ਭੱਜੀ ਤੇ ਯੁਵਰਾਜ ਵਿਚਾਲੇ ਹੋ ਸਕਦਾ ਹੈ ਮੁਕਾਬਲਾ
ਜਲੰਧਰ/ਬਿਊਰੋ ਨਿਊਜ਼ : ਕ੍ਰਿਕਟਰ ਹਰਭਜਨ ਸਿੰਘ ਦੇ ਗੁਰਦਾਸਪੁਰ ਦੀ ਜ਼ਿਮਨੀ ਚੋਣ ਲੜਨ ਦੇ ਚਰਚੇ ਸ਼ੁਰੂ ਹੋਣ ਨਾਲ ਜਿਥੇ ਸਿਆਸਤ ਭਖ਼ ਗਈ ਹੈ, ਉਥੇ ਮੀਡੀਆ ਕਰਮੀਆਂ ਨੇ ਵੀ ਉਸ ਦੇ ਘਰ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਹਰਭਜਨ ਸਿੰਘ ਆਪਣੇ ਘਰ ਨਹੀਂ ਹੈ ਤੇ ਉਹ ਮੀਡੀਆ ਨਾਲ ਗੱਲ ਕਰਨ ਤੋਂ ਵੀ ਬਚ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਉਸ ਦੇ ਚੋਣ ਲੜਨ ਸਬੰਧੀ ਚਰਚਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਭਾਰਤ ਲਈ 13 ਸਾਲ ਤੋਂ ਵੱਧ ਸਮੇਂ ਤੱਕ ਕ੍ਰਿਕਟ ਖੇਡਣ ਵਾਲਾ ਆਫ਼ ਸਪਿੰਨਰ ਰਾਜਨੀਤੀ ਵਿਚ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦਾ ਹੈ।
ਹਰਭਜਨ ਸਿੰਘ ਕਹਿ ਚੁੱਕਿਆ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਉਸ ਤੱਕ ਪਹੁੰਚ ਕੀਤੀ ਸੀ ਪਰ ਉਹ ਵਿਧਾਨ ਸਭਾ ਚੋਣਾਂ ਨਹੀਂ ਲੜਨਾ ਚਾਹੁੰਦਾ ਸੀ। ਹੁਣ ਭਾਜਪਾ ਵੱਲੋਂ ਹਰਭਜਨ ਸਿੰਘ ਦੇ ਮੈਦਾਨ ਵਿਚ ਉਤਰਨ ਦੇ ਚਰਚੇ ਚੱਲ ਰਹੇ ਹਨ ਤੇ ਸਥਾਨਕ ਭਾਜਪਾ ਆਗੂਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰਦਾਸਪਰ ਤੋਂ ਕਵਿਤਾ ਖੰਨਾ ਨੂੰ ਉਮੀਦਵਾਰ ਬਣਾਉਣ ਦੀ ਸੰਭਾਵਨਾ ਵਧੇਰੇ ਹੈ ਕਿਉਂਕਿ ਉਹ ਹਲਕੇ ਵਿਚ ਕੰਮ ਕਰ ਰਹੀ ਹੈ।
ਦੂਜੇ ਪਾਸੇ ਇਸ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਰਿਹਾ ਕਿ ਹਰਭਜਨ ਨੂੰ ਉਸ ਦੀ ਮੌਜੂਦ ਪਛਾਣ ਦਾ ਲਾਹਾ ਮਿਲ ਸਕਦਾ ਹੈ। ਉਧਰ, ਕਾਂਗਰਸ ਵੱਲੋਂ ਵੀ ਹਰਭਜਨ ਸਿੰਘ ਦੇ ਸਾਥੀ ਖਿਡਾਰੀ ਯੁਵਰਾਜ ਸਿੰਘ ਨੂੰ ਮੈਦਾਨ ਵਿਚ ਉਤਾਰਨ ਲਈ ਮਨਾਉਣ ਦੇ ਚਰਚੇ ਹਨ।
ਆਮ ਆਦਮੀ ਪਾਰਟੀ ਗੁਰਦਾਸਪੁਰ ਲੋਕ ਸਭਾ ਲਈ ਲੜੇਗੀ ਜ਼ਿਮਨੀ ਚੋਣ : ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਸਪੱਸ਼ਟ ਕੀਤਾ ਕਿ ਪਾਰਟੀ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲੜੇਗੀ। ਇਸ ਲਈ ਯੋਗ ਉਮੀਦਵਾਰ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਮੇਤ 36 ਵਿਅਕਤੀਆਂ ਨੂੰ ਸਿਟੀ ਸੈਂਟਰ ਘੁਟਾਲੇ ਵਿੱਚੋਂ ਕਲੀਨ ਚਿੱਟ ਮਿਲਣਾ ਪੰਜਾਬ ਲਈ ਮੰਦਭਾਗਾ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …