
ਨਵੀਂ ਦਿੱਲੀ/ਬਿਊਰੋ ਨਿਊਜ਼
ਲੋਕ ਜਨਸ਼ਕਤੀ ਪਾਰਟੀ ਦੇ ਸਰਪ੍ਰਸਤ ਤੇ ਭਾਰਤ ਸਰਕਾਰ ‘ਚ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦਾ ਦਿੱਲੀ ਦੇ ਇਕ ਹਸਪਤਾਲ ਵਿਚ ਦਿਹਾਂਤ ਹੋ ਗਿਆ। ਪਾਸਵਾਨ ਦੀ ਉਮਰ 74 ਸਾਲ ਸੀ ਅਤੇ ਉਨ੍ਹਾਂ ਦਾ ਕੁਝ ਦਿਨ ਪਹਿਲਾਂ ਦਿਲ ਦਾ ਅਪਰੇਸ਼ਨ ਹੋਇਆ ਸੀ। ਪਾਸਵਾਨ ਪਿਛਲੇ ਪੰਜ ਦਹਾਕਿਆਂ ਤੋਂ ਦੇਸ਼ ਦੀ ਸਿਆਸਤ ਵਿਚ ਸਰਗਰਮ ਸਨ ਤੇ ਦੇਸ਼ ਦੇ ਸਿਰਕੱਢ ਦਲਿਤ ਆਗੂ ਸਨ। ਰਾਮਵਿਲਾਸ ਪਾਸਵਾਨ ਦੇ ਦਿਹਾਂਤ ਦੀ ਜਾਣਕਾਰੀ ਉਨ੍ਹਾਂ ਦੇ ਪੁੱਤਰ ਤੇ ਪਾਰਟੀ ਦੇ ਪ੍ਰਧਾਨ ਚਿਰਾਗ਼ ਪਾਸਵਾਨ ਨੇ ਟਵੀਟ ਕਰਦਿਆਂ ਦਿੱਤੀ। ਰਾਮਵਿਲਾਸ ਪਾਸਵਾਨ ਦੇ ਦਿਹਾਂਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ, ਸੋਨੀਆ ਗਾਂਧੀ, ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ, ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਸਮੇਤ ਬਹੁਤ ਸਾਰੇ ਆਗੂਆਂ ਨੇ ਦੁੱਖ ਪ੍ਰਗਟ ਕੀਤਾ ਹੈ। ਮੋਦੀ ਨੇ ਪਾਸਵਾਨ ਦੇ ਦਿਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਆਪਣਾ ਦੋਸਤ ਗੁਆ ਲਿਆ ਹੈ। ਧਿਆਨ ਰਹੇ ਕਿ ਮੋਦੀ ਕੈਬਨਿਟ ਵਿਚ ਪਾਸਵਾਨ ਸਭ ਤੋਂ ਵੱਡੀ ਉਮਰ ਦੇ ਮੰਤਰੀ ਸਨ।