ਪਹਿਲਾਂ ਵੀ ਹੋ ਚੁੱਕੀਆਂ ਹਨ ਅਜਿਹੀਆਂ ਵਾਰਦਾਤਾਂ
ਮਾਲਟਨ/ਬਿਊਰੋ ਨਿਊਜ਼
ਮਾਲਟਨ ਵਿੱਚ ਲੰਘੇ ਬੁੱਧਵਾਰ ਨੂੰ ਅਸ਼ੋਕ ਜਿਊਲਰਜ਼ ਦੇ ਸ਼ੋਅਰੂਮ ‘ਤੇ ਦਿਨ-ਦਿਹਾੜੇ ਹਮਲਾ ਕਰਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਸਟੋਰ ਮਾਲਕਾਂ ਦੀ ਹੁਸ਼ਿਆਰੀ ਕਾਰਨ ਵੱਡੀ ਘਟਨਾ ਹੋਣ ਤੋਂ ਬਚਾ ਹੋ ਗਿਆ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਪਤਾ ਲੱਗਾ ਕਿ ਚਾਰ ਵਿਅਕਤੀ, ਜਿਨ੍ਹਾਂ ਵਿੱਚ ਇਕ ਔਰਤ ਵੀ ਸ਼ਾਮਲ ਸੀ, ਇਕ ਕਾਰ ਵਿੱਚ ਆਏ ਅਤੇ ਹਥੌੜਿਆਂ ਨਾਲ ਸਟੋਰ ਦੇ ਬੁਲੈੱਟ ਪਰੂਫ ਸ਼ੀਸ਼ੇ ਤੋੜਣ ਦੀ ਕੋਸ਼ਿਸ਼ ਕਰਨ ਲੱਗੇ। ਉਸ ਸਮੇਂ ਸਟੋਰ ਦੇ ਅੰਦਰ ਮੌਜੂਦ ਤਿੰਨ ਵਿਅਕਤੀਆਂ, ਜੋ ਕਿ ਸਟੋਰ ਮਾਲਕ ਹਨ, ਨੇ ਵੀ ਉਨ੍ਹਾਂ ਉਪਰ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਇਹ ਹਮਲਾਵਰ ਸਟੋਰ ਦੇ ਅੰਦਰ ਦਾਖਲ ਨਹੀਂ ਹੋ ਸਕੇ ਅਤੇ ਮੌਕੇ ਤੋਂ ਫਰਾਰ ਹੋ ਗਏ। ਜਿਸ ਕਾਰਨ ਡਕੈਤੀ ਦੀ ਇਹ ਵੱਡੀ ਘਟਨਾ ਟਲ ਗਈ। ਇਸ ਤੋਂ ਬਾਅਦ ਪੁਲਿਸ ਵੀ ਫ਼ੌਰਨ ਮੌਕੇ ‘ਤੇ ਪਹੁੰਚ ਗਈ ਤੇ ਵਾਰਦਾਤ ਵਾਲੀ ਥਾਂ ਨੂੰ ਸੀਲ ਕਰਕੇ ਆਪਣੀ ਤਫ਼ਤੀਸ਼ ਸ਼ਰੂ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਅਜੇ ਕੁਝ ਮਹੀਨੇ ਪਹਿਲਾਂ ਹੀ ਇਸ ਇਲਾਕੇ ਵਿੱਚ ਸਥਿਤ ‘ਰਾਨਾ ਜਿਊਲਰਸ’ ਨਾਮਕ ਸਟੋਰ ਉਪਰ ਵੀ ਦਿਨ ਦਿਹਾੜੇ ਇਸ ਤਰ੍ਹਾਂ ਦਾ ਹੀ ਹਮਲਾ ਹੋਇਆ ਸੀ ਜਿਸ ਵਿੱਚ ਵੈਨ ਨਾਲ ਟੱਕਰ ਮਾਰ ਕੇ ਸਟੋਰ ਦਾ ਸਾਹਮਣੇ ਵਾਲਾ ਸ਼ੀਸ਼ਾ ਭੰਨ ਕੇ ਲੁਟੇਰੇ ਸੋਨਾ ਲੁੱਟ ਕੇ ਲੈ ਗਏ ਸਨ। ਉਨ੍ਹਾਂ ਅਪਰਾਧੀਆਂ ਦਾ ਵੀ ਅਜੇ ਤੱਕ ਕੋਈ ਥਹੁ ਪਤਾ ਨਹੀਂ ਲੱਗਿਆ ਹੈ। ਦਿਨ-ਦਿਹਾੜੇ ਡਕੈਤੀ ਦੀਆਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਣ ਕਾਰਣ ਮਾਲਟਨ ਦੇ ਇਸ ਇਲਾਕੇ ਵਿੱਚ ਜਿੱਥੇ ਕਿ ਜਿਊਲਰਸ ਦੀਆਂ ਕਾਫੀ ਦੁਕਾਨਾਂ ਹਨ, ਦੁਕਾਨਦਾਰਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …