ਮੁਹੰਮਦ ਸਦੀਕ ਦੇ ਹੱਕ ‘ਚ ਕੀਤੀ ਰੈਲੀ ਦੌਰਾਨ ਬੇਅਬਦੀ ਦਾ ਮਾਮਲਾ ਵੀ ਚੁੱਕਿਆ
ਬਰਗਾੜੀ/ਮੁੱਲਾਂਪੁਰ ਦਾਖਾ/ਬਿਊਰੋ ਨਿਊਜ਼ : ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪਿੰਡ ਬਰਗਾੜੀ ਵਿਚ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਦੇ ਹੱਕ ਵਿਚ ਚੋਣ ਰੈਲੀ ਕਰਦਿਆਂ ਬੇਅਦਬੀ ਦਾ ਮੁੱਦਾ ਛੋਹਿਆ ਤੇ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਰਵਾਈ ਦਾ ਅਹਿਦ ਵੀ ਦੁਹਰਾਇਆ। ਰਾਹੁਲ ਗਾਂਧੀ ਨੇ ਕਿਹਾ ਕਿ ‘ਨੋਟਬੰਦੀ’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਰਥਿਕ ‘ਪਾਗਲਪਨ’ ਸੀ। ਉਨ੍ਹਾਂ ਕਿਹਾ ਕਿ ‘ਨੋਟਬੰਦੀ’ ਕਾਰਨ ਮੁਲਕ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੀ ਕਸਰ ‘ਗੱਬਰ ਸਿੰਘ ਟੈਕਸ’ (ਜੀਐੱਸਟੀ) ਨੇ ਕੱਢ ਦਿੱਤੀ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬੇਅਦਬੀ ਮਾਮਲੇ ਤੋਂ ਬਾਅਦ ਉਹ ਇਸ ਇਲਾਕੇ ਵਿਚ ਪੀੜਤਾਂ ਦਾ ਹਾਲ-ਚਾਲ ਪੁੱਛਣ ਆਏ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦਿਆਂ ਰਾਹੁਲ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਦੇਸ਼ ਨੂੰ ਤਬਾਹੀ ਵੱਲ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ‘ਨਿਆਏ’ ਯੋਜਨਾ ਆਰਥਿਕ ਸੰਕਟ ਵਿਚੋਂ ਦੇਸ਼ ਨੂੰ ਉਭਾਰੇਗੀ। ਉਨ੍ਹਾਂ ਆਪਣੇ ਭਾਸ਼ਨ ਦੀ ਸ਼ੁਰੂਆਤ ਰੈਲੀ ਵਿਚ ਹਾਜ਼ਰ ਲੋਕਾਂ ਤੋਂ ‘ਚੌਕੀਦਾਰ ਚੋਰ ਹੈ’ ਦੇ ਨਾਅਰਿਆਂ ਨਾਲ ਕਰਵਾਈ।
ਉਨ੍ਹਾਂ ਕਿਹਾ ਕਿ ਮੋਦੀ ਨੇ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀਆਂ ਆਰਥਿਕ ਨੀਤੀਆਂ ਦਾ ਕਈ ਵਾਰ ਮਜ਼ਾਕ ਉਡਾਇਆ ਸੀ ਪਰ ਉਨ੍ਹਾਂ ਦੀਆਂ ਨੀਤੀਆਂ ਨੂੰ ਸਮੇਂ ਨੇ ਸਹੀ ਸਾਬਿਤ ਕਰ ਦਿੱਤਾ ਹੈ ਅਤੇ ਖ਼ੁਦ ਮੋਦੀ ਮਜ਼ਾਕ ਦੇ ਪਾਤਰ ਬਣ ਗਏ ਹਨ। ਕਾਂਗਰਸ ਪ੍ਰਧਾਨ ਨੇ ਵਾਅਵਾ ਕੀਤਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਆਉਣ ‘ਤੇ ਕਿਸਾਨਾਂ ਨੂੰ ਸੰਕਟ ਵਿਚੋਂ ਕੱਢਣ ਅਤੇ ਬੇਰੁਜ਼ਗਾਰੀ ਦੇ ਹੱਲ ਲਈ ਵੱਡੇ ਪੱਧਰ ‘ਤੇ ਯਤਨ ਕੀਤੇ ਜਾਣਗੇ। ਰੈਲੀ ਨੂੰ ਫ਼ਰੀਦਕੋਟ ਹਲਕੇ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ, ਕਾਂਗਰਸ ਚੋਣ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਲਾਲ ਸਿੰਘ, ਬਿਜਲੀ ਮੰਤਰੀ ਗੁਰਪ੍ਰੀਤ ਕਾਂਗੜ, ਵਿਧਾਇਕ ਕੁਸ਼ਲਦੀਪ ਢਿੱਲੋਂ, ਹਰਜੋਤ ਕਮਲ, ਦਰਸ਼ਨ ਬਰਾੜ ਨੇ ਵੀ ਸੰਬੋਧਨ ਕੀਤਾ।
ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿਚ ਰੱਖੀ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਲੁਧਿਆਣਾ ਦੀਆਂ ਸਨਅਤਾਂ ਦੇ ਨੁਕਸਾਨ ਲਈ ਮੋਦੀ ਜ਼ਿੰਮੇਵਾਰ ਹਨ। ਰੈਲੀ ਮੁੱਲਾਂਪੁਰ ਦਾਖਾ ਦੇ ਦੁਸਹਿਰਾ ਗਰਾਊਂਡ ਵਿਚ ਰੱਖੀ ਗਈ ਸੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਨੋਟਬੰਦੀ ਕਰਨ ਦਾ ਮਕਸਦ ਛੋਟੇ ਕਾਰੋਬਾਰੀਆਂ ਨੂੰ ਖ਼ਤਮ ਕਰਨਾ ਸੀ ਤਾਂ ਜੋ ਸਾਰਾ ਕੰਮ ਵੱਡੇ ਕਾਰੋਬਾਰੀਆਂ ਕੋਲ ਚਲਿਆ ਜਾਵੇ।
ਖ਼ੁਦ ਟਰੈਕਟਰ ਚਲਾ ਕੇ ਹੈਲੀਪੈਡ ਤੱਕ ਪੁੱਜੇ ਰਾਹੁਲ
ਲੁਧਿਆਣਾ: ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਬਿੱਟੂ ਦੇ ਹੱਕ ਵਿਚ ਰੈਲੀ ਲਈ ਪੁੱਜੇ ਰਾਹੁਲ ਗਾਂਧੀ ਖ਼ੁਦ ਟਰੈਕਟਰ ਚਲਾ ਕੇ ਰੈਲੀ ਸਥਾਨ ਤੋਂ ਹੈਲੀਕਾਪਟਰ ਤੱਕ ਪੁੱਜੇ। ਟਰੈਕਟਰ ‘ਤੇ ਉਨ੍ਹਾਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਆਸ਼ਾ ਕੁਮਾਰੀ ਤੇ ਰਵਨੀਤ ਸਿੰਘ ਬਿੱਟੂ ਵੀ ਮੌਜੂਦ ਸਨ। ਮੁੱਲਾਂਪੁਰ ਦਾਖਾ ਵਿਚ ਰੈਲੀ ਵਾਲੀ ਥਾਂ ਤੋਂ ਹੈਲੀਪੈਡ ਥੋੜ੍ਹੀ ਦੂਰ ਬਣਾਇਆ ਗਿਆ ਸੀ। ਐੱਸਪੀਜੀ ਦੇ ਸੁਰੱਖਿਆ ਗਾਰਡ ਉਨ੍ਹਾਂ ਦੇ ਮਗਰ-ਮਗਰ ਹੀ ਰਹੇ। ਟਰੈਕਟਰ ਉੱਥੇ ਪਹਿਲਾਂ ਹੀ ਮੰਗਵਾਇਆ ਗਿਆ ਸੀ। ਨੀਲੇ ਰੰਗ ਦੇ ਟਰੈਕਟਰ ‘ਤੇ ਕਾਂਗਰਸ ਦੇ ਝੰਡੇ ਲੱਗੇ ਸਨ ਤੇ ਉਹ ਆਗੂਆਂ ਨੂੰ ਨਾਲ ਬਿਠਾ ਕੇ ‘ਗੇੜੀ’ ਉਤੇ ਨਿਕਲ ਗਏ।
Check Also
ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਯਾਤਰਾ ਚੌਥੇ ਦਿਨ ਵੀ ਜਾਰੀ
ਲੋਕਾਂ ਵੱਲੋਂ ਥਾਂ-ਥਾਂ ’ਤੇ ਯਾਤਰਾ ਕੀਤਾ ਗਿਆ ਸਵਾਗਤ ਗੁਰਦਾਸਪੁਰ/ਬਿਊਰੋ ਨਿਊਜ਼ : ਪੰਜਾਬ ਦੇ ਰਾਜਪਾਲ ਗੁਲਾਬ …