Breaking News
Home / ਜੀ.ਟੀ.ਏ. ਨਿਊਜ਼ / ਅਨੇਮੀ ਪਾਲ ਖਿਲਾਫ ਬੇਭਰੋਸਗੀ ਮਤਾ ਲਿਆ ਸਕਦੀ ਹੈ ਗ੍ਰੀਨ ਪਾਰਟੀ

ਅਨੇਮੀ ਪਾਲ ਖਿਲਾਫ ਬੇਭਰੋਸਗੀ ਮਤਾ ਲਿਆ ਸਕਦੀ ਹੈ ਗ੍ਰੀਨ ਪਾਰਟੀ

ਅਨੇਮੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਕੀਤਾ ਇਨਕਾਰ
ਟੋਰਾਂਟੋ/ਬਿਊਰੋ ਨਿਊਜ਼
ਗ੍ਰੀਨ ਪਾਰਟੀ ਆਗੂ ਅਨੇਮੀ ਪਾਲ ਨੂੰ ਪਾਰਟੀ ਮੈਂਬਰਾਂ ਕੋਲੋਂ ਹੀ ਬੇਭਰੋਸਗੀ ਮਤੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਦੇ ਅੰਦਰ ਪੈਦਾ ਹੋਈ ਇਸ ਤਰ੍ਹਾਂ ਦੀ ਬੇਭਰੋਸਗੀ ਪਾਲ ਨੂੰ ਉਸ ਦੇ ਅਹੁਦੇ ਤੋਂ ਹਟਾ ਸਕਦੀ ਹੈ। ਦੂਜੇ ਪਾਸੇ ਪਾਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪਾਰਟੀ ਦੇ ਅੰਦਰੂਨੀ ਵਿਵਾਦ ਕਾਰਨ ਕੁੱਝ ਮੈਂਬਰਾਂ ਵੱਲੋਂ ਉਸ ਦੀ ਲੀਡਰਸ਼ਿਪ ਉੱਤੇ ਸਵਾਲ ਉਠਾਏ ਜਾ ਰਹੇ ਸਨ। ਕਿਊਬਿਕ ਦੀ ਗ੍ਰੀਨ ਪਾਰਟੀ ਦੇ ਆਗੂ ਐਲੈਕਸ ਟਾਇਰੈਲ ਨੇ ਦੱਸਿਆ ਕਿ ਫੈਡਰਲ ਪਾਰਟੀ ਦੀ ਗਵਰਨਿੰਗ ਬੌਡੀ ਵੱਲੋਂ ਮੰਗਲਵਾਰ ਰਾਤ ਨੂੰ ਅਜਿਹੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਜਿਹੜੀ ਪਾਲ ਨੂੰ ਅਹੁਦੇ ਤੋਂ ਉਤਾਰਨ ਉੱਤੇ ਕੇਂਦਰਿਤ ਹੈ। ਜੇ ਅਜਿਹਾ ਹੁੰਦਾ ਹੈ ਤਾਂ ਪਾਲ ਲੀਡਰਸ਼ਿਪ ਜਿੱਤਣ ਤੋਂ ਬਾਅਦ ਇੱਕ ਸਾਲ ਤੋਂ ਵੀ ਘੱਟ ਅਰਸੇ ਲਈ ਇਸ ਅਹੁਦੇ ਉੱਤੇ ਰਹਿਣ ਵਾਲੀ ਗ੍ਰੀਨ ਪਾਰਟੀ ਆਗੂ ਬਣ ਜਾਵੇਗੀ। ਪਾਰਟੀ ਚਲਾਉਣ ਦੇ ਪਾਲ ਦੇ ਤਰੀਕੇ ‘ਤੇ ਇਜ਼ਰਾਈਲ-ਫਲਸਤੀਨ ਸੰਘਰਸ਼ ਬਾਰੇ ਉਸ ਦੀ ਰਾਇ ਕਾਰਨ ਕਈ ਮਹੀਨਿਆਂ ਤੋਂ ਪਾਰਟੀ ਦੇ ਅੰਦਰ ਵਿਵਾਦ ਚੱਲ ਰਿਹਾ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਇਹ ਸੱਭ ਉਸ ਸਮੇਂ ਹੋ ਰਿਹਾ ਹੈ ਜਦੋਂ ਤਿੰਨ ਗ੍ਰੀਨ ਐਮਪੀਜ਼ ਵਿੱਚੋਂ ਇੱਕ ਜੈਨਿਕਾ ਐਟਵਿਨ ਪਾਰਟੀ ਛੱਡ ਕੇ ਲਿਬਰਲ ਪਾਰਟੀ ਵਿੱਚ ਸ਼ਾਮਲ ਹੋ ਗਈ। ਇਸ ਮਾਮਲੇ ਨੂੰ ਹਫਤੇ ਤੋਂ ਵੀ ਘੱਟ ਸਮਾਂ ਹੋਇਆ ਹੈ। ਮੰਗਲਵਾਰ ਨੂੰ ਪਾਲ ਨੇ ਆਖਿਆ ਕਿ ਐਟਵਿਨ ਵੱਲੋਂ ਦਲ ਬਦਲਣ ਲਈ ਦਿੱਤਾ ਗਿਆ ਕਾਰਨ ਮਨਘੜਤ ਸੀ ਤੇ ਉਨ੍ਹਾਂ ਇਹ ਵੀ ਆਖਿਆ ਕਿ ਐਟਵਿਨ ਨੇ ਇਹ ਵੀ ਸਪਸ਼ਟ ਕੀਤਾ ਸੀ ਕਿ ਉਹ ਗ੍ਰੀਨ ਪਾਰਟੀ ਦੀ ਆਗੂ ਕਾਰਨ ਪਾਰਟੀ ਨਹੀਂ ਛੱਡ ਰਹੀ। ਟਾਇਰੈਲ ਨੇ ਆਖਿਆ ਕਿ ਪਾਲ ਨੂੰ ਅਸਫਲ ਰਹਿਣ ਤੋਂ ਬਾਅਦ ਆਪ ਹੀ ਅਹੁਦਾ ਛੱਡ ਦੇਣਾ ਚਾਹੀਦਾ ਹੈ ਤਾਂ ਕਿ ਪਾਰਟੀ ਇੱਕਜੁੱਟ ਹੋ ਕੇ ਕੰਮ ਕਰ ਸਕੇ। ਉਨ੍ਹਾਂ ਇੱਕ ਇੰਟਰਵਿਊ ਵਿੱਚ ਆਖਿਆ ਕਿ ਫੈਡਰਲ ਗ੍ਰੀਨ ਪਾਰਟੀ ਵਿੱਚ ਇਸ ਤਰ੍ਹਾਂ ਦੀ ਜੱਦੋਜਹਿਦ ਤੇ ਅਸਹਿਮਤੀ ਵਾਲਾ ਮਾਹੌਲ ਉਨ੍ਹਾਂ ਕਦੇ ਨਹੀਂ ਵੇਖਿਆ। ਪਾਰਟੀ ਦੇ ਭਲੇ ਲਈ ਹੀ ਪਾਲ ਨੂੰ ਲੀਡਰਸ਼ਿਪ ਤੋਂ ਪਾਸੇ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਪਾਰਟੀ ਵਿਚਲਾ ਪਾੜਾ ਉਸ ਹੱਦ ਤੱਕ ਪਹੁੰਚ ਚੁੱਕਿਆ ਹੈ ਜਿੱਥੇ ਲੋਕਾਂ ਲਈ ਪਾਰਟੀ ਦੇ ਅੰਦਰ ਹੀ ਇੱਕ ਦੂਜੇ ਨਾਲ ਰਲ ਕੇ ਕੰਮ ਕਰਨਾ ਔਖਾ ਹੋ ਗਿਆ ਹੈ।
ਮੈਨੂੰ ਗੱਦੀਓਂ ਲਾਹੁਣ ਲਈ ਨਸਲਵਾਦ ਦਾ ਲਿਆ ਗਿਆ ਸਹਾਰਾ : ਅਨੇਮੀ ਪਾਲ
ਅਨੇਮੀ ਪਾਲ ਵੱਲੋਂ ਪਾਰਟੀ ਦੀ ਗਵਰਨਿੰਗ ਬੌਡੀ ਦੇ ਮੈਂਬਰਾਂ ਉੱਤੇ ਦੋਸ਼ ਲਾਏ ਗਏ ਹਨ ਕਿ ਪਾਰਟੀ ਦੇ ਅੰਦਰੂਨੀ ਨੀਤੀਗਤ ਵਿਵਾਦ ਦੇ ਚੱਲਦਿਆਂ ਉਸ ਨੂੰ ਨਸਲੀ ਤੇ ਲਿੰਗਵਾਦ ਦੇ ਆਧਾਰ ਉੱਤੇ ਪਾਰਟੀ ਦੀ ਲੀਡਰਸ਼ਿਪ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੱਕ ਦਿਨ ਪਹਿਲਾਂ ਹੋਈ ਪਾਰਟੀ ਮੈਂਬਰਾਂ ਦੀ ਹੰਗਾਮੀ ਮੀਟਿੰਗ ਬਾਰੇ ਪਾਲ ਨੇ ਆਖਿਆ ਕਿ ਫੈਡਰਲ ਕਾਊਂਸਲ ਦੇ ਕਈ ਮੌਜੂਦਾ ਮੈਂਬਰ ਤਾਂ ਤਬਦੀਲੀ ਤੇ ਵੰਨ-ਸੁਵੰਨਤਾ ਲਈ ਵਚਨਬੱਧ ਨਜ਼ਰ ਆਏ। ਉਨ੍ਹਾਂ ਆਖਿਆ ਕਿ ਕਾਊਂਸਲਰਾਂ ਦੇ ਇੱਕ ਨਿੱਕੇ ਗਰੁੱਪ ਨੇ ਉਨ੍ਹਾਂ ਦੀ ਲੀਡਰਸ਼ਿਪ ਵਿੱਚ ਬੇਭਰੋਸਗੀ ਜਤਾਉਣ ਲਈ ਧੱਕੇ ਨਾਲ ਵੋਟ ਕਰਵਾਉਣ ਦਾ ਬੜਾ ਜ਼ੋਰ ਲਾਇਆ।

 

Check Also

ਅਲਬਰਟਾ ਵਿਚ ਕੋਵਿਡ-19 ਦੇ ਕੇਸਾਂ ‘ਚ ਹੋਇਆ ਵਾਧਾ

ਕਰੋਨਾ ਵਾਇਰਸ ਦੇ ਕੇਸਾਂ ਨਾਲ ਜੂਝ ਰਹੇ ਹਸਪਤਾਲ ਐਡਮਿੰਟਨ/ਬਿਊਰੋ ਨਿਊਜ਼ : ਕੋਵਿਡ -19 ਦੇ ਅੰਕੜਿਆਂ …