ਓਟਵਾ/ਬਿਊਰੋ ਨਿਊਜ਼ : ਓਮੀਕਰੋਨ ਵੇਰੀਐਂਟ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਕੈਨੇਡਾ ਵੱਲੋਂ ਆਪਣੀ ਵੈਕਸੀਨ ਬੂਸਟਰ ਸਟ੍ਰੈਟੇਜੀ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ, ਫੈਡਰਲ ਸਰਕਾਰ ਵੱਲੋਂ ਟਰੈਵਲ ਸਬੰਧੀ ਲਾਈਆਂ ਪਾਬੰਦੀਆਂ ਦੀ ਸੂਚੀ ਵਿੱਚ ਨਵੇਂ ਦੇਸ਼ਾਂ ਨੂੰ ਸਾਮਲ ਕੀਤਾ ਜਾ ਰਿਹਾ ਹੈ ਤੇ ਕੈਨੇਡਾ ਦੇ ਬਾਹਰੋਂ, ਅਮਰੀਕਾ ਨੂੰ ਛੱਡ ਕੇ, ਆਉਣ ਵਾਲੇ ਸਾਰੇ ਏਅਰ ਟਰੈਵਲਰਜ਼ ਲਈ ਨਵੀਆਂ ਟੈਸਟਿੰਗ ਸ਼ਰਤਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਫੈਡਰਲ ਮੰਤਰੀਆਂ ਤੇ ਪਬਲਿਕ ਹੈਲਥ ਅਧਿਕਾਰੀਆਂ ਨੇ ਕੈਨੇਡਾ ਵੱਲੋਂ ਚੁੱਕੇ ਜਾਣ ਵਾਲੇ ਤਿੰਨ ਨਵੇਂ ਕਦਮਾਂ ਦਾ ਐਲਾਨ ਕੀਤਾ। ਅਜਿਹਾ ਇਸ ਨਵੇਂ ਵੇਰੀਐਂਟ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਕੀਤਾ ਗਿਆ। ਨਵੀਆਂ ਸ਼ਰਤਾਂ ਮੁਤਾਬਕ ਕੈਨੇਡਾ ਦੇ ਬਾਹਰੋਂ, ਅਮਰੀਕਾ ਨੂੰ ਛੱਡ ਕੇ, ਆਉਣ ਵਾਲੇ ਸਾਰੇ ਟਰੈਵਲਰਜ਼ ਨੂੰ ਕੈਨੇਡਾ ਪਹੁੰਚਣ ਉਪਰੰਤ ਏਅਰਪੋਰਟ ਉੱਤੇ ਹੀ ਟੈਸਟ ਕਰਵਾਉਣਾ ਹੋਵੇਗਾ। ਜਿਨ੍ਹਾਂ ਦਾ ਟੀਕਾਕਰਣ ਹੋ ਚੁੱਕਿਆ ਹੈ ਉਨ੍ਹਾਂ ਨੂੰ ਨੈਗੇਟਿਵ ਰਿਜਲਟ ਆਉਣ ਤੱਕ ਖੁਦ ਨੂੰ ਆਈਸੋਲੇਟ ਕਰਨਾ ਹੋਵੇਗਾ।