ਵਾਅਦੇ ਪੂਰੇ ਨਾ ਕਰ ਸਕਿਆ ਤਾਂ ਰਾਜਨੀਤੀ ਛੱਡ ਦਿਆਂਗਾ
‘ਪਰਵਾਸੀ ਰੇਡੀਓ’ ‘ਤੇ ਰਜਿੰਦਰ ਸੈਣੀ ਨਾਲ ਵਿਸ਼ੇਸ਼ ਗੱਲਬਾਤ
ਮਿਸੀਸਾਗਾ/ਪਰਵਾਸੀ ਬਿਊਰੋ
ਆਪਣੀ ਚੋਣ ਮੁਹਿੰਮ ਦੀ ਤਿਆਰੀ ਵਿੱਚ ਰੁੱਝਣ ਜਾ ਰਹੇ ਓਨਟਾਰੀਓ ਦੀ ਪੀਸੀ ਪਾਰਟੀ ਦੇ ਲੀਡਰ ਪੈਟਰਿਕ ਬਰਾਊਨ ਨੇ ਮੰਨਿਆ ਹੈ ਉਨ੍ਹਾਂ ਤੋਂ ਪਹਿਲਾਂ ਦੇ ਪਾਰਟੀ ਲੀਡਰਾਂ ਨੇ ‘ਬੇਬਕੂਫਾਨਾ’ ਗਲਤੀਆਂ ਕੀਤੀਆਂ ਅਤੇ ਚੋਣ ਹਾਰ ਗਏ। ਪਰੰਤੂ ਉਹ ਅਜਿਹੀਆਂ ਗਲਤੀਆਂ ਨਹੀਂ ਕਰਨਗੇ।
ਬੀਤੇ ਬੁੱਧਵਾਰ ਨੂੰ ‘ਪਰਵਾਸੀ ਰੇਡਿਓ’ ‘ਤੇ ਰਜਿੰਦਰ ਸੈਣੀ ਹੋਰਾਂ ਨਾਲ ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਧਾਰਮਿਕ ਸਕੂਲਾਂ ਨੂੰ ਫੰਡ ਦੇਣ ਅਤੇ ਇਕ ਲੱਖ ਨੌਕਰੀਆਂ ਦੀ ਕਟੌਤੀ ਕਰਨ ਵਰਗੇ ਮੂਰਖਾਨਾ ਬਿਆਨ ਦੇਣ ਕਰਕੇ ਜੌਨ ਟੌਰੀ ਅਤੇ ਟਿੰਮ ਹੁੱਡਕ ਚੋਣ ਹਾਰ ਗਏ। ਪਰੰਤੂ ਉਹ ਅਜਿਹੀ ਗਲਤੀ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਸੇ ਕਾਰਣ ਉਨ੍ਹਾਂ ਨੇ 6 ਮਹੀਨੇ ਪਹਿਲਾਂ ਹੀ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ।
ਪੀਲ ਰੀਜਨ ਵਿੱਚ ਪਾਰਟੀ ਦੀਆਂ ਹੋਰ ਰਹੀਆਂ ਨੌਮੀਨੇਸ਼ਨ ਚੋਣਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਲ ਹੋ ਰਹੇ ਲੋਕਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਗੱਲ ਇਸ ਦਾ ਸਬੂਤ ਹੈ ਕਿ ਲੋਕ ਅਗਲੀਆਂ ਪ੍ਰੋਵਿੰਸ਼ਿਅਲ ਚੋਣਾਂ ਦੌਰਾਨ ਪੀਸੀ ਪਾਰਟੀ ਨੂੰ ਚੁਨਣ ਦਾ ਮਨ ਬਣਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਕ ਪਾਸੇ ਉਨ੍ਹਾਂ ਦੀ ਪਾਰਟੀ ਵੱਲੋਂ ਚੋਣ ਲੜਣ ਵਾਲਿਆਂ ਦੀ ਲੰਮੀ ਲਿਸਟ ਹੈ ਜਦਕਿ ਕੈਥਲੀਨ ਵਿੰਨ ਨੂੰ ਉਮੀਦਵਾਰ ਲੱਭਣੇ ਮੁਸ਼ਕਲ ਹੋ ਰਹੇ ਹਨ।
ਉਨ੍ਹਾਂ ਖੁਸ਼ੀ ਜ਼ਾਹਰ ਕੀਤੀ ਕੁਝ ਸਮੇਂ ਪਹਿਲਾਂ ਪਾਰਟੀ ਮੈਂਬਰਾਂ ਦੀ ਗਿਣਤੀ 20,000 ਸੀ ਜਦੋ ਹੁਣ 2 ਲੱਖ ਨੂੰ ਪਾਰ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੀਲ ਰੀਜਨ ਵਿੱਚ ਇੰਨੇ ਮੈਂਬਰ ਬਣ ਚੁੱਕੇ ਹਨ, ਜਿੰਨੇ ਕਿ ਪਿਛਲੀ ਵਾਰ ਵੋਟ ਵੀ ਨਹੀਂ ਪਏ ਸਨ।
ਭਾਰਤੀ ਮੂਲ ਦੇ ਲੋਕਾਂ ਵੱਲੋਂ ਮਿਲ ਰਹੇ ਸਮਰਥਨ ਬਾਰੇ ਪੁੱਛੇ ਜਾਣ ਤੇ ਊਨ੍ਹਾਂ ਕਿਹਾ ਇਸ ਦਾ ਵੱਡਾ ਕਾਰਣ ਇਹ ਵੀ ਹੈ ਕਿ ਉਨ੍ਹਾਂ ਦੇ ਭਾਰਤ ਨਾਲ ਵਿਸ਼ੇਸ਼ ਰਿਸ਼ਤਾ ਹੈ। ਉਹ ਹੁਣ ਤੱਕ 17 ਵਾਰ ਭਾਰਤ ਜਾ ਚੁੱਕੇ ਹਨ।
ੳਾਪਣੇ ‘ਪੀਪਲਸ ਗਾਰੰਟੀ’ ਪ੍ਰੋਗਰਾਮ ਬਾਰੇ ਉਨ੍ਹਾਂ ਦੱਸਿਆ ਕਿ ਇਸ ਵਿੱਚ ਮਿਡਲ ਕਲਾਸ ਨੂੰ 22.5% ਟੈਕਸ ਵਿੱਚ ਰਾਹਤ, ਹਾਈਡਰੋ ਬਿੱਲ ਵਿੱਚ 12% ਹੋਰ ਕਟੌਤੀ, ਡਾਈਲਡ ਕੇਅਰ ਵਿੱਚ 75% ਰਿਫੰਡ, ਬਜ਼ੁਰਗਾਂ ਲਈ ਡੈਂਟਲ ਕੇਅਰ, ਹਸਪਤਾਲਾਂ ਵਿੱਚ ਲੰਮੀ ਬਿਮਾਰੀ ਦੇ ਮਰੀਜ਼ਾ ਲਈ ਵਧੇਰੇ ਬਿਸਤਰੇ ਅਤੇ ਸਿਸਟਮ ਵਿੱਚ ਪਾਰਦਰਸ਼ਤਾ ਇਸ ਦੇ ਵਿਸ਼ੇਸ਼ ਅੰਗ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਜੇ ਉਹ ਇਹ ਸਾਰੀਆਂ ਪਾਲਸੀਆਂ ਲਾਗੂ ਨਹੀਂ ਕਰ ਸਕੇ ਤਾਂ ਉਹ ਰਾਜਨੀਤੀ ਹੀ ਛੱਡ ਦੇਣਗੇ।
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜੇਕਰ ਉਹ ਪ੍ਰੀਮੀਅਰ ਬਣਦੇ ਹਨ ਤਾਂ ਓਨਟੈਰਿਓ ਦੇ ਭਾਰਤ ਨਾਲ ਹੋਰ ਵੀ ਬਿਹਤਰ ਸੰਬੰਧ ਹੋਣਗੇ।
ਵਰਨਣਯੋਗ ਹੈ ਕਿ ਅਗਲੇ ਸਾਲ ਜਨਵਰੀ ਵਿੱਚ ਉਹ ਹੁਣ 18ਵੀਂ ਵਾਰ ਫਿਰ ਭਾਰਤ ਦਾ ਦੌਰਾ ਕਰਨ ਦੀ ਤਿਆਰੀ ਕਰ ਰਹੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …