਹਨ। ਇਹ ਸੈਮੀਫਾਈਨਲ ਕਾਂਗਰਸ ਨੇ ਜਿੱਤ ਲਿਆ ਅਤੇ ਭਾਜਪਾ ਹਾਰ ਗਈ ਹੈ। ਕਈ ਥਾਈਂ ਭਾਰਤੀ ਜਨਤਾ ਪਾਰਟੀ ਆਪਣੇ ਖਾਤੇ ਤੱਕ ਖੋਲ੍ਹਣ ਵਿਚ ਨਾਕਾਮ ਰਹੀ। ਵੈਸੇ ਤਾਂ ਮਿਜ਼ੋਰਮ ਦੀ ਕਰਾਰੀ ਹਾਰ ਦੇ ਨਾਲ ਕਾਂਗਰਸ ਦਾ ਉਤਰ ਪੂਰਬ ਵਿਚ ਪੂਰੀ ਤਰ੍ਹਾਂ ਸਫਾਇਆ ਹੋ ਗਿਆ, ਪਰ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਜਿੱਤ ਕੇ ਪਾਰਟੀ ਨੇ ਹਿੰਦੀ ਬੈਲਟ ਵਿਚ ਜ਼ਬਰਦਸਤ ਵਾਪਸੀ ਕੀਤੀ ਹੈ। ਤੇਲੰਗਾਨਾ ਰਾਸ਼ਟਰ ਸੰਮਤੀ ਨੇ ਆਪਣੀ ਸੱਤਾ ਬਰਕਰਾਰ ਰੱਖੀ ਹੈ। ਤਿੰਨ ਪ੍ਰਮੁੱਖ ਸੂਬਿਆਂ ਵਿਚ ਭਾਜਪਾ ਨਾਲ ਸਿੱਧੀ ਲੜਾਈ ਵਿਚ ਕਾਂਗਰਸ ਦੀ ਇਸ ਜਿੱਤ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਕਾਂਗਰਸ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਕਾਬਲੇ ਰਾਹੁਲ ਗਾਂਧੀ ਨੂੰ ਸਾਹਮਣੇ ਖੜ੍ਹਾ ਕਰ ਸਕਦੀ ਹੈ। ਚੋਣ ਨਤੀਜਿਆਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿਚ ਨਵੀਂ ਸੰਜੀਵਨੀ ਜ਼ਰੂਰ ਪਾਈ ਹੈ, ਪਰ ਭਾਜਪਾ ਨੂੰ ਪੂਰੀ ਤਰ੍ਹਾਂ ਖਾਰਜ ਨਹੀਂ ਕੀਤਾ।
ਮੋਦੀ ਉਦਾਸ- ਫਿਰ ਵੀ ਕਾਂਗਰਸ ਨੂੰ ਦਿੱਤੀ ਵਧਾਈ
ਪੰਜ ਸੂਬਿਆਂ ਵਿਚ ਭਾਜਪਾ ਦੇ ਪਛੜਨ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਉਦਾਸ ਹਨ। ਉਨ੍ਹਾਂ ਫਿਰ ਵੀ ਕਾਂਗਰਸ, ਟੀਆਰਐਸ ਅਤੇ ਐਮਐਨਐਫ ਨੂੰ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਜਿੱਤ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਵੱਲੋਂ ਦਿੱਤੇ ਫ਼ਤਵੇ ਨੂੰ ਨਿਮਰਤਾ ਨਾਲ ਪ੍ਰਵਾਨ ਕਰਦੀ ਹੈ। ਇਸ ਦੌਰਾਨ ਮੋਦੀ ਨੇ ਭਾਜਪਾ ਵਰਕਰਾਂ ਦੀ ਮਿਹਨਤ ਨੂੰ ਵੀ ਸਲਾਮ ਕੀਤਾ। ਉਨ੍ਹਾਂ ਕਿਹਾ ਕਿ ਬਿਨਾ ਥੱਕੇ ਲੋਕਾਂ ਦੀ ਭਲਾਈ ਲਈ ਕੰਮ ਕੀਤਾ। ਮੋਦੀ ਨੇ ਕਿਹਾ ਕਿ ਇਨ੍ਹਾਂ ਪਾਰਟੀ ਵਰਕਰਾਂ ਸਦਕਾ ਹੀ ਭਾਜਪਾ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਫਸਵੀਂ ਟੱਕਰ ਦੇਣ ਵਿੱਚ ਸਫਲ ਰਹੀ ਹੈ।
ਲੋਕ ਸਭਾ ਚੋਣਾਂ ਵੀ ਹਾਰੇਗੀ ਭਾਜਪਾ : ਰਾਹੁਲ
ਨਵੀਂ ਦਿੱਲੀ : ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਜ਼ੋਰਦਾਰ ਹਮਲਾ ਬੋਲਿਆ ਅਤੇ ਕਿਹਾ ਕਿ ਇਸ ਲੋਕ ਫਤਵੇ ਤੋਂ ਇਹ ਸੰਕੇਤ ਮਿਲਦੇ ਹਨ ਕਿ ਮੋਦੀ ਦੇ ਕੰਮ ਤੋਂ ਲੋਕ ਖੁਸ਼ ਨਹੀਂ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਹੁਣ 2019 ਵਿਚ ਆ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਭਾਜਪਾ ਹਾਰ ਜਾਵੇਗੀ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੰਨਿਆ ਕਿ ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਖਾਇਆ ਹੈ ਕਿ ਕੀ ਨਹੀਂ ਕਰਨਾ। ਰਾਹੁਲ ਨੇ ਮੰਨਿਆ ਕਿ ਉਸ ਨੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਵੀ ਬਹੁਤ ਕੁੱਝ ਸਿੱਖਿਆ ਹੈ। ਉਨ੍ਹਾਂ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੀ ਮਾਤਾ ਸੋਨੀਆ ਗਾਂਧੀ ਨੂੰ ਦੱਸ ਰਹੇ ਸਨ ਕਿ 2014 ਦੀ ਹਾਰ ਤੋਂ ਉਨ੍ਹਾਂ ਨੇ ਨਮੋਸ਼ੀ ਨੂੰ ਸਹਿਣ ਕਰਨਾ ਸਿੱਖਿਆ ਹੈ।
ਉਨ੍ਹਾਂ ਕਿਹਾ ਕਿ ਇਹ ਦੇਸ਼ ਮਹਾਨ ਹੈ ਅਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਦੇਸ਼ ਦੇ ਲੋਕ ਕੀ ਮਹਿਸੂਸ ਕਰਦੇ ਹਨ। ਇਕ ਰਾਜਸੀ ਆਗੂ ਹੁੰਦਿਆਂ ਉਨ੍ਹਾਂ ਨੂੰ ਇਹ ਸੁਣਨਾ ਚਾਹੀਦਾ ਹੈ ਕਿ ਦੇਸ਼ ਦੇ ਲੋਕ ਕੀ ਕਹਿੰਦੇ ਹਨ ਤੇ ਇਹ ਸਮਝਣਾ ਚਾਹੀਦਾ ਹੈ ਕਿ ਉਹ ਕਿਵੇਂ ਸੋਚਦੇ ਹਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੰਜ ਸੂਬਿਆਂ ਦੇ ਵਿਧਾਨ ਸਭਾ ਚੋਣ ਨਤੀਜਿਆਂ ਉੱਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਚੋਣਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਸਲਿਆਂ ਤੋਂ ਖੁਸ਼ ਨਹੀਂ ਹਨ, ਇਹ ਨਤੀਜੇ ਉਨ੍ਹਾਂ ਲਈ ਸਪਸ਼ਟ ਸੁਨੇਹਾ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਨੂੰ ਅੱਗੇ ਵਧਣ ਵਿਚ ਕੋਈ ਸਪਸ਼ਟ ਸੇਧ ਦੇਣ ਵਿਚ ਅਸਫਲ ਰਹੀ ਹੈ। ਉਨ੍ਹਾਂ ਮੁੜ ਕਿਹਾ ਕਿ ਕਾਂਗਰਸ 2019 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਜਿੱਤ ਹਾਸਲ ਕਰੇਗੀ।
‘ਭਾਜਪਾ ਨੂੰ ਦਿੱਲੀ ਦੀ ਗੱਦੀ ਤੋਂ ਹਟਾ ਕੇ ਹੀ ਦਮ ਲਵਾਂਗੇ’
ਮੁਹਾਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਇਕ ਸਮਾਗਮ ਵਿਚ ਸ਼ਾਮਲ ਹੋਣ ਲਈ ਮੁਹਾਲੀ ਪਹੁੰਚੇ। ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇ ਸਕੀ, ਜਿਸ ਕਾਰਨ ਨੌਜਵਾਨ ਅਤੇ ਆਮ ਲੋਕਾਂ ਵਿਚ ਗੁੱਸਾ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਸਾਡੇ ਨਾਲ ਹੈ ਅਤੇ 2019 ਵਿਚ ਭਾਜਪਾ ਨੂੰ ਦਿੱਲੀ ਦੀ ਗੱਦੀ ਤੋਂ ਹਟਾ ਕੇ ਹੀ ਦਮ ਲਵਾਂਗੇ। ਰਾਹੁਲ ਨੇ ਇਹ ਵੀ ਕਿਹਾ ਭਾਜਪਾ ਵਲੋਂ ਭਾਰਤੀ ਫੌਜ, ਅਦਾਲਤਾਂ ਅਤੇ ਚੋਣ ਕਮਿਸ਼ਨ ਨੂੰ ਵੀ ਦਬਾਇਆ ਜਾ ਰਿਹਾ ਹੈ। ਇਸ ਮੌਕੇ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਭਾਜਪਾ ਦੇ ਰਾਜ ਵਿਚ ਦੇਸ਼ ਦੀ ਅਜ਼ਾਦੀ ਨੂੰ ਫਿਰ ਤੋਂ ਖਤਰਾ ਪੈਦਾ ਹੋ ਸਕਦਾ ਹੈ।
Home / ਭਾਰਤ / ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ‘ਚ ਕਾਂਗਰਸ ਦੀ ਦਮਦਾਰ ਵਾਪਸੀ, ਤੇਲੰਗਾਨਾ ਵਿਚ ਟੀ.ਆਰ.ਐਸ.ਅਤੇ ਮਿਜ਼ੋਰਮ ‘ਚ ਐਮ.ਐਨ.ਐਫ.ਦੀ ਚੜ੍ਹਤ
Check Also
ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਪਈਆਂ ਵੋਟਾਂ
ਹਿਸਾਰ ’ਚ ਕਾਂਗਰਸੀ ਅਤੇ ਭਾਜਪਾ ਵਰਕਰ ਆਪਸ ਵਿਚ ਭਿੜੇ ਚੰਡੀਗੜ੍ਹ/ਬਿਊਰੋ ਨਿਊਜ਼ : 90 ਸੀਟਾਂ ਵਾਲੀ …