Breaking News
Home / ਪੰਜਾਬ / ਕਾਂਗਰਸ ਸਿੱਖਾਂ ਦੇ ਜ਼ਖਮਾਂ ‘ਤੇ ਕਦੋਂ ਤੱਕ ਲੂਣ ਛਿੜਕਦੀ ਰਹੇਗੀ : ਨਰਿੰਦਰ ਮੋਦੀ

ਕਾਂਗਰਸ ਸਿੱਖਾਂ ਦੇ ਜ਼ਖਮਾਂ ‘ਤੇ ਕਦੋਂ ਤੱਕ ਲੂਣ ਛਿੜਕਦੀ ਰਹੇਗੀ : ਨਰਿੰਦਰ ਮੋਦੀ

ਬਠਿੰਡਾ/ਬਿਊਰੋ ਨਿਊਜ਼ : ਬਠਿੰਡਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਕਾਲੀ-ਭਾਜਪਾ ਗੱਠਜੋੜ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿਚ ਕੀਤੀ ‘ਵਿਜੈ ਸੰਕਲਪ ਰੈਲੀ’ ਨੂੰ ਸਥਾਨਕ ਥਰਮਲ ਗਰਾਊਂਡ ਵਿਖੇ ਸੰਬੋਧਨ ਕਰਦਿਆਂ ਇਕ ਵਾਰ ਫਿਰ ਕਾਂਗਰਸ ‘ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ 1984 ਸਿੱਖ ਕਤਲੇਆਮ ਨੂੰ ਸਹੀ ਠਹਿਰਾਅ ਕੇ ਕਦੋਂ ਤੱਕ ਸਿੱਖਾਂ ਦੇ ਜ਼ਖ਼ਮਾਂ ‘ਤੇ ਕਾਂਗਰਸ ਲੂਣ ਛਿੜਕਦੀ ਰਹੇਗੀ। ਇਕੱਠ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਆਪਣੇ ਸਿਆਸੀ ਗੁਰੂ ਤੇ ਸਲਾਹਕਾਰ ਦੇ 1984 ਵਿਚ ਸਿੱਖਾਂ ਦੇ ਕਤਲੇਆਮ ਨੂੰ ਸਹੀ ਠਹਿਰਾਉਣ ਵਾਲੇ ਬਿਆਨ ਉੱਤੇ ਸ਼ਰਮ ਆਉਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਨੇ ਚੋਣ ਰੈਲੀ ਵਿੱਚ ’84 ਦੇ ਕਤਲੇਆਮ ਲਈ ਕਾਂਗਰਸ ਨੂੰ ਰੱਜ ਕੇ ਭੰਡਿਆ।
ਉਨ੍ਹਾਂ ਕਿਹਾ ਕਿ ‘ਚੌਕੀਦਾਰ’ ਨੇ ’84 ਦੇ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਸਿੱਖ ਕੌਮ ਨੂੰ ਇਨਸਾਫ ਦਿਵਾਇਆ ਜਦੋਂਕਿ ਨਾਮਦਾਰ (ਰਾਹੁਲ ਗਾਂਧੀ) ਨੇ ਸਿਰਫ਼ ਦਿਖਾਵਾ ਕਰ ਛੱਡਿਆ। ਉਨ੍ਹਾਂ ਕਿਹਾ ਕਿ ਹੁਣ ਨਾਮਦਾਰ ਦੇ ਸਿਆਸੀ ਗੁਰੂ ਸੈਮ ਪਿਤਰੋਦਾ ਨੇ ’84 ਦੇ ਕਤਲੇਆਮ ਬਾਰੇ ‘ਜੋ ਹੂਆ ਤੋ ਹੂਆ’ ਆਖ ਕੇ ਘਰ ਦਾ ਭੇਤ ਜਨਤਕ ਤੌਰ ‘ਤੇ ਖੋਲ੍ਹ ਦਿੱਤਾ ਹੈ। ਹੁਣ ਨਾਮਦਾਰ ਪਿਤਰੋਦਾ ਨੂੰ ਮਹਿਜ਼ ਡਾਂਟਣ ਦਾ ਵਿਖਾਵਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਮ ਪਿਤਰੋਦਾ ਦਾ ਬਿਆਨ ਕਾਂਗਰਸ ਦੀ ਸੋਚ ਤੇ ਹੰਕਾਰ ਨੂੰ ਦਰਸਾਉਂਦਾ ਹੈ। ਕਾਂਗਰਸ ਦੀਆਂ ਕਰਤੂਤਾਂ ਕਰਕੇ ਕਤਲੇਆਮ ਪੀੜਤਾਂ ਨੂੰ ਨਿਆਂ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਮਹਿਜ਼ ਕਮੇਟੀਆਂ ਤੇ ਕਮਿਸ਼ਨ ਬਣਾ ਕੇ ਇਸ ਪੂਰੇ ਮਾਮਲੇ ਨੂੰ ਰਫਾ ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ। ਮੋਦੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ’84 ਦੇ ਮਾਮਲੇ ਵਿਚ ਇਨਸਾਫ ਦੇ ਕੇ ਪੰਜ ਸਾਲ ਪਹਿਲਾਂ ਕੀਤਾ ਵਾਅਦਾ ਪੂਰਾ ਕੀਤਾ ਹੈ। ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਜ਼ਿਆਦਾ ਸਮਾਂ ਬਾਹਰ ਨਹੀਂ ਰਹਿਣ ਦਿਆਂਗੇ।
ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਨੂੰ ਦੇਸ਼ ਵੰਡ ਮੌਕੇ ਪਾਕਿਸਤਾਨ ਵਿੱਚ ਜਾਣ ਦੇਣਾ, ਕਾਂਗਰਸ ਦੀ ਸਿੱਖ ਆਸਥਾ ਪ੍ਰਤੀ ਅਸੰਵੇਦਨਸ਼ੀਲਤਾ ਦਾ ਪ੍ਰਤੱਖ ਪ੍ਰਮਾਣ ਹੈ। ਐਨਡੀਏ ਸਰਕਾਰ ਅੱਜ ਕਰਤਾਰਪੁਰ ਕੌਰੀਡੋਰ ਬਣਾ ਰਹੀ ਹੈ, ਪਰ ਕਾਂਗਰਸੀ ਪਾਕਿਸਤਾਨ ਦੇ ਗੁਣਗਾਣ ਗਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਨਾਲ ਵੀ ਠੱਗੀ ਕੀਤੀ। ਕਰਜ਼ਾ ਮੁਆਫੀ ਦਾ ਢੰਡੋਰਾ ਹਰ 10 ਸਾਲਾਂ ਮਗਰੋਂ ਪਿੱਟ ਦਿੱਤਾ ਜਾਂਦਾ ਹੈ। ਕਾਂਗਰਸ ਦੀ ਠੱਗੀ ਦੇ ਸਦਮੇ ਕਰਕੇ ਹੀ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ।

Check Also

ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ

ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …