Breaking News
Home / ਹਫ਼ਤਾਵਾਰੀ ਫੇਰੀ / ਸਾਡੇ ਕੰਮਾਂ ਕਾਰਨ ਓਨਟਾਰੀਓ ਦੇ ਲੋਕ ਸਾਨੂੰ ਮੁੜ ਜ਼ਰੂਰ ਚੁਣਨਗੇ

ਸਾਡੇ ਕੰਮਾਂ ਕਾਰਨ ਓਨਟਾਰੀਓ ਦੇ ਲੋਕ ਸਾਨੂੰ ਮੁੜ ਜ਼ਰੂਰ ਚੁਣਨਗੇ

ਪ੍ਰੀਮੀਅਰ ਕੈਥਲਿਨ ਵਿੰਨ ਦੀ ਰੇਡੀਓ ਪਰਵਾਸੀ ‘ਤੇ ਖਾਸ ਇੰਟਰਵਿਊ
ਮਿਸੀਸਾਗਾ/ਪਰਵਾਸੀ ਬਿਊਰੋ : ਲੰਘੇ ਐਤਵਾਰ ਨੂੰ ਓਨਟਾਰੀਓ ਦੇ ਪ੍ਰੀਮੀਅਰ ਕੈਥਲਿਨ ਵਿੰਨ ਨੇ ਅਦਾਰਾ ਪਰਵਾਸੀ ਦੇ ਮਾਲਟਨ ਸਥਿਤ ਦਫਤਰ ਦਾ ਦੌਰਾ ਕੀਤਾ ਅਤੇ ਲਗਭਗ ਇਕ ਘੰਟਾ ਕਈ ਵਿਸ਼ਿਆਂ ‘ਤੇ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਪਰਵਾਸੀ ਦੇ ਮੁਖੀ ਰਜਿੰਦਰ ਸੈਣੀ ਨਾਲ ਇਕ ਵਿਸ਼ੇਸ਼ ਇੰਟਰਵਿਊ ਰਿਕਾਰਡ ਕੀਤੀ। ਪੇਸ਼ ਹਨ ਇਸ ਇੰਟਰਵਿਊ ਦੇ ਕੁਝ ਵਿਸ਼ੇਸ਼ ਅੰਸ਼:
ਸਵਾਲ: ਚਾਰ ਸਾਲ ਪਹਿਲਾਂ ਜਦੋਂ ਤੁਸੀਂ ਪ੍ਰੀਮੀਅਰ ਬਣੇ ਸੀ, ਤੁਸੀਂ ਨਵੀਆਂ ਪਾਲਸੀਆਂ ਜਾਂ ਕਾਨੂੰਨ ਬਨਾਉਣਾ ਚਾਹੁੰਦੇ ਸੀ, ਹੁਣ ਤੱਕ ਦੇ ਆਪਣੀ ਸਰਕਾਰ ਦੇ ਕੰਮ-ਕਾਜ ਤੋਂ ਤੁਸੀਂ ਕਿੰਨਾ ਕੁ ਖੁਸ਼ ਹੋ?
ਪ੍ਰੀਮੀਅਰ: ਚਾਰ ਸਾਲ ਪਹਿਲਾਂ ਜਦੋਂ ਮੈਂ ਪ੍ਰੀਮੀਅਰ ਬਣੀ ਤਾਂ ਰਿਸੈਸ਼ਨ ਸੀ। ਮੈਂ ਵਾਅਦਾ ਕੀਤਾ ਸੀ ਕਿ ਅਸੀਂ ਨਵੀਆਂ ਸੜਕਾਂ, ਪੁਲ, ਹਸਪਤਾਲ ਅਤੇ ਹੋਰ ਕੰਮਾਂ ਵਿੱਚ ਪੈਸਾ ਖਰਚ ਕਰਕੇ ਨਵੀਆਂ ਨੌਕਰੀਆਂ ਪੈਦਾ ਕਰਾਂਗੇ। ਅਸੀਂ ਕੈਨੇਡਾ ਪੈਨਸ਼ਨ ਪਲਾਨ ਤੋਂ ਇਲਾਵਾ ਵੀ ਰਿਟਾਇਰਮੈਂਟ ਪਲੈਨ ਤਿਆਰ ਕੀਤਾ, ਜੋ 2019 ਵਿੱਚ ਹੁਣ ਸਾਰੇ ਕੈਨੇਡਾ ਵਿੱਚ ਲਾਗੂ ਹੋਵੇਗਾ। ਅਸੀਂ ਬਾਕੀ ਸੂਬਿਆਂ ਨਾਲੋਂ ਜ਼ਿਆਦਾ ਗਤੀ ਨਾਲ ਤੱਰਕੀ ਕਰ ਰਹੇ ਹਾਂ। ਪਰੰਤੂ ਇਸ ਦਾ ਫਾਇਦਾ ਬਹੁਤ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਸੀ। ਇਸ ਲਈ ਅਸੀਂ ਘੱਟੋ-ਘੱਟ 14 ਡਾਲਰ ਪ੍ਰਤੀ ਘੰਟਾ ਹੁਣ ਅਤੇ 2019 ਵਿੱਚ 15 ਡਾਲਰ ਉਜਰਤ ਕਰਕੇ ਸਭ ਤੱਕ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਘੱਟ ਆਮਦਨ ਵਾਲੇ ਲੋਕਾਂ ਦੇ ਬੱਚਿਆਂ ਲਈ ਯੂਨੀਵਰਸਿਟੀ ਵਿੱਚ ਫਰੀ ਟਿਊਸ਼ਨ ਫੀਸ ਅਤੇ 25 ਸਾਲ ਤੱਕ ਦੇ ਬੱਚਿਆਂ ਲਈ ਮੁਫਤ ਦਵਾਈਆਂ ਵੀ ਇਸ ਦਾ ਹੀ ਹਿੱਸਾ ਹਨ। ਅਸੀਂ ਇਸ ਨੂੰ ਜਾਰੀ ਰੱਖਣਾ ਚਾਹੁੰਦੇ ਹਾਂ, ਇਸ ਲਈ ਮੈਂ ਮੁੜ ਚੋਣ ਲੜ ਰਹੀ ਹਾਂ।
ਸਵਾਲ: ਕੀ ਘੱਟੋ ਘੱਟ ਉਜਰਤ ਵਧਾਉਣ ਨਾਲ ਛੋਟੇ ਅਤੇ ਦਰਮਿਆਨੇ ਕਾਰੋਬਾਰੀਆਂ ‘ਤੇ ਭਾਰ ਨਹੀਂ ਵਧੇਗਾ? ਉਨ੍ਹਾਂ ਦੀ ਮਦਦ ਲਈ ਸਰਕਾਰ ਕੀ ਕਰ ਰਹੀ ਹੈ।
ਪ੍ਰੀਮੀਅਰ : ਅਸੀਂ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹਾਂ। ਅਸੀਂ ਕਾਰਪੋਰੇਟ ਟੈਕਸ 4.5% ਤੋਂ 1% ਘਟਾ ਦਿੱਤਾ ਹੈ। ਪਰੰਤੂ ਇਹ ਗੱਲ ਵੀ ਸਮਝਣੀ ਚਾਹੀਦੀ ਹੈ ਕਿ ਬਹੁਤੇ ਵਰਕਰ ਤਾਂ ਪਹਿਲਾਂ ਹੀ 15 ਡਾਲਰ ਤੋਂ ਵੱਧ ਤਨਖਾਹ ਲੈ ਰਹੇ ਹਨ।
ਸਵਾਲ: ਕਈ ਰਾਜਨੀਤਕ ਮਾਹਰ ਮੰਨਦੇ ਹਨ ਕਿ ਘੱਟੋ-ਘੱਟ ਉਜਰਤ ਵਿੱਚ ਵਾਧਾ, ਫਰੀ ਟਿਊਸ਼ਨ ਫੀਸ, ਨੌਜਵਾਨਾਂ ਨੂੰ ਮੁਫਤ ਦਵਾਈਆਂ ਵਰਗੇ ਮੁੱਦਿਆਂ ਨਾਲ ਤੁਸੀਂ ਐਨਡੀਪੀ ਦਾ ਏਜੰਡਾ ਹਾਈਜੈਕ ਕਰ ਲਿਆ ਹੈ।
ਪ੍ਰੀਮੀਅਰ: ਮੈਂ ਇਕ ਲਿਬਰਲ ਹਾਂ ਅਤੇ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਦੇਖਦੀ ਹਾਂ। ਸਾਨੂੰ ਲੋਕਾਂ ਵੱਲੋਂ ਜੋ ਵੀ ਸੁਝਾਅ ਮਿਲੇ, ਅਸੀਂ ਉਨ੍ਹਾਂ ‘ਤੇ ਅਧਾਰਤ ਹੀ ਪਾਲਸੀਆਂ ਲਾਗੂ ਕੀਤੀਆਂ ਹਨ।
ਸਵਾਲ : ਮੈਂ ਤੁਹਾਨੂੰ ਹਮੇਸ਼ਾ ਯਾਦ ਕਰਵਾਉਂਦਾ ਹਾਂ ਕਿ ਬਰੈਂਪਟਨ ਵਿੱਚ ਹਸਪਤਾਲ ਵਿੱਚ ਬਹੁਤ ਭੀੜ ਹੈ। ਪੀਲ ਰੀਜਨ ਵਿੱਚ ਆਟੋ ਇੰਸ਼ੋਰੈਂਸ ਦੇ ਰੇਟ ਬਹੁਤ ਜ਼ਿਆਦਾ ਹਨ। ਇਸ ਲਈ ਕੀ ਕਰੋਗੇ?
ਪ੍ਰੀਮੀਅਰ: ਅਸੀਂ ਬਰੈਂਪਟਨ ਵਿੱਚ ਬਰੈਂਪਟਨ ਹਸਪਤਾਲ ਵਿੱਚ 37 ਬਿਸਤਰੇ ਵਧਾ ਰਹੇ ਹਾਂ। ਜਿਹੜੇ ਲੋਕਾਂ ਨੂੰ ਘਰਾਂ ਵਿੱਚ ਬਿਹਤਰ ਇਲਾਜ ਮਿਲ ਸਕਦਾ ਹੈ, ਉਸਦਾ ਇੰਤਜ਼ਾਮ ਕਰ ਰਹੇ ਹਾਂ ਤਾਂ ਕਿ ਉਹੀ ਲੋਕ ਹਸਪਤਾਲਾਂ ਵਿੱਚ ਦਾਖਲ ਹੋਣ, ਜਿਨ੍ਹਾਂ ਨੂੰ ਲੋੜ ਹੈ। ਆਟੋ ਇੰਸ਼ੋਰੈਂਸ ਦੇ ਰੇਟ ਇਥੇ ਜ਼ਿਆਦਾ ਹਨ, ਅਸੀਂ ਇਸ ਨੂੰ ਮੰਨਦੇ ਹਾਂ। ਇਸ ਲਈ
ਕਾਫੀ ਕੁਝ ਕੀਤਾ ਹੈ। ਕਈ ਇਲਾਕਿਆਂ ਵਿੱਚ ਰੇਟ ਘਟੇ ਵੀ ਹਨ। ਪਰੰਤੂ ਇਹ ਕੋਸ਼ਿਸ਼ ਲਗਾਤਾਰ ਜਾਰੀ ਰਹੇਗੀ।
ਸਵਾਲ : ਪੀਸੀ ਪਾਰਟੀ ਵਿੱਚ ਨਵੇਂ ਲੀਡਰ ਦੀ ਚੋਣ ਨੂੰ ਲੈ ਕੇ ਲੜਾਈ ਚਲ ਰਹੀ ਹੈ। ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਪ੍ਰੀਮੀਅਰ: ਇਹ ਉਨ੍ਹਾਂ ਦਾ ਅੰਦਰੂਨੀ ਮਾਮਲਾ ਹੈ। ਮੈਂ ਇਸ ਬਾਰੇ ਕੋਈ ਟਿੱਪਣੀ ਮੁਨਾਸਬ ਨਹੀਂ ਸਮਝਦੀ।
ਸਵਾਲ : ਤੁਹਾਡੇ ਵੱਲੋਂ ਲਾਗੂ ਕੀਤੇ ਗਏ ਕਈ ਮੁੱਦਿਆਂ ਨੂੰ, ਜੇਕਰ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਬਦਲ ਦੇਣਗੇ। ਜਿਨ੍ਹਾਂ ਵਿੱਚ ਕਾਰਬਨ ਟੈਕਸ, ਘੱਟੋ-ਘੱਟ ਉਜਰਤ ਅਤੇ ਸੈਕਸ ਐਜੁਕੇਸ਼ਨ ਦੇ ਸਿਲੇਬਸ ਦੀ ਗੱਲ ਸ਼ਾਮਲ ਹੈ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ?
ਪ੍ਰੀਮੀਅਰ: ਇਹ ਬਹੁਤ ਮੰਦਭਾਗੀ ਗੱਲ ਹੋਵੇਗੀ। ਸਾਡੇ ਬੱਚਿਆਂ ਦਾ ਭਵਿੱਖ ਵਾਤਾਵਰਣ ਦੂਸ਼ਿਤ ਹੋਣ ਕਾਰਣ ਤਬਾਹ ਹੋ ਰਿਹਾ ਹੈ। ਸਾਡੀ ਇਸ ਬਾਰੇ ਜ਼ਿੰਮੇਵਾਰੀ ਬਣਦੀ ਹੈ। ਘੱਟੋ-ਘੱਟ ਉਜਰਤ ਗਰੀਬ ਪਰਿਵਾਰਾਂ ਲਈ ਜ਼ਰੂਰੀ ਹੈ। ਇਸੇ ਤਰ੍ਹਾਂ ਇਕ ਦਹਾਕੇ ਬਾਅਦ ਬਦਲਿਆ ਸੈਕਸ ਐਜੁਕੇਸ਼ਨ ਸਿਲੇਬਸ ਵੀ ਜ਼ਰੂਰੀ ਸੀ। ਇਸ ਨਾਲ ਸਾਡੇ ਬੱਚੇ ਸੁਰੱਖਿਅਤ ਰਹਿਣਗੇ।
ਸਵਾਲ : ਹਾਈਵੇ 413 ਕਦੋਂ ਬਣੇਗਾ?
ਪ੍ਰੀਮੀਅਰ: ਅਸੀਂ ਫੈਸਲਾ ਕੀਤਾ ਹੈ ਕਿ ਪੁਰਾਣੀ ਨਿਰਧਾਰਤ ਥਾਂ ਤੇ ਅਸੀਂ ਇਹ ਹਾਈਵੇ ਨਹੀਂ ਬਣਾਵਾਂਗੇ। ਬਲਕਿ ਟ੍ਰੈਫਿਕ ਘਟਾਉਣ ਲਈ ਮੌਜੂਦਾ ਹਾਈਵਿਆਂ ਵਿੱਚ ਵਿਸਥਾਰ ਕਰਾਂਗੇ। ਕਈ ਨਵੇਂ ਪ੍ਰਾਜੈਕਟ ਇਸ ਲਈ ਸ਼ੁਰੂ ਕੀਤੇ ਜਾ ਰਹੇ ਹਨ।
ਸਵਾਲ : ਲੋਕ ਮੁੜ ਤੁਹਾਡੀ ਸਰਕਾਰ ਨੂੰ ਕਿਉਂ ਚੁਨਣ?
ਪ੍ਰੀਮੀਅਰ: ਅਸੀਂ ਪੂਰੀ ਇਮਾਨਦਾਰੀ ਨਾਲ ਚਾਰ ਸਾਲ ਕੰਮ ਕੀਤਾ ਹੈ। ਘੱਟੋ-ਘੱਟ ਉਜਰਤ ਵਧਾਈ ਹੈ। ਨੌਜਵਾਨਾਂ ਲਈ ਟਿਊਸ਼ਨ ਫੀਸ ਅਤੇ ਦਵਾਈਆਂ ਫਰੀ ਕੀਤੀਆਂ ਹਨ। ਬਿਜਲੀ ਦਰਾਂ 25% ਘਟਾਈਆਂ ਹਨ। ਬਹੁਤ ਕੰਮ ਕੀਤੇ ਹਨ। ਪਰੰਤੂ ਇਹ ਕੰਮਾਂ ਨੂੰ ਜਾਰੀ ਰੱਖਣਾ ਚਾਹੁੰਦੇ ਹਾਂ। ਮੈਨੂੰ ਪੂਰੀ ਉਮੀਦ ਹੈ ਕਿ ਓਨਟਾਰੀਓ ਦੇ ਲੋਕ ਸਾਨੂੰ ਇਸ ਵਾਰ ਮੌਕਾ ਫਿਰ ਦੇਣਗੇ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …