ਪੀੜਤਾ ਦੇ ਪਰਿਵਾਰ ਨੂੰ ਮਿਲਣ ਜਾਂਦੇ ਰਾਹੁਲ ਗਾਂਧੀ ਗ੍ਰਿਫਤਾਰ
ਲਖਨਊ/ਬਿਊਰੋ ਨਿਊਜ਼
ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿਚ ਜਬਰ ਜਨਾਹ ਪੀੜਤਾ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਨੂੰ ਗ੍ਰੇਟਰ ਨੋਇਡਾ ਵਿਚ ਪੁਲਿਸ ਨੇ ਰੋਕ ਦਿੱਤਾ। ਇਸ ਤੋਂ ਬਾਅਦ ਰਾਹੁਲ ਅਤੇ ਪ੍ਰਿਅੰਕਾ ਦੋਵੇਂ ਪੈਦਲ ਹੀ ਅੱਗੇ ਚੱਲ ਪਏ। ਕੁਝ ਦੇਰ ਬਾਅਦ ਪੁਲਿਸ ਨੇ ਫਿਰ ਰੋਕਿਆ ਅਤੇ ਰਾਹੁਲ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਪਹਿਲਾਂ ਹੋਈ ਧੱਕਾਮੁੱਕੀ ਵਿਚ ਰਾਹੁਲ ਗਾਂਧੀ ਜ਼ਮੀਨ ‘ਤੇ ਡਿੱਗ ਵੀ ਪਏ ਅਤੇ ਪੁਲਿਸ ਮੁਲਾਜ਼ਮ ਨੇ ਰਾਹੁਲ ਦੀ ਕਾਲਰ ਵੀ ਫੜ ਲਈ। ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਦੇ ਹੱਥ ‘ਤੇ ਸੱਟ ਵੀ ਲੱਗੀ ਹੈ। ਇਸਦੇ ਚੱਲਦਿਆਂ ਰਾਹੁਲ ਨੇ ਕਿਹਾ ਕਿ ਪੁਲਿਸ ਨੇ ਮੈਨੂੰ ਧੱਕਾ ਦਿੱਤਾ ਤੇ ਲਾਠੀਚਾਰਜ ਵੀ ਕੀਤਾ ਅਤੇ ਮੈਨੂੰ ਜ਼ਮੀਨ ‘ਤੇ ਸੁੱਟ ਦਿੱਤਾ। ਰਾਹੁਲ ਨੇ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਇਸ ਦੇਸ਼ ਵਿਚ ਸਿਰਫ ਮੋਦੀ ਜੀ ਹੀ ਚੱਲ ਸਕਦੇ ਹਨ। ਇਸੇ ਦੌਰਾਨ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਯੂਪੀ ਸਰਕਾਰ ਪੀੜਤ ਪਰਿਵਾਰ ਨੂੰ ਡਰਾ ਧਮਕਾ ਕੇ ਚੁੱਪ ਕਰਾਉਣਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹਾਥਰਸ ਜ਼ਿਲ੍ਹੇ ਵਿਚ ਇਕ ਦਲਿਤ ਲੜਕੀ ਨਾਲ ਸਮੂਹਿਕ ਜਬਰ ਜਨਾਹ ਹੋਇਆ ਸੀ ਅਤੇ ਬਾਅਦ ਵਿਚ ਪੀੜਤਾ ਦੀ ਰੀੜ੍ਹ ਦੀ ਹੱਡੀ ਵੀ ਤੋੜ ਦਿੱਤੀ ਗਈ ਸੀ ਤੇ ਉਸਦੀ ਜੀਭ ਵੀ ਕੱਟ ਦਿੱਤੀ ਗਈ। ਪੀੜਤ ਲੜਕੀ ਦੀ ਬਾਅਦ ਵਿਚ ਮੌਤ ਹੋ ਗਈ ਸੀ। ਇਸ ਨੂੰ ਲੈ ਕੇ ਪੂਰੇ ਦੇਸ਼ ਵਿਚ ਰੋਸ ਦੀ ਲਹਿਰ ਫੈਲੀ ਹੋਈ ਹੈ।
Check Also
ਲੋਕ ਸਭਾ ’ਚ ਗੌਤਮ ਅਡਾਨੀ ਦੇ ਮੁੱਦੇ ’ਤੇ ਹੋਇਆ ਭਾਰੀ ਹੰਗਾਮਾ
ਰਾਹੁਲ ਗਾਂਧੀ ਬੋਲੇ : ਅਡਾਨੀ ਨੂੰ ਹੋਣਾ ਚਾਹੀਦਾ ਹੈ ਜੇਲ੍ਹ ’ਚ, ਪਰ ਸਰਕਾਰ ਉਸਦਾ ਕਰ …