Breaking News
Home / ਪੰਜਾਬ / ਸ਼ਹੀਦਾਂ ਦੇ ਪਿੰਡਾਂ ਦੀ ਮਿੱਟੀ ਦਿੱਲੀ ਕਿਸਾਨ ਮੋਰਚੇ ‘ਚ ਪੁੱਜੀ

ਸ਼ਹੀਦਾਂ ਦੇ ਪਿੰਡਾਂ ਦੀ ਮਿੱਟੀ ਦਿੱਲੀ ਕਿਸਾਨ ਮੋਰਚੇ ‘ਚ ਪੁੱਜੀ

ਬੀਬੀਆਂ ਤੇ ਕਿਸਾਨ ਪਰਿਵਾਰ ਮਿੱਟੀ ਨਾਲ ਭਰੀਆਂ ਮਟਕੀਆਂ ਲੈ ਕੇ ਪਹੁੰਚੇ ਦਿੱਲੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸ਼ਹੀਦਾਂ ਦੇ ਪਿੰਡਾਂ ਦੀ ਮਿੱਟੀ ਦਿੱਲੀ ਦੇ ਬਾਰਡਰਾਂ ‘ਤੇ ਪਹੁੰਚਾ ਦਿੱਤੀ ਗਈ ਹੈ। ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬੀਬੀਆਂ ਤੇ ਕਿਸਾਨ ਪਰਿਵਾਰ ਮਿੱਟੀ ਨਾਲ ਭਰੀਆਂ ਮਟਕੀਆਂ ਲੈ ਕੇ ਮੰਚ ਤੱਕ ਪਹੁੰਚੇ।
ਸਿੰਘੂ ਬਾਰਡਰ ‘ਤੇ ਯੋਗਿੰਦਰ ਯਾਦਵ ਅਤੇ ਮੇਧਾ ਪਾਟੇਕਰ ਸਮੇਤ ਹੋਰ ਸਮਾਜਕ ਕਾਰਕੁਨ ਹਾਜ਼ਰ ਸਨ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਮਿੱਟੀ ਸੱਤਿਆਗ੍ਰਹਿ ਯਾਤਰਾ ਦੇਸ਼ ਭਰ ਵਿੱਚ ਕੱਢੀ ਗਈ ਸੀ। ਯਾਤਰਾ ਰਾਹੀਂ ਉਭਾਰੀਆਂ ਮੰਗਾਂ ‘ਚ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨਾ, ਸਾਰੇ ਖੇਤੀ ਉਤਪਾਦਾਂ ਦੀ ਐੱਮਐੱਸਪੀ ਖ਼ਰੀਦ ‘ਤੇ ਕਾਨੂੰਨੀ ਗਾਰੰਟੀ ਤੇ ਬਿਜਲੀ ਸੋਧ ਬਿੱਲ ਅਤੇ ਹੋਰ ਮੰਗਾਂ ਸ਼ਾਮਲ ਹਨ।
ਮਿੱਟੀ ਸੱਤਿਆਗ੍ਰਹਿ ਯਾਤਰਾ 30 ਮਾਰਚ ਨੂੰ ਡਾਂਡੀ (ਗੁਜਰਾਤ) ਤੋਂ ਸ਼ੁਰੂ ਹੋਈ ਤੇ ਰਾਜਸਥਾਨ, ਹਰਿਆਣਾ, ਪੰਜਾਬ ਦੇ ਰਸਤੇ ਦਿੱਲੀ ਦੀਆਂ ਸਰਹੱਦਾਂ ‘ਤੇ ਪਹੁੰਚੀ। ਦੌਰੇ ਦੌਰਾਨ ਸਾਰੇ ਦੇਸ਼ ਤੋਂ 23 ਰਾਜਾਂ ਦੇ 1500 ਪਿੰਡਾਂ ਦੀ ਮਿੱਟੀ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਦਿੱਲੀ ਪਹੁੰਚੀ। ਮਿੱਟੀ ਮੁੱਖ ਤੌਰ ‘ਤੇ ਇਤਿਹਾਸਕ ਥਾਵਾਂ ਤੋਂ ਲਿਆਂਦੀ ਗਈ ਹੈ ਤੇ ਇਨ੍ਹਾਂ ‘ਚ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ, ਸ਼ਹੀਦ ਸੁਖਦੇਵ ਦੇ ਪਿੰਡ ਨੌਘਰਾ ਜ਼ਿਲ੍ਹਾ ਲੁਧਿਆਣਾ, ਸ਼ਹੀਦ ਊਧਮ ਸਿੰਘ ਦਾ ਪਿੰਡ ਸੁਨਾਮ ਜ਼ਿਲ੍ਹਾ ਸੰਗਰੂਰ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੇ 800 ਪਿੰਡਾਂ ‘ਚੋਂ ਮਹਾਰਾਸ਼ਟਰ ਦੇ 150 ਪਿੰਡ, ਰਾਜਸਥਾਨ ਦੇ 200 ਪਿੰਡਾਂ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ 75 ਪਿੰਡਾਂ, ਉੱਤਰ ਪ੍ਰਦੇਸ਼ ਤੇ ਬਿਹਾਰ ਦੇ 30 ਪਿੰਡਾਂ, ਹਰਿਆਣਾ ਦੇ 60 ਪਿੰਡਾਂ, ਪੰਜਾਬ ਦੇ 78 ਪਿੰਡਾਂ ਦੀ ਮਿੱਟੀ ਤੋਂ ਇਲਾਵਾ ਓੜੀਸਾ ਦੇ ਨਵਰੰਗਪੁਰ ਜ਼ਿਲ੍ਹੇ ਦੇ ਪਿੰਡ ਪਾਪੜਹਿੰਦੀ ਦੀ ਮਿੱਟੀ ਵੀ ਲਿਆਂਦੀ ਗਈ ਹੈ ਜਿੱਥੇ ਸੰਨ 1942 ਵਿੱਚ ਅੰਗਰੇਜ਼ਾਂ ਨੇ 19 ਸੱਤਿਆਗ੍ਰਹੀ ਮਾਰੇ ਸਨ।
ਉਨ੍ਹਾਂ ਕਿਹਾ ਕਿ ਸੰਬਲਪੁਰ ਦੇ ਸ਼ਹੀਦ ਵੀਰ ਸੁਰੇਂਦਰ ਸਾਈ, ਸੁਕਟੇਲ ਡੈਮ ਅੰਦੋਲਨ ਦੇ ਪਿੰਡ ਤੇ ਉੜੀਸਾ ਦੇ ਹੋਰ 20 ਜ਼ਿਲ੍ਹਿਆਂ ਦੇ 20 ਪਿੰਡ, ਛੱਤੀਸਗੜ੍ਹ ਵਿੱਚ ਬਸਤਰ, ਸ਼ਹੀਦ ਗੁੰਡਾਧੂਰ ਪਿੰਡ ਨੇਤਨਰ, ਦੱਲੀ ਰਾਜਹਾਰਾ, ਕੰਡੇਲ, ਮੰਦਸੌਰ ਵਿੱਚ ਕਿਸਾਨਾਂ ਦੀ ਸ਼ਹਾਦਤ ਵਾਲੀ ਜਗ੍ਹਾ, ਛਤਰਪੁਰ, ਗਵਾਲੀਅਰ ਵਿੱਚ ਵੀਰਾਂਗਨਾ ਲਕਸ਼ਮੀ ਬਾਈ ਦੀ ਸ਼ਹਾਦਤ ਵਾਲੀ ਜਗ੍ਹਾ, ਮੱਧ ਪ੍ਰਦੇਸ਼ ਦੇ 25, ਜ਼ਿਲ੍ਹਿਆਂ ਦੇ 50 ਪਿੰਡਾਂ ਦੀ ਮਿੱਟੀ ਦਿੱਲੀ ਦੀਆਂ ਸਰਹੱਦਾਂ ‘ਤੇ ਪਹੁੰਚੀ। ਦਿੱਲੀ ਦੇ ਸਮਾਜਿਕ ਕਾਰਕੁਨ ਵੀ 20 ਥਾਵਾਂ ਦੀ ਮਿੱਟੀ ਨਾਲ ਮੋਰਚਿਆਂ ‘ਤੇ ਪਹੁੰਚੇ। ਕਿਸਾਨ-ਮੋਰਚਿਆਂ ‘ਤੇ ਸ਼ਹੀਦ ਕਿਸਾਨਾਂ ਨੂੰ ਸਮਰਪਿਤ ਯਾਦਗਾਰ ਬਣਾਈ ਗਈ ਹੈ।

Check Also

ਜੇਲ੍ਹ ’ਚ ਬੰਦ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਭਗਵੰਤ ਮਾਨ ਚਿੰਤਤ 

ਈਡੀ ਦਾ ਆਰੋਪ : ਕੇਜਰੀਵਾਲ ਜਾਣਬੁੱਝ ਕੇ ਖਾ ਰਹੇ ਹਨ ਮਿੱਠੀਆਂ ਚੀਜ਼ਾਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …