Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ‘ਚ ਰਿਫਿਊਜ਼ੀ ਬਣ ਕੇ ਸ਼ਰਨ ਮੰਗਣ ਵਾਲਿਆਂ ‘ਚ ਭਾਰਤੀ ਨੰਬਰ 2 ‘ਤੇ

ਕੈਨੇਡਾ ‘ਚ ਰਿਫਿਊਜ਼ੀ ਬਣ ਕੇ ਸ਼ਰਨ ਮੰਗਣ ਵਾਲਿਆਂ ‘ਚ ਭਾਰਤੀ ਨੰਬਰ 2 ‘ਤੇ

ਇਕੋ ਜਹਾਜ਼ ‘ਚੋਂ ਇਕੱਠੇ ਉਤਰੇ 10 ਗੁਜਰਾਤੀ, ਭਾਰਤ ‘ਚ ਦੱਸਿਆ ਜਾਨ ਨੂੰ ਖਤਰਾ ਤੇ ਜਹਾਜ਼ ਚੜ੍ਹਾਉਣ ਵਾਲੇ ਏਜੰਟ ਨੂੰ ਦੱਸਦੇ ਹਨ ਸਮਾਜ ਸੇਵਕ
ਟੋਰਾਂਟੋ/ਸਤਪਾਲ ਸਿੰਘ ਜੌਹਲ : ਲੰਘੇ ਦਿਨਾਂ ਦੌਰਾਨ ਭਾਰਤ ਦੇ ਗੁਜਰਾਤ ਪ੍ਰਾਂਤ ਤੋਂ ਕੈਨੇਡਾ ਪੁੱਜ ਕੇ ਸ਼ਰਨ ਮੰਗਣ ਵਾਲੇ ਲੋਕਾਂ ਦਾ ਪੁੱਜਣਾ ਜਾਰੀ ਰਹਿ ਰਿਹਾ ਹੈ। ਕਿਸੇ ਤਰ੍ਹਾਂ ਜੋੜੇ ਅਤੇ ਇਕੱਲੀਆਂ ਕੁੜੀਆਂ/ਔਰਤਾਂ ਦਿੱਲੀ ਜਾਂ ਮੁੰਬਈ ਤੋਂ ਜਾਂਦੀਆਂ ਸਿੱਧੀਆਂ ਉਡਾਣਾਂ ਵਿਚ ਸਵਾਰ ਹੋ ਕੇ ਕੈਨੇਡੀਅਨ ਹਵਾਈ ਅੱਡਿਆਂ ਅੰਦਰ ਪੁੱਜਦੀਆਂ ਹਨ, ਜਿਨ੍ਹਾਂ ਵਿਚ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਹਵਾਈ ਅੱਡਾ ਪ੍ਰਮੁੱਖ ਦੱਸਿਆ ਜਾਂਦਾ ਹੈ। ਪਿਛਲੇ ਦਿਨੀਂ ਇਕ ਜਹਾਜ਼ ਵਿਚੋਂ ਇਕੱਠੇ 10 ਗੁਜਰਾਤੀ ਆਦਮੀ ਅਤੇ ਔਰਤਾਂ ਉਤਰਨ ਬਾਰੇ ਪਤਾ ਲੱਗਾ ਸੀ ਜਿਸ ਤੋਂ ਹਵਾਈ ਅੱਡੇ ਅੰਦਰ ਤਾਇਨਾਤ ਅਧਿਕਾਰੀ ਵੀ ਦੰਗ ਰਹਿ ਗਏ। ਉਨ੍ਹਾਂ ਸਾਰਿਆਂ ਨੇ ਭਾਰਤ ਵਿਚ ਆਪਣੀ ਜਾਨ ਨੂੰ ਖ਼ਤਰਾ ਦੱਸ ਕੇ ਰਾਜਸੀ ਸ਼ਰਨ ਵਾਸਤੇ ਅਪਲਾਈ ਕੀਤਾ। ਦੂਸਰੇ ਤੀਸਰੇ ਦਿਨ ਕੁੜੀਆਂ ਅਤੇ ਜੋੜਿਆਂ ਦਾ ਪੁੱਜਣਾ ਜਾਰੀ ਰਹਿੰਦਾ ਹੈ। ਕਮਾਲ ਦੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਨੂੰ ਭੇਜਣ ਵਾਲੇ ਏਜੰਟਾਂ ਨੂੰ ਕੈਨੇਡੀਅਨ ਅਧਿਕਾਰੀ ਤਾਂ ਸਮਗਲਰ ਸਮਝਦੇ ਹਨ ਜਦਕਿ ਨਕਲੀ ਪਾਸਪੋਰਟਾਂ ਨਾਲ ਚੋਰੀ ਛਿਪੇ ਜਾਂ ਨਕਲੀ ਦਸਤਾਵੇਜ਼ਾਂ ਦੁਆਰਾ ਪ੍ਰਾਪਤ ਕੀਤੇ ਵੀਜ਼ਾ ਨਾਲ ਆ ਰਹੇ ਲੋਕ ਆਪਣੇ ਏਜੰਟ ਨੂੰ (ਪੜ੍ਹਾਈ ਗਈ ਪੱਟੀ ਅਨੁਸਾਰ) ਸਮਾਜ ਸੇਵਕ ਦੱਸਿਆ ਕਰਦੇ ਹਨ। ਅਖੇ ‘ਸਮਾਜ ਸੇਵਕ’ ਨੇ ਮਦਦ ਕੀਤੀ ਤੇ ਕੋਈ ਪੈਸਾ ਨਹੀਂ ਦੇਣਾ ਪਿਆ। ਆਮ ਤੌਰ ‘ਤੇ ਇਹ ਵਿਅਕਤੀ ਕਿਸਾਨ ਜਾਂ ਦੁਕਾਨਦਾਰੀ ਵਰਗ ਨਾਲ ਸਬੰਧਿਤ ਹੁੰਦੇ ਹਨ।
ਪਤਾ ਲੱਗਾ ਹੈ ਕਿ ਅਕਸਰ ਗੁਜਰਾਤ ਵਿਚ ਰਾਜਨੀਤਕ ਪੱਖਪਾਤ, ਭ੍ਰਿਸ਼ਟ ਪੁਲਿਸ, ਲਵ-ਮੈਰਿਜ ਕਾਰਨ ਰਿਸ਼ਤੇਦਾਰਾਂ ਤੋਂ ਖ਼ਤਰਾ, ਸੱਟੇ ਦਾ ਕਰਜ਼ਾ ਨਾ ਮੋੜ ਸਕਣਾ ਵਗ਼ੈਰਾ ਦੀਆਂ ਗੱਲਾਂ ਨਾਲ ਸ਼ਰਨ ਦਾ ਆਪਣਾ ਪੱਖ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਦਕਿ ਇਮੀਗ੍ਰੇਸ਼ਨ ਦੇ ਕੇਸਾਂ ਨਾਲ ਸਬੰਧਿਤ ਇਕ ਵਕੀਲ ਨੇ ਦੱਸਿਆ ਹੈ ਕਿ ਕਿਸੇ ਵਿਰਲੇ ਵਿਅਕਤੀ ਦਾ ਕੇਸ ਪੱਕਾ ਹੁੰਦਾ ਹੈ। ਬਹੁਤ ਵੱਡੀ ਤਾਦਾਦ ਵਿਚ ਕੇਸਾਂ ਦੀਆਂ ਕਹਾਣੀਆਂ ਬੇਲੋੜੀਆਂ (ਝੂਠ ਦਾ ਪੁਲੰਦਾ) ਹੁੰਦੀਆਂ ਹਨ ਜੋ ਕੈਨੇਡਾ ਦੇ ਇਮੀਗ੍ਰੇਸ਼ਨ ਐਂਡ ਰਫ਼ਿਊਜੀ ਬੋਰਡ ਵਲੋਂ ਰੱਦ ਕਰ ਦਿੱਤੇ ਜਾਂਦੇ ਹਨ। ਇਹ ਵੀ ਕਿ ਕੈਨੇਡਾ ਵਿਚ ਭਾਰਤੀਆਂ ਦਾ ਰਾਜਸੀ ਸ਼ਰਨ ਦਾ ਕੇਸ ਘੱਟ ਹੀ ਸਿਰੇ ਚੜ੍ਹਦਾ ਹੈ। ਪ੍ਰਾਪਤ ਹੋਏ ਸਰਕਾਰੀ ਅੰਕੜਿਆਂ ਮੁਤਾਬਿਕ 2018 ਵਿਚ ਭਾਰਤ ਦੇ 4515 ਨਾਗਰਿਕਾਂ ਦੇ ਕੈਨੇਡਾ ਵਿਚ ਸ਼ਰਨ ਦੇ ਕੇਸਾਂ ਵਿਚੋਂ 674 ਦਾ ਫ਼ੈਸਲਾ ਕੀਤਾ ਗਿਆ ਜਿਨ੍ਹਾਂ ਵਿਚੋਂ ਮਹਿਜ਼ 175 ਨੂੰ ਹਾਂ ਹੋਈ ਸੀ, ਜਦਕਿ ਪਾਕਿਸਤਾਨ ਦੇ 2104 ਕੇਸਾਂ ਵਿਚੋਂ 1106 ਦਾ ਫ਼ੈਸਲਾ ਹੋਇਆ ਤਾਂ 741 ਪਾਸ ਹੋ ਗਏ ਸਨ।
180 ਮੁਲਕਾਂ ਦੇ ਲੋਕ ਕੈਨੇਡਾ ‘ਚ ਮੰਗ ਰਹੇ ਨੇ ਸ਼ਰਨ
ਇਸ ਸਮੇਂ ਦੁਨੀਆ ਦੇ ਲਗਪਗ 180 ਦੇਸ਼ਾਂ ਦੇ ਲੋਕਾਂ ਦੇ ਕੈਨੇਡਾ ਵਿਚ ਸ਼ਰਨ ਦੇ ਕੇਸ ਚੱਲ ਰਹੇ ਹਨ ਜਿਨ੍ਹਾਂ ਵਿਚ ਅਫ਼ਰੀਕੀ ਦੇਸ਼ ਨਾਈਜੀਰੀਆ (12000 ਤੋਂ ਵੱਧ ਕੇਸ) ਤੋਂ ਬਾਅਦ ਭਾਰਤ (5000 ਤੋਂ ਵੱਧ ਕੇਸ) ਦਾ ਨੰਬਰ ਦੂਸਰਾ ਹੈ। ਪੰਜਾਬ, ਹਰਿਆਣਾ, ਗੁਜਰਾਤ, ਦਿੱਲੀ, ਰਾਜਸਥਾਨ ਆਦਿ ਸੂਬਿਆਂ ਦੇ ਲੋਕ ਕੈਨੇਡਾ ਵਿਚ ਸ਼ਰਨ ਅਪਲਾਈ ਕਰਨ ਵਿਚ ਮੋਹਰੀ ਹਨ। ਇਮੀਗ੍ਰੇਸ਼ਨ ਅਧਿਕਾਰੀਆਂ ਦੀ ਮੁਸਤੈਦੀ ਨਾਲ ਨਕਲੀ ਪਾਸਪੋਰਟ ਅਤੇ ਵੀਜ਼ਾ ਰਾਹੀਂ ਕੈਨੇਡਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਵਿਅਕਤੀ ਕਾਬੂ ਵੀ ਆਉਂਦੇ ਰਹਿੰਦੇ ਹਨ, ਪਰ ਸਿਸਟਮ ਵਿਚ ਕਈ ਚਲਾਕ ਬਾਜ਼ੀ ਮਾਰ ਵੀ ਜਾਂਦੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਜਾਅਲਸਾਜ਼ੀ ਫੜਨ ਵਾਸਤੇ ਅਫ਼ਸਰਾਂ ਨੂੰ ਲਗਾਤਾਰ ਟਰੇਨਿੰਗ ਦਿੱਤੀ ਜਾਂਦੀ ਹੈ, ਜਿਸ ਸਦਕਾ (ਪਾਸਪੋਰਟ ਵਾਪਸ ਲਿਆਉਣ ਲਈ ਕੈਨੇਡਾ ਤੱਕ ਛੱਡਣ ਜਾਂਦੇ ਏਜੰਟ) ਸਮਗਲਰ ਗ੍ਰਿਫ਼ਤਾਰ ਕਰਨ ਵਿਚ ਵੀ ਸਫ਼ਲਤਾ ਮਿਲਦੀ ਰਹਿੰਦੀ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …