ਓਨਟਾਰੀਓ/ਬਿਊਰੋ ਨਿਊਜ਼ : ਐਨਡੀਪੀ ਇਸ ਗੱਲ ਨੂੰ ਲੈ ਕੇ ਆਸਵੰਦ ਹੈ ਕਿ ਕੈਨੇਡਾ ਵਿੱਚ ਵੋਟ ਪਾਉਣ ਦੀ ਉਮਰ ਘਟਾ ਕੇ 16 ਸਾਲ ਕਰਨ ਨਾਲ ਹਾਊਸ ਆਫ ਕਾਮਨਜ਼ ਵਿੱਚ ਵਧੇਰੇ ਸਮਰਥਨ ਹਾਸਲ ਹੋ ਸਕਦਾ ਹੈ। ਐਨਡੀਪੀ ਆਗੂ ਜਗਮੀਤ ਸਿੰਘ ਨੇ ਆਖਿਆ ਕਿ ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਫੇਲ੍ਹ ਹੋਏ ਬਿੱਲਾਂ ਦੀ ਜਾਣਕਾਰੀ ਉਨ੍ਹਾਂ ਨੂੰ ਹੈ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਪ੍ਰਾਈਵੇਟ ਮੈਂਬਰ ਬਿੱਲ, ਜਿਸ ਨੂੰ ਐਨਡੀਪੀ ਐਮਪੀ ਟੇਲਰ ਬੈਖਰੈਖ ਵੱਲੋਂ ਸਪਾਂਸਰ ਕੀਤਾ ਗਿਆ ਹੈ, ਵਿਲੱਖਣ ਹੈ। ਮਜਗਮੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਇਹ ਲੱਗਦਾ ਹੈ ਕਿ ਦੁਨੀਆ ਭਰ ਵਿੱਚ ਇਸ ਸਮੇਂ ਇਹ ਅਹਿਸਾਸ ਪੈਦਾ ਹੋ ਚੁੱਕਿਆ ਹੈ ਕਿ ਜਮਹੂਰੀਅਤ ਖਤਰੇ ਵਿੱਚ ਹੈ। ਉਨ੍ਹਾਂ ਆਖਿਆ ਕਿ ਫਾਸੀਵਾਦ ਦੇ ਕੁੱਝ ਮਾਮਲਿਆਂ ਵਿੱਚ ਵੀ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਆਖਿਆ ਕਿ ਇਸੇ ਤਰਜ ਉੱਤੇ ਇਹ ਸਵਾਲ ਖੜ੍ਹਾ ਹੋ ਗਿਆ ਹੈ ਕਿ ਜਮਹੂਰੀਅਤ ਦਾ ਸਮਰਥਨ ਕਿਸ ਤਰ੍ਹਾਂ ਕੀਤਾ ਜਾਵੇ ਤਾਂ ਕਿ ਸਾਡਾ ਜਮਹੂਰੀ ਢਾਂਚਾ ਸਹੀ ਢੰਗ ਨਾਲ ਕੰਮ ਕਰ ਸਕੇ। ਐਨਡੀਪੀ ਆਗੂ ਨੇ ਰੂਸ ਵੱਲੋਂ ਯੂਕਰੇਨ ਉੱਤੇ ਕੀਤੇ ਹਮਲੇ ਦੀ ਮਿਸਾਲ ਵੀ ਦਿੱਤੀ। ਬੈਖਰੈਖ ਨੇ ਪਹਿਲਾਂ ਦਸੰਬਰ 2021 ਵਿੱਚ ਇਸ ਸਬੰਧ ਵਿੱਚ ਬਿੱਲ ਸੀ-210 ਲਿਆਂਦਾ ਸੀ। 2005 ਵਿੱਚ ਲਿਬਰਲ ਐਮਪੀ ਮਾਰਕ ਹਾਲੈਂਡ ਵੱਲੋਂ ਵੀ ਅਜਿਹੀ ਪਾਲਿਸੀ ਲਿਆਉਣ ਲਈ ਬਿੱਲ ਪੇਸ ਕੀਤਾ ਗਿਆ ਸੀ। ਬੈਖਰੈਖ ਦੇ ਇਸ ਬਿੱਲ ਉੱਤੇ ਬੁੱਧਵਾਰ ਨੂੰ ਹਾਊਸ ਆਫ ਕਾਮਨਜ ਵਿੱਚ ਬਹਿਸ ਹੋਵੇਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …