ਮਾਮਲਾ ਕਰਨਾਟਕ ਦੀ ਰਾਜਧਾਨੀ ਬੰਗਲੁਰੂ ਦੇ ਇਕ ਕਾਲਜ ਦਾ
ਬੰਗਲੁਰੂ/ਬਿਊਰੋ ਨਿਊਜ਼ : ਕਰਨਾਟਕ ਵਿਚ ਹਿਜਾਬ ਵਿਵਾਦ ਦੇ ਚੱਲਦਿਆਂ ਅਖੰਡ ਕੀਰਤਨੀ ਜਥੇ ਨਾਲ ਸਬੰਧਤ ਇਕ ਵਿਦਿਆਰਥਣ ਅਮਿਤੇਸ਼ਵਰ ਕੌਰ ਨੂੰ ਬੈਂਗਲੁਰੂ ਦੇ ਕਾਲਜ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਧਿਆਨ ਰਹੇ ਇਸ ਸਿੱਖ ਵਿਦਿਆਰਥਣ ਨੇ ਦਸਤਾਰ ਪਹਿਨੀ ਹੋਈ ਸੀ।
ਇਸ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਕਾਲਜ ਵਲੋਂ 10 ਫਰਵਰੀ ਨੂੰ ਕਰਨਾਟਕ ਹਾਈਕੋਰਟ ਵਲੋਂ ਜਾਰੀ ਹੋਏ ਅੰਤਰਿਮ ਨਿਰਦੇਸ਼ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਵਿਚ ਡਰੈਸ ਕੋਡ ਦੀ ਗੱਲ ਕਹੀ ਗਈ ਹੈ। ਕਰਨਾਟਕ ਹਾਈਕੋਰਟ ਦੇ ਨਿਰਦੇਸ਼ ਵਿਚ ਕਿਹਾ ਗਿਆ ਸੀ ਕਿ ਵਿਦਿਆਰਥੀਆਂ ਨੂੰ ਭਗਵਾਂ ਸ਼ਾਲ, ਹਿਜਾਬ ਅਤੇ ਧਾਰਮਿਕ ਝੰਡੇ ਜਾਂ ਇਸ ਤਰ੍ਹਾਂ ਦੇ ਕਿਸੇ ਧਾਰਮਿਕ ਕੱਪੜਿਆਂ ਨੂੰ ਕਾਲਜਾਂ ਦੀਆਂ ਜਮਾਤਾਂ ‘ਚ ਪਹਿਨਣ ਦੀ ਮਨਾਹੀ ਹੈ। ਇਸਦੇ ਚੱਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੈਂਗਲੁਰੂ ਦੇ ਇਕ ਕਾਲਜ ਵਲੋਂ ਅੰਮ੍ਰਿਤਧਾਰੀ ਗੁਰਸਿੱਖ ਵਿਦਿਆਰਥਣ ਨੂੰ ਦਸਤਾਰ ਉਤਾਰ ਕੇ ਕਾਲਜ ਆਉਣ ਲਈ ਆਖਣ ‘ਤੇ ਸਖਤ ਇਤਰਾਜ਼ ਕੀਤਾ ਹੈ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵਲੋਂ ਕਰਨਾਟਕ ਦੇ ਮੁੱਖ ਮੰਤਰੀ ਨੂੰ ਇਕ ਪੱਤਰ ਲਿਖ ਕੇ ਜਿੱਥੇ ਸੂਬੇ ਵਿਚ ਸਿੱਖਾਂ ਦੀ ਧਾਰਮਿਕ ਆਜ਼ਾਦੀ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ, ਉਥੇ ਹੀ ਭਾਰਤ ਲਈ ਸਿੱਖਾਂ ਦੇ ਯੋਗਦਾਨ ਨੂੰ ਵੀ ਯਾਦ ਕਰਵਾਇਆ ਗਿਆ ਹੈ।