Breaking News
Home / ਪੰਜਾਬ / ਪੰਜਾਬੀ ਲੇਖਕ ਸਭਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ‘ਤੇ ਕਰਵਾਇਆ ਸਮਾਗਮ

ਪੰਜਾਬੀ ਲੇਖਕ ਸਭਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ‘ਤੇ ਕਰਵਾਇਆ ਸਮਾਗਮ

ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਦਿੱਤੀ ਗਈ ਭਾਵ ਭਿੰਨੀ ਸ਼ਰਧਾਂਜਲੀ
ਚੰਡੀਗੜ੍ਹ : ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਜਨਮ ਸ਼ਤਾਬਦੀ ਦੇ ਸਮਾਗਮਾਂ ਦੀ ਲੜੀ ਵਿੱਚ ਇੱਕ ਸਾਹਿਤਕ ਸਮਾਰੋਹ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਰਚਾਇਆ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਸ਼੍ਰੋਮਣੀ ਸਾਹਿਤਕਾਰ ਸਿਰੀਰਾਮ ਅਰਸ਼ ਵਲੋਂ ਕੀਤੀ ਗਈ। ਸਭਾ ਦੇ ਪ੍ਰਧਾਨ ਵਜੋਂ ਪ੍ਰਸਿੱਧ ਰੰਗਕਰਮੀ, ਫ਼ਿਲਮੀ ਕਲਾਕਾਰ ਤੇ ਨਾਟਕਕਾਰ ਬਲਕਾਰ ਸਿੱਧੂ ਨੇ ਆਏ ਹੋਏ ਲੇਖਕਾਂ, ਵਿਦਵਾਨਾਂ ਅਤੇ ਸ਼ਾਇਰਾਂ ਨੂੰ ਜੀ ਆਇਆਂ ਆਖਿਆ। ਉਪਰੰਤ ਹਾਲ ਹੀ ਵਿੱਚ ਵਿਛੜੇ ਪ੍ਰਸਿੱਧ ਰੰਗਕਰਮੀ ਸਵਰਗਵਾਸੀ ਬੰਸੀ ਕੌਲ, ਡਾ. ਦਰਸ਼ਨ ਬੜੀ ਅਤੇ ਨਾਮਵਰ ਅਦੀਬ ਤੇ ਫ਼ਿਲਮ ਨਿਰਦੇਸ਼ਕ ਡਾ. ਦਰਸ਼ਨ ਦਰਵੇਸ਼ ਅਤੇ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ ਸ਼ਹੀਦ ਕਿਸਾਨਾਂ ਨੂੰ ਹਾਜ਼ਰੀਨ ਵੱਲੋਂ ਦੋ ਮਿੰਟ ਲਈ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸਮਾਗਮ ਦਾ ਆਗਾਜ਼ ਡਾ. ਸੁਰਜੀਤ ਸਿੰਘ ਧੀਰ ਵੱਲੋਂ ਆਪਣੀ ਸੁਰਮਈ ਆਵਾਜ਼ ਵਿੱਚ ਪਹਿਲਾਂ ਭਾਈ ਗੁਰਦਾਸ ਜੀ ਦੀ ਬਾਬੇ ਨਾਨਕ ਦੀ ਉਸਤੱਤ ਵਿੱਚ ਰਚੀ ਰਚਨਾ ‘ਧੰਨ ਨਾਨਕ ਤੇਰੀ ਵੱਡੀ ਕਮਾਈ’ ਅਤੇ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰਾਗ ਤਿਲੰਗ ਵਾਲ਼ਾ ਸ਼ਬਦ ‘ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ’ ਨਾਲ਼ ਕੀਤਾ ਗਿਆ, ਜਿਸ ਨੂੰ ਦਰਸ਼ਕਾਂ ਨੇ ਬੜੀ ਸ਼ਰਧਾ ਨਾਲ਼ ਸਰਵਣ ਕੀਤਾ। ਸ੍ਰੀ ਗੂਰੂ ਨਾਨਕ ਅਤੇ ਮਾਨਵਵਾਦ ਵਿਸ਼ੇ ਬਾਰੇ ਉੱਘੇ ਵਿਦਵਾਨ, ਖੋਜੀ ਅਤੇ ਸ਼ਾਇਰ ਡਾ. ਇਕਬਾਲ ਸਿੰਘ ਢਿੱਲੋਂ ਨੇ ਮੁੱਖ ਬੁਲਾਰੇ ਵਜੋਂ ਬੋਲਦਿਆਂ ਮਾਨਵਵਾਦ ਦੀ ਪਰਿਭਾਸ਼ਾ ਦੱਸਦਿਆਂ ਬਾਬੇ ਨਾਨਕ ਦੀ ਬਾਣੀ ਨੂੰ ਉਸ ਪਰਿਭਾਸ਼ਾ ਉੱਤੇ ਪੂਰੀ ਉਤਰਦੀ ਦੱਸਿਆ। ਉਨ੍ਹਾਂ ਨੇ ਕੌਮਾਂਤਰੀ ਪੱਧਰ ਉੱਤੇ ਮਾਨਤਾ-ਪ੍ਰਾਪਤ ਮਾਨਵਵਾਦ ਦੇ ਪ੍ਰਮੁੱਖ 4 ਨੁਕਤਿਆਂ ਦੇ ਨਾਲ਼-ਨਾਲ਼ ਆਪਣੀ ਖੋਜ ਦੌਰਾਨ ਲੱਭੇ ਹੋਰ 7 ਨੁਕਤਿਆਂ ਬਾਰੇ ਵੀ ਰੌਸ਼ਨੀ ਪਾਈ। ਇਨ੍ਹਾਂ ਵਿੱਚ ਮਨੁੱਖੀ ਭਲਾਈ, ਮਨੁੱਖੀ ਹੱਕ, ਮਨੁੱਖੀ ਸਵੈ-ਮਾਣ, ਮਨੁੱਖੀ ਕਦਰਾਂ-ਕੀਮਤਾਂ, ਮਨੁੱਖੀ ਬਰਾਬਰੀ, ਮਨੁੱਖੀ ਸ਼ਾਂਤਚਿੰਤਤਾ, ਮਨੁੱਖੀ ਸਾਂਝੀਵਾਲਤਾ, ਮਨੁੱਖੀ ਵਿਕਾਸ, ਮਨੁੱਖੀ ਆਤਮ ਚੀਨਣ, ਮਨੁੱਖੀ ਬੋਧ, ਮਨੁੱਖੀ ਚੌਗਿਰਦਾ ਅਤੇ ਮਨੁੱਖੀ ਸੰਘਰਸ਼ ਨੂੰ ਵਿਸਥਾਰ ਸਹਿਤ ਬਾਬੇ ਨਾਨਕ ਦੀ ਬਾਣੀ ਦਾ ਹਵਾਲਾ ਦਿੰਦਿਆਂ ਡਾ. ਢਿੱਲੋਂ ਨੇ ਵਿਗਿਆਨ ਅਤੇ ਤਰਕ ਦੀ ਕਸੌਟੀ ‘ਤੇ ਪੂਰਾ ਉਤਰਦਿਆਂ ਆਪਣੇ ਵਿਚਾਰ ਪ੍ਰਗਟ ਕੀਤੇ। ਉਪਰੰਤ ਡਾ. ਅਵਤਾਰ ਸਿੰਘ ਪਤੰਗ ਨੇ ਧਰਮ ਦੀ ਵੱਖਰੇ ਜ਼ਾਵੀਏ ਤੋਂ ਵਿਆਖਿਆ ਕਰਦੇ ਹੋਏ ਡਾ. ਢਿੱਲੋਂ ਦੇ ਇਸ ਕਥਨ ਨਾਲ਼ ਸਹਿਮਤ ਹੁੰਦੇ ਹੋਏ ਕਿ ਬਾਬਾ ਨਾਨਕ ਜੀ ਨੇ ਕੋਈ ਨਵਾਂ ਮਜ਼ਹਬ ਨਹੀਂ ਸੀ ਚਲਾਇਆ, ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗੁਰੂ ਨਾਨਕ ਨੇ ਆਪਣੀ ਬਾਣੀ ਅਤੇ ਅਮਲਾਂ ਰਾਹੀਂ ਲੋਕਾਈ ਨੂੰ ਸਮੁੱਚੀ ਮਨੁੱਖਤਾ ਦੀ ਭਲਾਈ ਵਾਲੇ ਨਿਰਮਲ ਪੰਥ ਦਾ ਗਾਡੀ ਰਾਹ ਦਰਸਾਇਆ ਸੀ। ਫਿਰ ਕੌਮੀ ਪੱਧਰ ਦੀ ਪ੍ਰਸਿੱਧੀ ਵਾਲ਼ੇ ਅਪਰਾਧਾਂ ਸਬੰਧੀ ਪੱਤਰਕਾਰ ਬਲਜੀਤ ਪਰਮਾਰ ਨੇ ਆਪਣੀ ਟਿੱਪਣੀ ਵਿੱਚ ਕਿਹਾ ਕਿ ਜੇਕਰ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਨਾਲ਼ ਜੁੜੇ ਰਹਿਣ ਦਾ ਮੌਕਾ ਮਿਲਦਾ ਤਾਂ ਉਹ ਬਾਬੇ ਨਾਨਕ ਦੀ ਬਾਣੀ ਨੂੰ ਹੋਰ ਵੀ ਬਾਰੀਕੀ ਅਤੇ ਚੰਗੇਰੇ ਢੰਗ ਨਾਲ਼ ਸਮਝਣ ਦੇ ਸਮਰੱਥ ਹੋ ਜਾਂਦੇ। ਹਰਮੀਤ ਸਿੰਘ ਨੇ ਆਪਣੀ ਗੱਲ ਰੱਖਦਿਆਂ ਕਿਹਾ ਕਿ ਇੱਕ ਚੰਗਾ ਮਨੁੱਖ ਬਣਨ ਲਈ ਬਾਬੇ ਨਾਨਕ ਦੀ ਬਾਣੀ ‘ਤੇ ਅਮਲ ਕਰਨਾ ਲੋੜੀਂਦਾ ਹੈ। ਮੰਚ ਦਾ ਸੰਚਾਲਨ ਬਾਖ਼ੂਬੀ ਚਲਾਉਂਦਿਆਂ ਪ੍ਰਸਿੱਧ ਸ਼ਾਇਰ ਪਾਲ ਅਜਨਬੀ ਨੇ ਸਮਾਗਮ ਨੂੰ ਅੱਗੇ ਤੋਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਬਾਣੀ ਬਾਰੇ ਖਿੱਤੇ ਦੇ ਹਾਜ਼ਰ ਸ਼ਾਇਰਾਂ ਨੂੰ ਇੱਕ-ਇੱਕ ਕਰਕੇ ਦਰਸ਼ਕਾਂ ਦੇ ਰੂ-ਬ-ਰੂ ਕੀਤਾ। ਕਵੀ ਦਰਬਾਰ ਵਿੱਚ ਸੇਵੀ ਰਾਇਤ,ਬਲਵਿੰਦਰ ਸਿੰਘ ਢਿੱਲੋਂ, ਮਲਕੀਤ ਸਿੰਘ ਨਾਗਰਾ, ਰਘਵੀਰ ਸਿੰਘ ਵੜੈਚ, ਲਾਭ ਸਿੰਘ ਲਹਿਲੀ, ਹਰਮੀਤ ਸਿੰਘ, ਪਾਲ ਅਜਨਬੀ, ਬਲਕਾਰ ਸਿੰਘ ਸਿੱਧੂ, ਰਾਣਾ ਬੂਲਪੁਰੀ, ਮਲਕੀਤ ਮਲੰਗਾ, ਮਲਕੀਅਤ ਬਸਰਾ, ਗੁਰਦੀਪ ਗੁਲ ਅਤੇ ਬੇਬੀ ਪਰਨੀਤ ਕੌਰ ਆਦਿ ਕਵੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਆਪੋ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸਿਰੀਰਾਮ ਅਰਸ਼ ਨੇ ਲੇਖਕਾਂ, ਕਲਾਕਾਰਾਂ ਅਤੇ ਪੰਜਾਬੀ ਪ੍ਰੇਮੀਆਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦੇਣ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਲੇਖਕਾਂ, ਵਿਦਿਆਰਥੀਆਂ ਅਤੇ ਕਲਾਕਾਰਾਂ ਨੂੰ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਆਯੋਜਿਤ 20 ਫ਼ਰਵਰੀ ਨੂੰ ਸਵੇਰੇ 11.00 ਵਜੇ ਤੋਂ ਬਾਬਾ ਮੱਖਣ ਸ਼ਾਹ ਲੁਬਾਣਾ ਭਵਨ, ਸੈਕਟਰ 30, ਚੰਡੀਗੜ੍ਹ ਤੋਂ ਸ਼ੁਰੂ ਹੋ ਕੇ ਬਾਅਦ ਦੁਪਹਿਰ 2.00 ਵਜੇ ਸੈਕਟਰ 22 ਦੇ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਣ ਵਾਲੇ ਰੋਸ ਮਾਰਚ ਵਿੱਚ ਹੁੰਮ ਹੁਮਾ ਕੇ ਹਿੱਸਾ ਲੈਣ ਲਈ ਕਿਹਾ ਗਿਆ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਦਰਸ਼ਨ ਤਿਉਣਾ, ਗੁਰਦਰਸ਼ਨ ਸਿੰਘ ਮਾਵੀ,ਹਰਭਜਨ ਕੌਰ ਢਿੱਲੋਂ, ਜਗਦੀਪ ਕੌਰ ਨੂਰਾਨੀ, ਪਰਮਜੀਤ ਪਰਮ, ਅਮਰਜੀਤ ਕੌਰ, ਭੁਪਿੰਦਰ ਮਲਿਕ, ਪ੍ਰਵੀਨ ਸੰਧੂ, ਅਵਤਾਰ ਸਿੰਘ ਪਾਲ, ਬਲਜੀਤ ਜ਼ਖ਼ਮੀ,ਮਿਤਵਾ ਗੁਰਮੀਤ ਸਿੰਘ, ਰਾਜਿੰਦਰ ਕੁਮਾਰ, ਦਵਿੰਦਰ ਕੌਰ ਬਾਠ, ਬਲਜੀਤ ਪਪਨੇਜਾ, ਸੁਖਵਿੰਦਰ ਸਿੰਘ ਸਿੱਧੂ, ਭੋਲਾ ਕਲਿਹਰੀ, ਇੰਦਰਜੀਤ ਸਿੰਘ ਭਾਟੀਆ, ਰਾਜਦੀਪ ਕੌਰ, ਸਪਨਾ ਅਟਵਾਲ, ਗੁਰਿੰਦਰ ਸਿੰਘ, ਸੁਖਵਿੰਦਰ ਰਫ਼ੀਕ, ਬਿਕਰਮਜੀਤ ਸਿੰਘ, ਮਨਜੀਤ ਕੌਰ ਮੀਤ ਆਦਿ ਕਵੀਆਂ, ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ।

Check Also

ਸਾਬਕਾ ਕਾਂਗਰਸੀ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਸ਼ੋ੍ਰਮਣੀ ਅਕਾਲੀ ਦਲ ’ਚ ਹੋ ਸਕਦੇ ਹਨ ਸ਼ਾਮਲ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਈ ਕੇਪੀ ਦੀ ਮੀਟਿੰਗ ਜਲੰਧਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ …