‘ਪਰਵਾਸੀ ਰੇਡੀਓ’ਉਤੇ ਬੋਲੇ-ਵੱਡੀ ਘਟਨਾ ਨੂੰ ਛੋਟੀ ਬਣਾਉਣ ‘ਚ ਕਾਮਯਾਬ ਰਹੇ ਖੱਟਰ
ਟੋਰਾਂਟੋ : ਪੰਜਾਬ ਤੋਂ ਭਾਜਪਾ ਦੇ ਸੰਸਦ ਮੈਂਬਰ, ਕੇਂਦਰ ਵਿਚ ਨਰਿੰਦਰ ਮੋਦੀ ਦੀ ਕੈਬਨਿਟ ਵਿਚ ਮੰਤਰੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਦੀ ਜੇਕਰ ਸੁਣੀਏ ਤਾਂ ਡੇਰੇ ਕਾਂਡ ਵਿਚ ਖੱਟਰ ਸਰਕਾਰ ਨੇ ਬਿਲਕੁਲ ਹੀ ਸਿਆਣਾ ਕੰਮ ਕੀਤਾ ਹੈ। ਵਿਜੇ ਸਾਂਪਲਾ ਤਾਂ ਇਹੋ ਆਖ ਰਹੇ ਹਨ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਡੀ ਘਟਨਾ ਨੂੰ ਛੋਟੇ ਹਾਦਸੇ ਵਿਚ ਤਬਦੀਲ ਕਰਨ ਵਿਚ ਕਾਮਯਾਬ ਰਹੇ ਹਨ। ਇਨ੍ਹੀਂ ਦਿਨੀਂ ਕੈਨੇਡਾ ਫੇਰੀ ‘ਤੇ ਆਏ ਹੋਏ ਵਿਜੇ ਸਾਂਪਲਾ ‘ਪਰਵਾਸੀ’ ਸਰੋਤਿਆਂ ਦੇ ਰੂਬਰੂ ਹੋਣ ਲਈ ਵਿਸ਼ੇਸ਼ ਤੌਰ ‘ਤੇ ਅਦਾਰਾ ਪਰਵਾਸੀ ਦੇ ਦਫਤਰ ਪਹੁੰਚੇ ਅਤੇ ‘ਪਰਵਾਸੀ ਰੇਡੀਓ’ ਉਤੇ ਰਜਿੰਦਰ ਸੈਣੀ ਹੋਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਪੂਰੇ ਡੇਰਾ ਕਾਂਡ ਵਿਚ ਜਿੱਥੇ ਹਰਿਆਣਾ ਸਰਕਾਰ ਨੂੰ ਬਰੀ ਕੀਤਾ, ਉਥੇ ਡੇਰਾ ਮੁਖੀ ਨੂੰ ਜੇਲ੍ਹ ਭੇਜਣ ਦਾ ਸਿਹਰਾ ਵੀ ਇਕ ਢੰਗ ਨਾਲ ਆਪਣੀ ਪਾਰਟੀ ਭਾਜਪਾ ਦੇ ਸਿਰ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਸੀਬੀਆਈ ਜਾਂਚ ਦੀ ਸ਼ੁਰੂਆਤ ਵੀ ਵਾਜਪਾਈ ਦੇ ਸਮੇਂ ਹੀ ਹੋਈ ਸੀ ਤੇ ਹੁਣ ਸਜ਼ਾ ਵੀ ਸਾਡੇ ਸਮੇਂ ਹੀ ਹੋਈ ਹੈ। ਜਦੋਂ ਸਵਾਲ ਆਇਆ ਕਿ ਸਜ਼ਾ ਤਾਂ ਕੋਰਟ ਨੇ ਦਿੱਤੀ ਤੇ ਸੀਬੀਆਈ ਅਧਿਕਾਰੀ ਕਹਿੰਦੇ ਹਨ ਕਿ ਅਸੀਂ ਬਹੁਤ ਦਬਾਅ ਹੇਠ ਕੰਮ ਕੀਤਾ ਹੈ ਤਾਂ ਵਿਜੇ ਸਾਂਪਲਾ ਨੇ ਆਖਿਆ ਕਿ ਹਾਂ ਕਾਨੂੰਨ ਨੇ ਆਪਣਾ ਕੰਮ ਕੀਤਾ ਹੈ, ਪਰ ਕਿਸੇ ਸੀਬੀਆਈ ਅਫਸਰ ‘ਤੇ ਕੋਈ ਦਬਾਅ ਨਹੀਂ ਸੀ। ਉਹਨਾਂ ਬਾਬੇ ਅੱਗੇ ਝੁਕਦੇ ਹਰਿਆਣਾ ਦੇ ਮੰਤਰੀ, ਮੁੱਖ ਮੰਤਰੀ, ਬਾਬੇ ਨੂੰ ਚੈਕ ਭੇਟ ਕਰਦੇ ਹਰਿਆਣਾ ਦੇ ਮੰਤਰੀ ਵਰਗੇ ਸਵਾਲਾਂ ਤੋਂ ਕੰਨੀ ਕਤਰਾਉਂਦੇ, ਬੱਸ ਏਨਾ ਹੀ ਆਖਿਆ ਕਿ ਜੋ ਹੋਣਾ ਚਾਹੀਦਾ ਸੀ ਉਹ ਹੋਇਆ ਤੇ ਇਹ ਪ੍ਰਾਪਤੀ ਹੈ ਕਿ ਅਸੀਂ ਵੱਡੀ ਘਟਨਾ ਨੂੰ ਟਾਲਣ ਵਿਚ ਕਾਮਯਾਬ ਰਹੇ। ਰਜਿੰਦਰ ਸੈਣੀ ਹੋਰਾਂ ਵਲੋਂ ਧਾਰਾ 144 ਵਾਲੇ ਸਵਾਲ ਕਿ ਕਿੰਝ ਪੰਚਕੂਲਾ ਵਿਚ ਹਿੰਸਕ ਲੋਕ ਇਕੱਠੇ ਹੋ ਗਏ, ਦਾ ਜਵਾਬ ਵਿਜੇ ਸਾਂਪਲਾ ਨੇ ਦੇਣਾ ਵੀ ਠੀਕ ਨਹੀਂ ਸਮਝਿਆ, ਬੱਸ ਆਖਿਆ ਕਿ ਖੱਟਰ ਸਰਕਾਰ ਨੇ ਬਹੁਤ ਸਹੀ ਕੰਮ ਕੀਤਾ ਹੈ।
ਬੀਫ ਦਾ ਵਿਰੋਧ ਕਰਕੇ ਸਾਂਪਲਾ ਨੇ ਥਾਪੜੀ ਗਊ ਦੇ ਨਾਂ ‘ਤੇ ਹੱਤਿਆ ਕਰਨ ਵਾਲਿਆਂ ਦੀ ਪਿੱਠ
ਭਾਜਪਾ ਆਗੂ ਵਿਜੇ ਸਾਂਪਲਾ ਨੇ ਸਾਫ ਆਖਿਆ ਕਿ ਮੈਂ ਬੀਫ ਖਾਣ ਦਾ ਵਿਰੋਧੀ ਹਾਂ, ਗਊ ਸਾਡੀ ਮਾਤਾ ਹੈ ਤੇ ਸਮਝ ਨਹੀਂ ਆਉਂਦੀ ਕਿ ਜਾਣ ਬੁੱਝ ਕੇ ਇਸ ਮਾਮਲੇ ਨੂੰ ਕੁਰੇਦ ਕੇ ਕਿਉਂ ਸਿਆਸਤ ਕੀਤੀ ਜਾ ਰਹੀ ਹੈ। ਪਰ ਜਦੋਂ ਉਹਨਾਂ ਅੱਗੇ ਸਵਾਲ ਆਇਆ ਕਿ ਇਹ ਅੱਜ ਤੋਂ ਨਹੀਂ ਸਦੀਆਂ ਤੋਂ ਜਿਹੜੇ ਲੋਕ ਬੀਫ ਖਾਣਾ ਚਾਹੁੰਦੇ ਹਨ, ਉਹ ਖਾਂਦੇ ਆ ਰਹੇ ਹਨ ਤੇ ਹੁਣ ਵੀ ਦੁਨੀਆ ਭਰ ਵਿਚ ਟਨਾਂ ਵਿਚ ਬੀਫ ਦੀ ਸਪਲਾਈ ਹੁੰਦੀ ਹੈ। ਤਾਂ ਵਿਜੇ ਸਾਂਪਲਾ ਦਾ ਜਵਾਬ ਸੀ ਕਿ ਇਹ ਆਸਥਾ ਦਾ ਸਵਾਲ ਹੈ। ਗਊ ਦੇ ਨਾਂ ‘ਤੇ ਹਿੰਸਾ ਨਾ ਅਸੀਂ ਬਰਦਾਸ਼ਤ ਕਰਦੇ ਹਾਂ ਤੇ ਨਾ ਹੀ ਸਾਡੇ ਪ੍ਰਧਾਨ ਮੰਤਰੀ। ਪਰ ਉਹ ਵਾਰ-ਵਾਰ ਇਸੇ ਗੱਲ ‘ਤੇ ਜ਼ੋਰ ਦਿੰਦੇ ਰਹੇ ਕਿ ਲੋਕਾਂ ਕੋਲ ਹੋਰ ਬਦਲ ਵੀ ਹਨ, ਫਿਰ ਬੀਫ ਖਾਣ ‘ਤੇ ਹੀ ਸੂਈ ਕਿਉਂ ਅੜੀ ਹੈ। ਕਿਤੇ ਨਾ ਕਿਤੇ ਵਿਜੇ ਸਾਂਪਲਾ ਦੀਆਂ ਗੱਲਾਂ ਵਿਚੋਂ ਇਹ ਝਲਕਿਆ ਕਿ ਉਹ ਆਰ ਐਸ ਐਸ ਅਤੇ ਸ਼ਿਵ ਸੈਨਾ ਦੇ ਬੈਨਰ ਹੇਠ ਗਊ ਰੱਖਿਆ ਦੇ ਨਾਂ ‘ਤੇ ਹੁੰਦੀਆਂ ਹਿੰਸਕ ਘਟਨਾਵਾਂ ਨੂੰ ਜਾਇਜ਼ ਠਹਿਰਾ ਰਹੋੇ ਹੋਣ। ਵਿਜੇ ਸਾਂਪਲਾ ਤਾਂ ਅਸਹਿਣਸ਼ੀਲਤਾ ਦੇ ਮੁੱਦੇ ਨੂੰ ਵੀ ਸਿਆਸਤ ਨਾਲ ਜੋੜਦਿਆਂ ਬੋਲ ਗਏ ਕਿ ਚੋਣਾਂ ਵੇਲੇ ਹੀ ਜਾਣ ਬੁਝ ਕੇ ਚੰਦ ਲੋਕ ਸਾਹਮਣੇ ਆਏ ਸਨ, ਜਿਨ੍ਹਾਂ ਅਸਹਿਸ਼ੀਲਤਾ ਦੇ ਨਾਂ ‘ਤੇ ਮੈਡਲ, ਸਨਮਾਨ ਪੱਤਰ ਆਦਿ ਮੋੜੇ। ਉਹ ਲੋਕ ਹੁਣ ਕਿੱਥੇ ਹਨ।