Breaking News
Home / ਜੀ.ਟੀ.ਏ. ਨਿਊਜ਼ / ਪੁਲਾੜ ਦੀ ਖੋਜ ਲਈ ਫ਼ੈੱਡਰਲ ਸਰਕਾਰ 54 ਮਿਲੀਅਨ ਡਾਲਰ ਨਿਵੇਸ਼ ਕਰੇਗੀ

ਪੁਲਾੜ ਦੀ ਖੋਜ ਲਈ ਫ਼ੈੱਡਰਲ ਸਰਕਾਰ 54 ਮਿਲੀਅਨ ਡਾਲਰ ਨਿਵੇਸ਼ ਕਰੇਗੀ

ਇਹ ਰਕਮ ਓਨਟਾਰੀਓ ਦੀਆਂ ਫ਼ਰਮਾਂ ਅਤੇ ਖੋਜੀਆਂ ਨੂੰ ਪੁਲਾੜ ਵਿਚ ਰੋਬੋਟ ਭੇਜਣ ਲਈ ਖ਼ਰਚ ਕੀਤੀ ਜਾਏਗੀ, 175 ਉਚੇਰੀਆਂ ਨੌਕਰੀਆਂ ਪੈਦਾ ਹੋਣਗੀਆਂ
ਬਰੈਂਪਟਨ/ਡਾ. ਝੰਡ
ਫ਼ੈੱਡਰਲ ਸਰਕਾਰ ਕੈਨੇਡਾ ਦੇ ਭਵਿੱਖ-ਮਈ ਪੁਲਾੜ ਖੋਜ ਦੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਣ ਜਾ ਰਹੀ ਹੈ ਅਤੇ ਪੁਲਾੜ ਟੈਕਨਾਲੌਜੀ ਲਈ ਰਕਮ ਨਿਵੇਸ਼ ਕਰਕੇ ਕੈਨੇਡਾ-ਵਾਸੀਆਂ ਲਈ 175 ਉਚੇਰੀਆਂ ਨੌਕਰੀਆਂ ਪੈਦਾ ਕਰ ਰਹੀ ਹੈ। ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਪਿਛਲੇ ਦਿਨੀਂ ਖੋਜ, ਵਿਗਿਆਨ ਅਤੇ ਆਰਥਿਕ ਵਿਕਾਸ ਮੰਤਰੀ ਮਾਣਯੋਗ ਮੰਤਰੀ ਨਵਦੀਪ ਬੈਂਸ ਨਾਲ ਪਾਰਲੀਮੈਂਟ ਵਿਚ ਖੜ੍ਹ ਕੇ ਕੈਨੇਡਾ ਸਰਕਾਰ ਵੱਲੋਂ ‘ਇੰਟਰਨੈਸ਼ਨਲ ਸਪੇਸ ਸਟੇਸ਼ਨ’ (ਆਈ.ਐੱਸ.ਐੱਸ) ਲਈ ਲੰਮੇ ਸਮੇਂ ਲਈ ਪ੍ਰਤੀਬੱਧਤਾ ਦਰਸਾਉਣ ਅਤੇ ਪੁਲਾੜ ਦੀ ਵਿਸਤ੍ਰਿਤ ਖੋਜ ਲਈ 54 ਮਿਲੀਅਨ ਡਾਲਰ ਨਿਵੇਸ਼ ਕਰਨ ਦਾ ਐਲਾਨ ਕੀਤਾ।
ਆਈ.ਐੱਸ.ਐੱਸ. ਸਹਿਯੋਗੀ ਪੁਲਾੜ ਵਿਚ ਇਸ ਪੁਲਾੜੀ-ਸਟੇਸ਼ਨ ਨੂੰ ਕਾਇਮ ਰੱਖਣ ਅਤੇ ਪੁਲਾੜ-ਯਾਤਰੀਆਂ ਨੂੰ ਮੁੜ ਪੁਲਾੜ ਵਿਚ ਭੇਜਣ ਲਈ ਕੈਨੇਡਾ ਵਿਚ ਬਣੇ ਰੋਬੋਟਾਂ ਉੱਪਰ ਕਾਫ਼ੀ ਹੱਦ ਤੱਕ ਨਿਰਭਰ ਕਰਦੇ ਹਨ। ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਇਹ ਫ਼ੰਡ ਆਈ.ਐੱਸ.ਐੱਸ. ਦੇ ਚੱਲ ਰਹੇ ਮੌਜੂਦਾ ਪ੍ਰੋਗਰਾਮਾਂ ‘ਕੈਨੇਡਾਰਮ 2’ ਅਤੇ ‘ਡੈੱਕਸਟਰ’ ਦੀ ਸਹਾਇਤਾ ਕਰਨਗੇ।
ਪੁਲਾੜੀ-ਰੋਬੌਟਿਕਸ ਵਿਚ ਕੈਨੇਡਾ ਦੀ ਅੰਤਰ-ਰਾਸ਼ਟਰੀ ਪੱਧਰੀ ਅਗਵਾਈ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਪੂੰਜੀ ਨਿਵੇਸ਼ ਨਵੀਆਂ ਟੈਕਨਾਲੌਜੀਆਂ ਜਿਨ੍ਹਾਂ ਵਿਚ ਰੋਬੌਟ ਆਰਮ ਅਤੇ ਰੌਵਰ ਬਨਾਉਣਾ ਵੀ ਸ਼ਾਮਲ ਹੈ, ਲਈ ਰਾਹ ਪੱਧਰਾ ਹੋ ਜਾਵੇਗਾ ਜੋ ਭਵਿੱਖ ਵਿਚ ਚੰਦਰਮਾ ਉੱਪਰ ਜਾਂ ਇਸ ਦੇ ਆਲੇ-ਦੁਆਲੇ ਕੀਤੇ ਜਾਣ ਵਾਲੇ ਪ੍ਰਯੋਗਾਂ ਲਈ ਵਿਸ਼ੇਸ਼ ਸਾਬਤ ਹੋਵੇਗਾ। ਇਹ ਨਿਵੇਸ਼ ਦੇਸ਼ ਵਿਚ 175 ਉਚੇਰੀ ਤਨਖ਼ਾਹ ਵਾਲੀਆਂ ਨੌਕਰੀਆਂ ਪੈਦਾ ਕਰਨ ਵਿਚ ਵੀ ਸਹਾਈ ਹੋਵੇਗਾ ਜਿਸ ਨਾਲ ਕੈਨੇਡਾ ਦੇ ਵਿਦਿਆਰਥੀਆਂ ਨੂੰ ਤਜ਼ਰਬਾ ਹਾਸਲ ਕਰਨ ਦੇ 9 ਮੌਕੇ ਮਿਲਣਗੇ ਜੋ ਉਨ੍ਹਾਂ ਨੂੰ ਭਵਿੱਖ ਵਿਚ ਨੌਕਰੀਆਂ ਲੈਣ ਲਈ ਲੋੜੀਂਦੇ ਸਕਿੱਲ ਪ੍ਰਾਪਤ ਕਰਨ ਲਈ ਸਹਾਈ ਹੋਣਗੇ। ਇਹ ਕੈਨੇਡਾ ਸਰਕਾਰ ਦੇ ‘ਆਈਨੋਵੇਸ਼ਨ ਐਂਡ ਸਕਿੱਲ ਪਲੈਨ’ ਦਾ ਇਕ ਹਿੱਸਾ ਹੈ।
ਇਸ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਮਾਣਯੋਗ ਮੰਤਰੀ ਨਵਦੀਪ ਬੈਂਸ ਨੇ ਕਿਹਾ,”ਸਾਡੀ ਸਰਕਾਰ ਪੁਲਾੜ ਦੀ ਨਵੀਂ ਖੋਜ ਲਈ ਪੁਲਾੜੀ ਰੋਬੌਟ ਬਨਾਉਣ ਲਈ ਦੇਸ਼ ਨੂੰ ਮੋਹਰੀ ਰੱਖਣ ਲਈ ਪ੍ਰਤੀਬੱਧ ਹੈ। ਇਹ ਨਿਵੇਸ਼ ਕੈਨੇਡੀਅਨ ਫ਼ਰਮਾਂ ਨੂੰ ਖੋਜ, ਟੇਲੈਂਟ ਦੇ ਵਿਕਾਸ ਅਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਮੁਕਾਬਲੇ ਲਈ ਕੀਤਾ ਜਾ ਰਿਹਾ ਹੈ। ਕੈਨੇਡਾ ‘ਸਪੇਸ-ਫ਼ੇਅਰਿੰਗ’ ਦੇਸ਼ ਹੈ ਜਿਸ ਕੋਲ ਧਰਤੀ ਤੋਂ ਪੁਲਾੜ ਵਿਚ ਦਾਖ਼ਲ ਹੋਣ ਲਈ ਆਪਣੇ ਆਧੁਨਿਕ ਵਸੀਲੇ ਹਨ ਅਤੇ ਅਸੀਂ ਇਸ ਉਦਯੋਗ ਦੇ ਵਿਕਾਸ ਤੇ ਮੱਧ-ਵਰਗ ਲਈ ਹੋਰ ਨਵੀਆਂ ਨੌਕਰੀਆਂ ਪੈਦਾ ਕਰਨ ਲਈ ਵਚਨਬੱਧ ਹਾਂ।”
ਇਸ ਮੌਕੇ ਐੱਮ.ਪੀ. ਰੂਬੀ ਸਹੋਤਾ ਦਾ ਕਹਿਣਾ ਸੀ, ”ਸਰਕਾਰ ਦੀ ਸਹਾਇਤਾ ਨਾਲ ਪਿਛਲੇ ਦੋ ਸਾਲਾਂ ਵਿਚ ਕੈਨੇਡਾ-ਵਾਸੀਆਂ ਨੇ 600,000 ਨੌਕਰੀਆਂ ਪੈਦਾ ਕੀਤੀਆਂ ਹਨ। ਇਸ ਨਿਵੇਸ਼ ਨਾਲ 175 ਉਚੇਰੀਆਂ ਨੌਕਰੀਆਂ ਬਣਨਗੀਆਂ ਅਤੇ ਸਿਖਾਂਦਰੂ ਵਿਦਿਆਰਥੀਆਂ ਨੂੰ 9 ਨਵੇਂ ਮੌਕੇ ਮਿਲਣਗੇ। ਮੈਨੂੰ ਇਹ ਵੇਖ ਕੇ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਸਥਾਨਕ ਕੈਨੇਡੀਅਨ ਕੰਪਨੀਆਂ, ਬਰੈਂਪਟਨ ਅਤੇ ਸਮੁੱਚੇ ਕੈਨੇਡਾ ਵਿਚਲੇ ਮਿਹਨਤੀ ਲੋਕਾਂ ਨੂੰ ਲਾਭ ਪਹੁੰਚੇਗਾ।”

Check Also

ਫਲਸਤੀਨ ਨੂੰ ਅਜ਼ਾਦ ਦੇਸ਼ ਦਾ ਦਰਜਾ ਦਿਵਾਉਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਮੈਂਟ ‘ਚ ਪਾਸ

ਓਟਵਾ/ਬਿਊਰੋ ਨਿਊਜ਼ : ਫਲਸਤੀਨ ਨੂੰ ਅਜ਼ਾਦ ਦੇਸ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ …