Breaking News
Home / ਹਫ਼ਤਾਵਾਰੀ ਫੇਰੀ / ਕੈਪਟਨ ਆਖੇ ਮੈਂ ਤੇ ਬਾਦਲ ਕਹੇ ਮੈਂ ਹਾਂ ਵੱਡਾ ਡੇਰਾ ਪ੍ਰੇਮੀ!

ਕੈਪਟਨ ਆਖੇ ਮੈਂ ਤੇ ਬਾਦਲ ਕਹੇ ਮੈਂ ਹਾਂ ਵੱਡਾ ਡੇਰਾ ਪ੍ਰੇਮੀ!

ਅਮਰਿੰਦਰ ਦੀ ਪਿਛਲੀ ਸਰਕਾਰ ਨੇ ਡੇਰਾ ਮੁਖੀ ਦੀ ਮਾਂ ਨਸੀਬ ਕੌਰ ਦੇ ਨਾਂ ‘ਤੇ ਪਿੰਡ ਕੈਲੇ ਵਾਂਦਰ ਦਾ ਨਾਂ ਬਦਲ ਕੇ ਰੱਖਿਆ ‘ਨਸੀਬਪੁਰਾ’
ਪ੍ਰਕਾਸ਼ ਸਿੰਘ ਬਾਦਲ ਨੇ ਵੀ ਡੇਰਾ ਪ੍ਰੇਮੀਆਂ ਦੀ ਬਹੁਤਾਤ ਵਾਲੇ ਇਕ ਪਿੰਡ ਕੋਟਲੀ ਖੁਰਦ ਦਾ ਨਾਂ ਬਦਲ ਕੇ ਰੱਖਿਆ ‘ਪ੍ਰੇਮ ਕੋਟਲੀ’
ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਸਮੇਂ ਸਮੇਂ ‘ਤੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ, ਜੋ ਹੁਣ ਬਲਾਤਕਾਰ ਦੇ ਦੋਸ਼ ਵਿੱਚ ਕੈਦ ਕੱਟ ਰਿਹਾ ਹੈ, ਦੇ ਬੋਲ ਪੁਗਾਉਂਦੀ ਰਹੀ ਹੈ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਡੇਰਾ ਮੁਖੀ ਨੂੰ ਖੁਸ਼ ਕਰਨ ਲਈ ਪਿੰਡ ਕੈਲੇ ਵਾਂਦਰ ਦਾ ਨਾਂ ਬਦਲ ਕੇ ਨਸੀਬਪੁਰਾ ਰੱਖਿਆ ਅਤੇ ਮਗਰੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਡੇਰਾ ਪ੍ਰੇਮੀਆਂ ਦੀ ਬਹੁਗਿਣਤੀ ਵਾਲੇ ਪਿੰਡ ਕੋਟਲੀ ਖੁਰਦ ਦਾ ਨਾਂ ਬਦਲ ਕੇ ਪ੍ਰੇਮ ਕੋਟਲੀ ਰੱਖ ਦਿੱਤਾ ਸੀ।
ਕੈਪਟਨ ਸਰਕਾਰ ਨੇ ਸਾਲ 2004-05 ਦੌਰਾਨ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੈਲੇ ਵਾਂਦਰ ਦਾ ਨਾਂ ਡੇਰਾ ਮੁਖੀ ਦੀ ਮਾਤਾ ਨਸੀਬ ਕੌਰ ਦੇ ਨਾਂ ‘ਤੇ ਨਸੀਬਪੁਰਾ ਰੱਖਿਆ ਸੀ। ਇਸ ਬਾਰੇ ਨੋਟੀਫਿਕੇਸ਼ਨ ਕਾਂਗਰਸ ਹੂਕਮਤ ਸਮੇਂ ਜਾਰੀ ਹੋਇਆ ਸੀ। ਪਿੰਡ ਨਸੀਬਪੁਰਾ ਦੇ ਮੌਜੂਦਾ ਸਰਪੰਚ ਗੁਰਤੇਜ ਸਿੰਘ ਨੇ ਕਿਹਾ ਕਿ ਪਿੰਡ ਦੇ ਨਾਂ ਦੇ ਪਿਛੋਕੜ ਬਾਰੇ ਉਹ ਕੁਝ ਨਹੀਂ ਜਾਣਦੇ ਪਰ ਏਨਾ ਜ਼ਰੂਰ ਪਤਾ ਹੈ ਕਿ ਜਦੋਂ ਪਿੰਡ ਦਾ ਨਾਂ ਬਦਲਿਆ ਜਾ ਰਿਹਾ ਸੀ ਤਾਂ ਉਦੋਂ ਪਿੰਡ ਦੇ ਵਾਂਦਰ ਗੋਤ ਦੇ ਬਾਸ਼ਿੰਦਿਆਂ ਨੇ ਇਤਰਾਜ਼ ਕੀਤਾ ਸੀ। ਦੱਸਣਯੋਗ ਹੈ ਕਿ ਇਸ ਪਿੰਡ ਵਿੱਚ ਨਾਮ ਚਰਚਾ ਘਰ ਵੀ ਬਣਿਆ ਹੋਇਆ ਹੈ ਤੇ ਪਿੰਡ ਦੀ ਵੋਟ ਕਰੀਬ 3150 ਹੈ। ਇਸ ਪਿੰਡ ਵਿੱਚ 70 ਫ਼ੀਸਦ ਡੇਰਾ ਪ੍ਰੇਮੀ ਹਨ। ਸੂਤਰਾਂ ਮੁਤਾਬਕ ਪੰਚਾਇਤੀ ਵੋਟਾਂ ਦੇ ਲਾਹੇ ਲਈ ਤਤਕਾਲੀ ਆਗੂਆਂ ਨੇ ਪੰਚਾਇਤੀ ਮਤਾ ਪਾਸ ਕਰ ਦਿੱਤਾ ਸੀ, ਜਿਸ ‘ਤੇ ਕਾਂਗਰਸ ਸਰਕਾਰ ਨੇ ਮੋਹਰ ਲਾ ਦਿੱਤੀ ਸੀ। ਪਿੰਡ ਦੀ ਤਤਕਾਲੀ ਸਰਪੰਚ ਮਲਕੀਤ ਕੌਰ ਨੇ ਦੱਸਿਆ ਕਿ ਪਿੰਡ ਦੇ ਪ੍ਰੇਮੀ ਡੇਰਾ ਸਿਰਸਾ ਤੋਂ ਪਿੰਡ ਦਾ ਨਾਂ ਕਢਵਾ ਕੇ ਲਿਆਏ ਸਨ ਕਿਉਂਕਿ ਪਹਿਲਾਂ ਪਿੰਡ ਦਾ ਨਾਂ ਠੀਕ ਨਹੀਂ ਸੀ। ਇਸ ਕਰਕੇ ਬਹੁ-ਗਿਣਤੀ ਲੋਕਾਂ ਦੀ ਮੰਗ ਉਤੇ ਪਿੰਡ ਦਾ ਨਾਂ ਬਦਲਣ ਵਾਸਤੇ ਮਤਾ ਪਾਇਆ ਸੀ।
ਇਸ ਪਿੰਡ ਦੇ ਡੇਰਾ ਪ੍ਰੇਮੀ ਨਸੀਬ ਸਿੰਘ ਨੇ ਕਿਹਾ ਕਿ ਪੁਰਾਣੇ ਸਮਿਆਂ ਵਿਚ ਪਿੰਡ ਵਿੱਚ ਛੱਪੜ ਕਿਨਾਰੇ ਬੈਠੇ ਸਾਧੂ ‘ਤੇ ਔਰਤਾਂ ਨੇ ਇਲਜ਼ਾਮ ਲਾ ਦਿੱਤੇ ਸਨ, ਜਿਸ ਕਾਰਨ ਉਸ ਸਾਧੂ ਨੇ ਪਿੰਡ ਨੂੰ ਸਰਾਪ ਦਿੱਤਾ ਸੀ। ਪਿੰਡ ਵਿਚ ਕਾਫ਼ੀ ਸਮਾਂ ਪਹਿਲਾਂ ਜਦੋਂ ਸ਼ਾਹ ਸਤਨਾਮ ਜੀ ਆਏ ਸਨ ਤਾਂ ਲੋਕਾਂ ਨੇ ਬੇਨਤੀ ਕੀਤੀ ਕਿ ਉਨ੍ਹਾਂ ਦੇ ਪਿੰਡ ਦਾ ਕੋਈ ਕੰਮ-ਕਾਰ ਨਹੀਂ ਹੋ ਰਿਹਾ ਹੈ। ਸ਼ਾਹ ਸਤਨਾਮ ਨੇ ਉਦੋਂ ਵਰ ਦਿੱਤਾ ਸੀ ਕਿ ਇਹ ਨਸੀਬਾਂ ਵਾਲਾ ਪਿੰਡ ਹੋਵੇਗਾ, ਜਿਸ ਕਰ ਕੇ ਪਿੰਡ ਦਾ ਨਾਂ ਨਸੀਬਪੁਰਾ ਪਿਆ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਡੇਰਾ ਮੁਖੀ ਦੀ ਮਾਤਾ ਨਸੀਬ ਕੌਰ ਦੇ ਨਾਂ ‘ਤੇ ਪਿੰਡ ਦਾ ਨਾਂ ਨਸੀਬਪੁਰਾ ਰੱਖਿਆ ਗਿਆ ਸੀ।
ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਡੇਢ-ਦੋ ਸਾਲ ਪਹਿਲਾਂ ਬਠਿੰਡਾ ਦੇ ਪਿੰਡ ਕੋਟਲੀ ਖੁਰਦ ਦਾ ਨਾਂ ਤਬਦੀਲ ਕਰਕੇ ਪ੍ਰੇਮ ਕੋਟਲੀ ਰੱਖ ਦਿੱਤਾ ਸੀ। ਲੋਕਾਂ ਨੇ ਦੱਸਿਆ ਕਿ ਕਾਫ਼ੀ ਅਰਸਾ ਪਹਿਲਾਂ ਡੇਰਾ ਸਿਰਸਾ ਦੇ ਤਤਕਾਲੀ ਮੁਖੀ ਸ਼ਾਹ ਸਤਨਾਮ ਪਿੰਡ ਕੋਟਲੀ ਖੁਰਦ ਆਏ ਸਨ, ਜਿਨ੍ਹਾਂ ਨੇ ਪਿੰਡ ਵਿੱਚ ਪ੍ਰੇਮੀਆਂ ਦੀ ਗਿਣਤੀ ਜ਼ਿਆਦਾ ਹੋਣ ਕਰ ਕੇ ਆਖਿਆ ਸੀ ਕਿ ਇਸ ਪਿੰਡ ਦਾ ਨਾਂ ਪ੍ਰੇਮ ਕੋਟਲੀ ਹੋਣਾ ਚਾਹੀਦਾ ਹੈ। ਪੰਚਾਇਤੀ ਮਤਾ ਪੈਣ ਮਗਰੋਂ ਗੱਠਜੋੜ ਸਰਕਾਰ ਨੇ ਇਸ ਪਿੰਡ ਦਾ ਨਾਂ ਹੱਥੋ-ਹੱਥੀ ਤਬਦੀਲ ਕਰ ਦਿੱਤਾ ਸੀ।
ਤਿੰਨ ਹੋਰ ਮਾਮਲਿਆਂ ਦੀ ਲਟਕ ਰਹੀ ਤਲਵਾਰ
ਰਣਜੀਤ ਸਿੰਘ ਕਤਲ ਕੇਸ
ਜੁਲਾਈ 2000 ਵਿਚ ਡੇਰਾ ਮੈਨੇਜਰ ਰਣਜੀਤ ਸਿੰਘ ਦੀ ਹੱਤਿਆ ਦੀ ਸਾਜਿਸ਼ ਵਿਚ ਡੇਰਾ ਮੁਖੀ ‘ਤੇ ਸ਼ਾਮਲ ਹੋਣ ਦੇ ਆਰੋਪ ਹਨ। ਮੰਨਿਆ ਜਾਂਦਾ ਹੈ ਕਿ ਰਣਜੀਤ ਸਿੰਘ ਨੇ ਹੀ ਉਹ ਗੁੰਮਨਾਮ ਖਤ ਮੀਡੀਆ ਨੂੰ ਦਿੱਤਾ ਸੀ। ਜਿਸ ਵਿਚ ਇਕ ਸਾਧਵੀ ਨੇ ਬਾਬੇ ‘ਤੇ ਡੇਰਾ ਸਿਰਸਾ ਵਿਚ ਰੇਪ ਕਰਨ ਦਾ ਦੋਸ਼ ਲਗਾਇਆ ਸੀ। ਰਣਜੀਤ ਸਿੰਘ ਕਤਲ ਕੇਸ ਵੀ ਸੀਬੀਆਈ ਦੀ ਪੰਚਕੂਲਾ ਅਦਾਲਤ ਵਿਚ ਹੈ, ਸੁਣਵਾਈ ਆਖਰੀ ਦੌਰ ਵਿਚ ਹੈ, ਕਦੇ ਵੀ ਫੈਸਲਾ ਆ ਸਕਦਾ ਹੈ।
ਰਾਮਚੰਦ ਛਤਰਪਤੀ ਕਤਲ ਕੇਸ
ਸਿਰਸਾ ਤੋਂ ਨਿਕਲਣ ਵਾਲੇ ਇਕ ਸਥਾਨਕ ਅਖਬਾਰ ‘ਪੂਰਾ ਸੱਚ’ ਵਿਚ ਡੇਰੇ ਦੀਆਂ ਗੈਰ ਸੰਵਿਧਾਨਕ ਕਾਰਵਾਈਆਂ ਦੀਆਂ ਖਬਰਾਂ ਛਾਪਣ ਕਾਰਨ ਛਤਰਪਤੀ ਪਹਿਲਾਂ ਹੀ ਡੇਰੇ ਦੇ ਨਿਸ਼ਾਨੇ ‘ਤੇ ਸੀ। ਉਸ ਨੇ ਅਖਬਾਰ ਵਿਚ ਸਾਧਵੀ ਦਾ ਗੁੰਮਨਾਮ ਪੱਤਰ ਛਾਪ ਦਿੱਤਾ। ਜਿਸ ਤੋਂ ਬਾਅਦ 23 ਅਕਤੂਬਰ 2002 ਨੂੰ ਛਤਰਪਤੀ ਦਾ ਘਰ ਦੇ ਬਾਹਰ ਹੀ ਕਤਲ ਕਰ ਦਿੱਤਾ ਹੈ। ਬਾਬਾ ਅਤੇ ਹੋਰ ਤਿੰਨ ਲੋਕ ਨਾਮਜ਼ਦ ਕੀਤੇ ਗਏ। ਕੇਸ ਸੀਬੀਆਈ ਦੀ ਪੰਚਕੂਲਾ ਅਦਾਲਤ ਵਿਚ ਹੀ ਚੱਲ ਰਿਹਾ ਹੈ। ਸੁਣਵਾਈ ਪੂਰੀ ਹੋਣ ਵਾਲੀ ਹੈ।
ਸਮਰਥਕਾਂ ਨੂੰ ਖੱਸੀ ਬਣਾਉਣ ਦਾ ਕੇਸ
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ 23 ਦਸੰਬਰ 2014 ਨੂੰ ਬਾਬੇ ਦੇ ਖਿਲਾਫ ਸਿਰਸਾ ਸਥਿਤ ਮੁੱਖ ਡੇਰੇ ਵਿਚ 400 ਤੋਂ ਵੱਧ ਡੇਰਾ ਪ੍ਰੇਮੀਆਂ ਨੂੰ ਖੱਸੀ ਬਣਾਉਣ ਦੇ ਮਾਮਲੇ ਦੀ ਸੀਬੀਆਈ ਜਾਂਚ ਸ਼ੁਰੂ ਹੋਈ। ਏਜੰਸੀ ਨੇ ਇਸ ਮਾਮਲੇ ਵਿਚ ਅਜੇ ਜਾਂਚ ਪੂਰੀ ਨਹੀਂ ਕੀਤੀ। ਇਸ ਤੋਂ ਬਾਅਦ ਚਾਰਜਸ਼ੀਟ ਦਾਇਰ ਹੋਵੇਗੀ ਤੇ ਸੁਣਵਾਈ ਹੋਵੇਗੀ।

 

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …