Breaking News
Home / ਜੀ.ਟੀ.ਏ. ਨਿਊਜ਼ / ਜਦੋਂ ਟਰੂਡੋ ਹੀ ਟਰੰਪ ਖਿਲਾਫ ਨਹੀਂ ਬੋਲ ਸਕੇ ਤਾਂ ਲੋਕਾਂ ਤੋਂ ਕੀ ਉਮੀਦ : ਜਗਮੀਤ ਸਿੰਘ

ਜਦੋਂ ਟਰੂਡੋ ਹੀ ਟਰੰਪ ਖਿਲਾਫ ਨਹੀਂ ਬੋਲ ਸਕੇ ਤਾਂ ਲੋਕਾਂ ਤੋਂ ਕੀ ਉਮੀਦ : ਜਗਮੀਤ ਸਿੰਘ

ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਪਾਸੇ ਕੈਨੇਡੀਅਨਾਂ ਨੂੰ ਨਸਲਵਾਦ ਖਿਲਾਫ ਆਵਾਜ਼ ਬੁਲੰਦ ਕਰਨ ਲਈ ਆਖਿਆ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਇਸੇ ਮੁੱਦੇ ਉੱਤੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕੀਤੀਆਂ ਗਈਆਂ ਭਖਵੀਆਂ ਟਿੱਪਣੀਆਂ ਬਾਰੇ ਟਰੂਡੋ ਨੇ ਕੁੱਝ ਵੀ ਆਖਣ ਤੋਂ ਟਾਲਾ ਵੱਟ ਲਿਆ। ਜਸਟਿਨ ਟਰੂਡੋ ਉੱਤੇ ਇਹ ਦਬਾਅ ਪਾਇਆ ਜਾ ਰਿਹਾ ਸੀ ਕਿ ਉਹ ਇਹ ਦੱਸਣ ਕਿ ਪੁਲਿਸ ਹਿਰਾਸਤ ਵਿੱਚ ਸਿਆਹ ਨਸਲ ਦੇ ਵਿਅਕਤੀ ਦੇ ਹੋਏ ਕਤਲ ਨਾਲ ਸਬੰਧਤ ਜਾਰੀ ਰੋਸ ਮੁਜ਼ਾਹਰਿਆਂ ਨੂੰ ਜਿਸ ਤਰ੍ਹਾਂ ਟਰੰਪ ਵੱਲੋਂ ਹੈਂਡਲ ਕੀਤਾ ਜਾ ਰਿਹਾ ਹੈ ਉਸ ਬਾਰੇ ਉਨ੍ਹਾਂ ਦੇ ਕੀ ਵਿਚਾਰ ਹਨ? ਜਾਰਜ ਫਲੌਇਡ ਨਾਂ ਦੇ ਵਿਅਕਤੀ ਦੀ ਮੌਤ ਤੋਂ ਬਾਅਦ ਦੇਸ਼ ਭਰ ਵਿੱਚ ਚੱਲ ਰਹੇ ਰੋਸ ਮੁਜ਼ਾਹਰਿਆਂ ਦਰਮਿਆਨ ਹਿੰਸਾ ਦੀਆਂ ਵਾਰਦਾਤਾਂ ਕਾਰਨ ਦੇਸ਼ ਝੰਬਿਆ ਪਿਆ ਹੈ। ਇਨ੍ਹਾਂ ਮੁਜ਼ਾਹਰਿਆਂ ਕਾਰਨ ਕਈ ਹੋਰਨਾਂ ਸ਼ਹਿਰਾਂ ਵਿੱਚ ਵੀ ਲੋਕ ਮਰ ਚੁੱਕੇ ਹਨ ਤੇ ਇਸ ਦਾ ਪ੍ਰਭਾਵ ਵਿਆਪਕ ਪੱਧਰ ਉੱਤੇ ਪਿਆ ਹੈ, ਕਈ ਥਾਂਵਾਂ ਨੂੰ ਨੁਕਸਾਨ ਵੀ ਪਹੁੰਚਿਆ ਹੈ ਤੇ ਮੀਡੀਆ ਨੂੰ ਵੀ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਟਰੰਪ ਵੱਲੋਂ ਮੁਜ਼ਾਹਰਾਕਾਰੀਆਂ ਨੂੰ ਠੱਗ ਤੇ ਅਰਾਜਕ ਤੱਕ ਦਾ ਦਰਜਾ ਦਿਤਾ ਗਿਆ ਹੈ। ਉਨ੍ਹਾਂ ਵੱਲੋਂ ਇਹ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਇਨ੍ਹਾਂ ਮੁਜ਼ਾਹਰਿਆਂ ਨੂੰ ਖ਼ਤਮ ਕਰਵਾਉਣ ਲਈ ਉਹ ਫੌਜ ਤਾਇਨਾਤ ਕਰ ਦੇਣਗੇ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਮੁਜ਼ਾਹਰਾਕਾਰੀਆਂ ਖਿਲਾਫ ਹਿੰਸਾ ਦੀ ਵਰਤੋਂ ਕਰਨ ਦੀ ਪੈਰਵੀ ਵੀ ਕੀਤੀ ਜਾ ਰਹੀ ਹੈ। ਪਿਛਲੇ ਹਫਤੇ ਜਦੋਂ ਟਰੰਪ ਵਾੲ੍ਹੀਟ ਹਾਊਸ ਦੇ ਬਾਹਰ ਫੋਟੋ-ਓਪ ਲਈ ਜਾ ਰਹੇ ਸਨ ਤਾਂ ਉਨ੍ਹਾਂ ਦਾ ਰਾਹ ਰੋਕ ਰਹੇ ਲੋਕਾਂ ਉਤੇ ਅੱਥਰੂ ਗੈਸ ਵੀ ਛੱਡੀ ਗਈ। ਜਦੋਂ ਇੱਕ ਪੱਤਰਕਾਰ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਅਮਰੀਕਾ ਵਿੱਚ ਜਾਰੀ ਇਸ ਸੰਕਟ ਬਾਰੇ ਸਵਾਲ ਪੁੱਛੇ ਗਏ ਤਾਂ ਉਹ ਲੰਮੇਂ ਸਮੇਂ ਲਈ ਚੁੱਪ ਧਾਰ ਗਏ। ਉਨ੍ਹਾਂ ਆਖਿਰਕਾਰ ਇਹ ਆਖਿਆ ਕਿ ਕੈਨੇਡੀਅਨ ਬਹੁਤ ਸਹਿਮੇ ਹੋਏ ਇਹ ਸਭ ਵੇਖ ਰਹੇ ਹਨ। ਪਰ ਉਨ੍ਹਾਂ ਕਿਤੇ ਵੀ ਟਰੰਪ ਦਾ ਜ਼ਿਕਰ ਨਹੀਂ ਕੀਤਾ ਤੇ ਨਾ ਹੀ ਉਨ੍ਹਾਂ ਵੱਲੋਂ ਕੀਤੀਆਂ ਟਿਪਣੀਆਂ ਉੱਤੇ ਹੀ ਕੋਈ ਪ੍ਰਤੀਕਿਰਿਆ ਪ੍ਰਗਟਾਈ। ਇਸ ਉੱਤੇ ਐਨਡੀਪੀ ਆਗੂ ਜਗਮੀਤ ਸਿੰਘ ਨੇ ਆਖਿਆ ਕਿ ਇਸ ਮਾਮਲੇ ਵਿੱਚ ਟਰੂਡੋ ਦੀ ਚੁੱਪੀ ਪਰੇਸ਼ਾਨ ਕਰਨ ਵਾਲੀ ਹੈ। ਕੈਨੇਡਾ ਦਾ ਪ੍ਰਧਾਨ ਮੰਤਰੀ ਹੋਣ ਨਾਤੇ ਟਰੂਡੋ ਨੂੰ ਅਮਰੀਕਾ ਵਿੱਚ ਜਾਰੀ ਨਫਰਤ ਤੇ ਨਸਲਵਾਦ ਖਿਲਾਫ ਆਵਾਜ਼ ਉਠਾਉਣੀ ਹੀ ਚਾਹੀਦੀ ਸੀ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …