ਬਰੈਂਪਟਨ/ਪਰਵਾਸੀ ਬਿਊਰੋ : ਵੀਰਵਾਰ ਨੂੰ ਸਿਟੀ ਆਫ਼ ਬਰੈਂਪਟਨ ਵੱਲੋਂ ਬਰੈਂਪਟਨ ਨਿਵਾਸੀ ਜੋਤੀ ਮਾਨ ਜਿਨ੍ਹਾਂ ‘ਤੇ ਕੁੱਝ ਹਫ਼ਤੇ ਪਹਿਲਾਂ ਜਾਨਲੇਵਾ ਹਮਲਾ ਕੀਤਾ ਗਿਆ ਸੀ, ਦੀ ਮਾਤਾ ਜਸਮੇਲ ਕੌਰ ਨੂੰ ‘ਬਹਾਦਰੀ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕੁੱਝ ਹਫ਼ਤੇ ਪਹਿਲਾਂ ਜੋਤੀ ਮਾਨ ਜੋ ਕਿ ਇਕ ਪੱਤਰਕਾਰ ਵਜੋਂ ਵੀ ਕੰਮ ਕਰਦੇ ਹਨ, ਜਦੋਂ ਸਵੇਰੇ ਆਪਣੇ ਘਰੋਂ ਕੰਮ ਲਈ ਬਾਹਰ ਨਿਕਲੇ ਤਾਂ ਘਰ ਦੇ ਡਰਾਈਵ ਵੇਅ ‘ਤੇ ਖੜ੍ਹੀ ਗੱਡੀ ਵਿਚ ਬੈਠਦਿਆਂ ਹੀ ਤਿੰਨ ਵਿਅਕਤੀਆਂ ਨੇ ਉਨ੍ਹਾਂ ਉਪਰ ਹਮਲਾ ਕਰ ਦਿੱਤਾ। ਜਿਸ ਤੋਂ ਬਚਣ ਲਈ ਜਦੋਂ ਉਹ ਗੱਡੀ ਛੱਡ ਕੇ ਭੱਜੇ ਤਾਂ ਹਮਲਾਵਰਾਂ ਨੇ ਉਨ੍ਹਾਂ ਉਪਰ ਫਿਰ ਹਮਲਾ ਕਰ ਦਿੱਤਾ। ਜਿਸ ਕਾਰਨ ਉਨ੍ਹਾਂ ਦੇ ਡੂੰਘੀਆਂ ਸੱਟਾਂ ਲੱਗੀਆਂ। ਇਨ੍ਹਾਂ ਹਮਲਾਵਰਾਂ ਨੇ ਕਾਲੇ ਕੱਪੜੇ ਪਾਏ ਸਨ ਅਤੇ ਮੂੰਹ-ਸਿਰ ਢਕੇ ਹੋਏ ਸਨ। ਜਦੋਂ ਉਹ ਜੋਤੀ ਮਾਨ ‘ਤੇ ਹਮਲਾ ਕਰ ਰਹੇ ਸਨ ਤਾਂ ਜੋਤੀ ਮਾਨ ਦੀ ਮਾਤਾ ਜਸਮੇਲ ਕੌਰ ਹੋਰਾਂ ਆਪਣੇ ਪੁੱਤ ਨੂੰ ਬਚਾਉਣ ਲਈ ਉਨ੍ਹਾਂ ਹਮਲਾਵਰਾਂ ਨਾਲ ਭਿੜ ਗਈ। ਜਿਸ ਤੋਂ ਬਾਅਦ ਉਹ ਮੌਕੇ ਤੋਂ ਤੁਰੰਤ ਫਰਾਰ ਹੋ ਗਏ। ਜੇਕਰ ਜਸਮੇਲ ਕੌਰ ਹੋਰੀਂ ਮੌਕੇ ‘ਤੇ ਉਨ੍ਹਾਂ ਹਮਲਾਵਰਾਂ ਨਾਲ ਨਾ ਟਕਰਾਉਂਦੇ ਤਾਂ ਹੋ ਸਕਦਾ ਹੈ ਕਿ ਜੋਤੀ ਮਾਨ ਦੀ ਜਾਨ ਵੀ ਜਾ ਸਕਦੀ ਸੀ। ਉਨ੍ਹਾਂ ਨੂੰ ਬਹੁਤ ਹੀ ਨਾਜ਼ੁਕ ਹਾਲਤ ਵਿਚ ਸੰਨੀ ਬਰੁੱਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੇ ਬਚਣ ਦੀ ਬਹੁਤ ਘੱਟ ਉਮੀਦ ਦੱਸੀ। ਜਸਮੇਲ ਕੌਰ ਹੋਰਾਂ ਨੇ ‘ਪਰਵਾਸੀ ਮੀਡੀਆ’ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪੁੱਤ ਏਨਾ ਦਲੇਰ ਹੈ ਕਿ ਉਸ ਨੇ ਇਕ ਮਹੀਨੇ ਵਿਚ ਹੀ ਕਾਫ਼ੀ ਰਿਕਵਰੀ ਕਰ ਲਈ ਹੈ। ਉਨ੍ਹਾਂ ‘ਪਰਵਾਸੀ ਮੀਡੀਆਂ’ ਨੂੰ ਇਹ ਵੀ ਦੱਸਿਆ ਕਿ ਉਸ ਦਿਨ ਉਹ ਤਾਂ ਵੈਸੇ ਹੀ ਘਰੋਂ ਬਾਹਰ ਕਿਸੇ ਹੋਰ ਕੰਮ ਲਈ ਆਏ ਸਨ ਅਤੇ ਉਨ੍ਹਾਂ ਨੂੰ ਜੋਤੀ ਮਾਨ ‘ਤੇ ਹੋ ਰਹੇ ਹਮਲੇ ਬਾਰੇ ਤਾਂ ਕੋਈ ਜਾਣਕਾਰੀ ਹੀ ਨਹੀਂ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦੇ ਪੁੱਤ ‘ਤੇ ਹਮਲਾ ਕਰਨ ਵਾਲੇ ਤਿੰਨੋਂ ਵਿਅਕਤੀ ਫੜੇ ਜਾਂਦੇ ਹਨ ਤਾਂ ਉਹ ਇਹ ਐਵਾਰਡ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਸੌਂਪ ਦੇਣਗੇ। ਇਸ ਮੌਕੇ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ, ਰੀਜਨਲ ਕੌਂਸਲਰ ਮਾਇਕਲ ਪਲੈਸ਼ੀ, ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਸਿਟੀ ਕੌਂਸਲਰ ਹਰਕੀਰਤ ਸਿੰਘ ਵੀ ਹਾਜਰ ਸਨ ਜਿਨ੍ਹਾਂ ਨੇ ਸਟੇਜ ‘ਤੇ ਮਾਤਾ-ਪਿਤਾ, ਦੋਵਾਂ ਦਾ ਸਵਾਗਤ ਕੀਤਾ। ਉਧਰ ਬਰੈਂਪਟਨ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਵੀ ਜਸਮੇਲ ਕੌਰ ਹੋਰਾਂ ਨੂੰ ‘ਕੁਈਨ ਜੁਬਲੀ ਐਵਾਰਡ’ ਪ੍ਰਦਾਨ ਕੀਤਾ ਅਤੇ ਇਕ ਮਾਂ ਅਤੇ ਔਰਤ ਵਜੋਂ ਉਨ੍ਹਾਂ ਦੀ ਦਲੇਰੀ ਦੀ ਪ੍ਰਸ਼ੰਸ਼ਾ ਕੀਤੀ।
ਇਹ ਵੀ ਜ਼ਿਕਰਯੋਗ ਹੈ ਕਿ ਜੋਤੀ ਮਾਨ ਅਜੇ ਵੀ ਹਸਪਤਾਲ ਵਿਚ ਇਲਾਜ ਅਧੀਨ ਹੈ ਅਤੇ ਪੀਲ ਪੁਲਿਸ ਉਸ ਦੇ ਹਮਲਾਵਰਾਂ ਨੂੰ ਫੜਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ ਪ੍ਰੰਤੂ ਅਜੇ ਤੱਕ ਵੀ ਕੋਈ ਠੋਸ ਸਬੂਤ ਜਾਂ ਹਮਲਾਵਰਾਂ ਦੀ ਜਾਣਕਾਰੀ ਨਹੀਂ ਮਿਲੀ ਹੈ। ਬਰੈਂਪਟਨ ਵਿਚ ਦਿਨੋਂ-ਦਿਨ ਵਧ ਰਹੀਆਂ ਅਪਰਾਧ ਦੀਆਂ ਘਟਨਾਵਾਂ ਇਨ੍ਹਾਂ ਆਉਣ ਵਾਲੀਆਂ ਮਿਊਂਸਪਲ ਚੋਣਾਂ ਵਿਚ ਸਭ ਤੋਂ ਵੱਡਾ ਮੁੱਦਾ ਬਣ ਕੇ ਉਭਰ ਰਹੀਆਂ ਹਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …