ਵੈਨਕੂਵਰ/ਬਿਊਰੋ ਨਿਊਜ਼ : ਪੀਲ ਪੁਲਿਸ ਨੇ ਮਿਸੀਸਾਗਾ ਵਿੱਚ ਲੜਕੀ ਨਾਲ ਜ਼ਬਰਦਸਤੀ ਕਰਨ ਤੇ ਗ਼ਲਤ ਪਛਾਣ ਦੇ ਅਧਾਰ ‘ਤੇ ਘਰਾਂ ਵਿਚ ਦਾਖਲ ਹੋ ਕੇ ਲੁੱਟਖੋਹ ਕਰਨ ਨਾਲ ਜੁੜੇ ਦੋ ਵੱਖ-ਵੱਖਰੇ ਮਾਮਲਿਆਂ ਵਿਚ ਤਿੰਨ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ। ਲੜਕੀ ਨਾਲ ਜ਼ੋਰ ਜ਼ਬਰਦਸਤੀ ਕਰਨ ਵਾਲੇ ਮੁਲਜ਼ਮ ਦੀ ਪਛਾਣ ਰਵਿੰਦਰ ਸਿੰਘ ਧਾਲੀਵਾਲ (27) ਵਜੋਂ ਦੱਸੀ ਗਈ ਹੈ। ਧਾਲੀਵਾਲ ‘ਤੇ ਆਰੋਪ ਹੈ ਕਿ ਉਸ ਨੇ ਲੰਘੇ ਮਹੀਨੇ ਘਰ ਦੀ ਸਫਾਈ ਲਈ ਲੜਕੀ ਨੂੰ ਸੱਦਿਆ। ਘਟਨਾ ਮੌਕੇ ਉਹ ਘਰ ਵਿੱਚ ਇਕੱਲਾ ਸੀ। ਇਸ ਦੌਰਾਨ ਉਸ ਨੇ ਪੀੜਤ ਲੜਕੀ ਨਾਲ ਜ਼ਬਰਦਸਤੀ ਕੀਤੀ ਤੇ ਸੱਟਾਂ ਵੀ ਮਾਰੀਆਂ। ਮੁਲਜ਼ਮ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਪੁਲਿਸ ਨੇ ਪੀੜਤ ਲੜਕੀ ਦੀ ਸ਼ਿਕਾਇਤ ਦੀ ਜਾਂਚ ਮਗਰੋਂ ਮੁਲਜ਼ਮ ਉੱਤੇ ਚਾਰ ਦੋਸ਼ ਆਇਦ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜ਼ਮ ਨੂੰ ਅਦਾਲਤ ਵਿੱਚ ਵੀ ਪੇਸ਼ ਕੀਤਾ ਗਿਆ ਹੈ। ਇਸ ਦੌਰਾਨ ਲੁੱਟਖੋਹ ਦੇ ਇੱਕ ਹੋਰ ਮਾਮਲੇ ਵਿੱਚ ਪੁਲਿਸ ਨੇ ਦੋ ਪੰਜਾਬੀ ਨੌਜਵਾਨਾਂ ਬਰੈਂਪਟਨ ਵਾਸੀ ਅਭੀਜੋਤ ਸਿੰਘ (20) ਅਤੇ ਮਿਸੀਸਾਗਾ ਵਾਸੀ ਰਿਧਮਪ੍ਰੀਤ ਸਿੰਘ (21) ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ‘ਤੇ ਆਰੋਪ ਹੈ ਕਿ ਉਹ ਜਾਅਲੀ ਪਛਾਣ ਵਾਲੇ ਸੋਸ਼ਲ ਮੀਡੀਆ ਖਾਤੇ ਬਣਾ ਕੇ ਲੋਕਾਂ ਨੂੰ ਸੁੰਨਸਾਨ ਥਾਂ ‘ਤੇ ਸੱਦ ਕੇ ਲੁੱਟ ਖੋਹ ਕਰਦੇ ਸਨ।