16.6 C
Toronto
Sunday, September 28, 2025
spot_img
Homeਫ਼ਿਲਮੀ ਦੁਨੀਆਡਿੰਗਕੋ ਸਿੰਘ ਨੂੰ ਯਾਦ ਕਰਦਿਆਂ

ਡਿੰਗਕੋ ਸਿੰਘ ਨੂੰ ਯਾਦ ਕਰਦਿਆਂ

ਹੁਣ ਨਹੀਂ ਬੱਜੇਗਾ ਕਦੇ ਡਿੰਗਕੋ ਦਾ ਡੰਕਾ…!
ਡਾ. ਬਲਜਿੰਦਰ ਸਿੰਘ
ਭਾਰਤ ਵੱਲੋਂ ਸੰਨ 1998 ਵਿੱਚ ਪੋਖਰਣ, ਰਾਜਸਥਾਨ ਵਿਖ਼ੇ ਕੀਤੇ ਗਏ ਪਰਮਾਣੂ ਧਮਾਕਿਆਂ ਨੇ ਪੂਰੇ ਵਿਸ਼ਵ ਵਿੱਚ ਤਰਥੱਲੀ ਮਚਾ ਦਿੱਤੀ ਸੀ। ਸਾਰੀ ਦੁਨੀਆ ਇਹ ਸਮਝਦੀ ਹੈ ਕਿ ਭਾਰਤ ਵੱਲੋਂ ਓਸ ਵੇਲ਼ੇ ਕੇਵਲ ਪੰਜ ਪ੍ਰਮਾਣੂ ਬੰਬ ਹੀ ਟੈਸਟ ਕੀਤੇ ਗਏ ਸਨ, ਪਰ ਅਸਲ ਵਿੱਚ ਭਾਰਤ ਵੱਲੋਂ ਛੇਵਾਂ ਵੱਡਾ ਪ੍ਰਮਾਣੂ ਧਮਾਕਾ ਬੈਂਕਾਂਕ ਏਸ਼ੀਆਈ ਖੇਡਾਂ ਦੌਰਾਨ ਕੀਤਾ ਗਿਆ ਸੀ, ਜਿੱਥੇ ਭਾਰਤੀ ਮੁੱਕੇਬਾਜ ਡਿੰਗਕੋ ਸਿੰਘ ਨੇ 54 ਕਿਲੋਗ੍ਰਾਮ ਬੈਂਟਮਵੇਟ ਸ਼੍ਰੇਣੀ ਵਿੱਚ ਸੋਨ ਤਗਮਾ ਜਿੱਤ ਕੇ ਪੂਰੀ ਦੁਨੀਆਂ ਵਿੱਚ ਆਪਣਾ ਨਾਂ ਦਾ ਡੰਕਾ ਬਜਾਇਆ।
ਡਿੰਗਕੋ ਸਿੰਘ ਦੇ ਫੌਤ ਹੋਣ ਤੋਂ ਬਾਅਦ ਭਾਰਤ ਦੇ ਖੇਡ ਮੰਤਰੀ ਕਿਰਨ ਰਿਜਿਜੂ ਦਾ ਕੀਤਾ ਟਵੀਟ ਵੀ ਕੁਝ ਇਸੇ ਗੱਲ ਵੱਲ ਇਸ਼ਾਰਾ ਕਰਦਾ ਜਾਪਦਾ ਹੈ। ਜਿਸ ਵਿੱਚ ਉਹਨਾਂ ਨੇ ਡਿੰਗਕੋ ਸਿੰਘ ਵੱਲੋਂ ਬੈਂਕਾਂਕ ਏਸ਼ੀਆਡ ਵਿੱਚ ਜਿੱਤੇ ਗਏ ਸੋਨ ਤਗਮੇ ਦੀ ਤੁਲਨਾ ਭਾਰਤੀ ਮੁੱਕੇਬਾਜ਼ੀ ਦੇ ਖੇਤਰ ਵਿੱਚ ਓਸ ਐਟਮੀ ਧਮਾਕੇ ਨਾਲ ਕੀਤੀ ਹੈ, ਜਿਸ ਤੋਂ ਪੈਦਾ ਹੋਏ ਚੇਨ ਪ੍ਰਤੀਕਰਮ ਦੇ ਹੁਲਾਰੇ ਨੇ ਸਾਨੂੰ ਵਿਜੇਂਦਰ, ਅਖਿਲ ਕੁਮਾਰ, ਮਨਦੀਪ ਜਾਂਗੜਾ ਅਮਿਤ ਪਾਂਗਲ, ਮੈਰੀ ਕੌਮ ਅਤੇ ਸਿਮਰਨਜੀਤ ਕੌਰ ਵਰਗੇ ਸਿਰਕੱਢ ਬਾਕਸਰ ਦਿੱਤੇ। ਜਿਨ੍ਹਾਂ ਸਦਕਾ ਅੱਜ ਵਿਸ਼ਵ ਬਾਕਸਿੰਗ ਜਗਤ ਵਿੱਚ ਭਾਰਤ ਦਾ ਨਾਂ ਰੁਸ਼ਨਾ ਰਿਹਾ ਹੈ। ਰਸਾਇਣ ਵਿਗਿਆਨ ਦੇ ਨਾਲ ਜੁੜੇ ਲੋਕ ਐਟਮੀ ਚੇਨ ਪ੍ਰਤੀਕਰਮ ਦੀ ਤੀਬਰਤਾ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ।
ਚੀਤੇ ਵਾਂਗ ਫੁਰਤੀਲ਼ੇ ਨੰਗਾਂਗਮ ਡਿੰਗਕੋ ਸਿੰਘ ਦਾ ਜਨਮ 1 ਜਨਵਰੀ 1979 ਨੂੰ ਮਨੀਪੁਰ ਦੀ ਰਾਜਧਾਨੀ ਇੰਫਾਲ ਅਧੀਨ ਪੈਂਦੇ ਪਿੰਡ ਸੇਕਟਾ ਵਿਖ਼ੇ ਹੋਇਆ ਸੀ। ਡਿੰਗਕੋ ਨੂੰ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਤੋਂ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੀ ਬਦਕਿਸਮਤੀ ਨਾਲ ਉਸ ਨੂੰ ਇੱਕ ਅਨਾਥ ਆਸ਼ਰਮ ਵਿੱਚ ਪਾਲਿਆ ਗਿਆ ਸੀ।
ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਆਰੰਭੀ ਗਈ ਇਕ ਟੇਲੈਂਟ ਹੰਟ ਖੇਡ ਯੋਜਨਾ ਦੇ ਸਦਕੇ ਡਿੰਗਕੋ ਸਿੰਘ ਵਰਗੇ ਹੀਰੇ ਦੀ ਪਛਾਣ ਹੋਈ। ਉਸਨੂੰ ਸਪੋਰਟਸ ਅਥਾਰਟੀ ਦੇ ਟੀਮ ਵਿੰਗ ਦੇ ਸਾਬਕਾ ਕਾਰਜਕਾਰੀ ਡਾਇਰੈਕਟਰ ਮੇਜਰ ਓ.ਪੀ ਭਾਟੀਆ ਦੀ ਨਿਗਰਾਨੀ ਹੇਠ ਸਿਖਲਾਈ ਦਿੱਤੀ ਗਈ। ਡਿੰਗਕੋ ਦੀ ਕਾਬਲੀਅਤ ਦੀ ਝਲਕ ਸੰਨ 1989 ਸਬ ਜੂਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਅੰਬਾਲਾ ਦੌਰਾਨ ਦੇਖਣ ਨੂੰ ਮਿਲੀ ਜਦੋਂ ਉਸਨੇ ਮਹਿਜ਼ ਦਸ ਸਾਲ ਦੀ ਛੋਟੀ ਉਮਰ ਵਿੱਚ ਇਸ ਚੈਂਪੀਅਨਸ਼ਿਪ ‘ਤੇ ਕਬਜ਼ਾ ਕੀਤਾ। ਇਸ ਪ੍ਰਾਪਤੀ ਨਾਲ ਡਿੰਗਕੋ ਨੂੰ ਚੋਣਕਰਤਾਵਾਂ ਅਤੇ ਕੋਚਾਂ ਦੀਆਂ ਨਜ਼ਰਾਂ ਵਿੱਚ ਲੈ ਆਂਦਾ, ਜਿਨ੍ਹਾਂ ਨੂੰ ਉਸ ਵਿੱਚ ਆਉਣ ਵਾਲੇ ਸਮੇਂ ਦੇ ਬਾਕਸਿੰਗ ਸਟਾਰ ਦੀ ਝਲਕ ਵਿਖਾਈ ਦੇਣ ਲੱਗੀ।
ਡਿੰਗਕੋ ਸਿੰਘ ਨੇ ਸਖ਼ਤ ਮਿਹਨਤ ਕਰਦਿਆਂ ਕਈ ਰਾਜ ਪੱਧਰੀ ਅਤੇ ਕੌਮੀ ਟੂਰਨਾਮੈਂਟਾਂ ਵਿੱਚ ਆਪਣਾ ਲੋਹਾ ਮਨਵਾਇਆ। ਡਿੰਗਕੋ ਸਿੰਘ ਨੇ ਸੰਨ 1997 ਵਿੱਚ ਆਪਣੇ ਅੰਤਰਰਾਸ਼ਟਰੀ ਮੁੱਕੇਬਾਜੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਅਤੇ ਥਾਈਲੈਂਡ ਦੇ ਬੈਂਕਾਕ ਵਿੱਚ ਆਯੋਜਿਤ ਕਿੰਗਸ ਕੱਪ ਵਿੱਚ ਜਿੱਤ ਪ੍ਰਾਪਤ ਕੀਤੀ। ਟੂਰਨਾਮੈਂਟ ਜਿੱਤਣ ਤੋਂ ਇਲਾਵਾ, ਡਿੰਗਕੋ ਸਿੰਘ ਨੂੰ ਮੈਚ ਦਾ ਸਰਬੋਤਮ ਮੁੱਕੇਬਾਜ਼ ਵੀ ਐਲਾਨਿਆ ਗਿਆ ਸੀ। ਤੂਹਾਨੂੰ ਯਾਦ ਹੋਣਾ ਇਸੇ ਸਾਲ ਮਾਇਕ ਟਾਇਸਨ ਨੇ ਵਿਸ਼ਵ ਹੈਵੀ ਵੇਟ ਬਾਕਸਿੰਗ ਵਿੱਚ ਇਵੇਂਡਰ ਹੌਲੀਫ਼ੀਲਡ ਦੇ ਕੰਨ ‘ਤੇ ਦੰਦੀ ਵੱਡੀ ਸੀ ਜਿਸ ਦੀ ਪੂਰੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਮੀਡੀਆ ਨੇ ਜੰਮ ਕੇ ਨਿਖੇਧੀ ਕੀਤੀ ਸੀ। ਮੈਨੂੰ ਯਾਦ ਹੈ ਉਸ ਸਮੇਂ ਦੇ ਭਾਰਤੀ ਅਖਬਾਰਾਂ ਵਿੱਚ ਵੀ ਡਿੰਗਕੋ ਅਤੇ ਮਾਈਕ ਟਾਈਸਨ ਛਾਏ ਪਏ ਸਨ।
ਡਿੰਗਕੋ ਦੀ ਸ਼ਾਨਦਾਰ ਬਾਕਸਿੰਗ ਸ਼ੈਲੀ ਨੂੰ ਦੇਖਦਿਆਂ ਉਸ ਨੂੰ 1998 ਬੈਂਕਾਕ ਏਸ਼ੀਅਨ ਖੇਡਾਂ ਵਿੱਚ ਹਿੱਸਾ ਲੈ ਰਹੀ ਭਾਰਤੀ ਮੁੱਕੇਬਾਜ਼ੀ ਟੀਮ ਲਈ ਚੁਣਿਆ ਗਿਆ ਸੀ।
ਇਹ ਮੁਕਾਬਲਾ ਉਸਦੇ ਕਰੀਅਰ ਦਾ ਸਿਖਰ ਸਾਬਤ ਹੋਇਆ ਕਿਉਂਕਿ ਉਸਨੇ 54 ਕਿਲੋਗ੍ਰਾਮ ਬੈਂਟਮਵੇਟ ਸ਼੍ਰੇਣੀ ਵਿੱਚ ਵਿਸ਼ਵ ਦੇ ਕਈ ਨਾਮਚੀਨ ਮੁੱਕੇਬਾਜ਼ਾਂ ਨੂੰ ਹਰਾ ਗੋਲਡ ਮੈਡਲ ‘ਤੇ ਕਬਜ਼ਾ ਕੀਤਾ ਸੀ।
ਡਿੰਗਕੋ ਸਿੰਘ ਦੀਆਂ ਖੇਡ ਪ੍ਰਾਪਤੀਆਂ ਨੂੰ ਦੇਖਦਿਆਂ ਖਾਸ ਤੌਰ ‘ਤੇ ਬੈਂਕਾਕ ਏਸ਼ੀਆਡ ਵਿੱਚ ਭਾਰਤ ਨੂੰ ਦਵਾਏ ਮਾਣ ਦੇ ਇਬਜ਼ ‘ਚ ਭਾਰਤ ਸਰਕਾਰ ਵੱਲੋਂ ਡਿੰਗਕੋ ਸਿੰਘ ਨੂੰ 1998 ਵਿੱਚ ਅਰਜੁਨ ਪੁਰਸਕਾਰ ਅਤੇ 2013 ਵਿੱਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਡਿੰਗਕੋ ਸਿੰਘ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਸਦਕਾ ਉਸ ਨੂੰ ਭਾਰਤੀ ਨੇਵੀ ਵਿੱਚ ਚੀਫ਼ ਪੇਟੀ ਅਫ਼ਸਰ ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ। ਭਾਰਤੀ ਜਲ ਸੈਨਾ ਵਿਚ ਕੰਮ ਕਰਨ ਵਾਲੇ ਡਿੰਗਕੋ ਮੁੱਕੇਬਾਜ਼ੀ ਤੋਂ ਸੰਨਿਆਸ ਲੈਣ ਦੇ ਬਾਅਦ ਉੱਥੇ ਹੀ ਕੋਚ ਬਣ ਗਏ ਸਨ।
ਡਿੰਗਕੋ ਸਿੰਘ ਦੀ ਜ਼ਿੰਦਗੀ ਤੋਂ ਪ੍ਰੇਰਿਤ ਇਕ ਫਿਲਮ ਵੀ ਬਣ ਰਹੀ ਹੈ। ਇਸ ਫ਼ਿਲਮ ਦੇ ਡਾਇਰੈਕਟਰ ਰਾਜਾ ਕ੍ਰਿਸ਼ਨ ਮੈਨਨ ਨੇ ਇਹ ਅਫਸੋਸ਼ ਜ਼ਾਹਿਰ ਕੀਤਾ ਹੈ ਕਿ ਉਹ ਡਿੰਗਕੋ ਦੇ ਜਿਉਂਦਿਆਂ ਇਸ ਪ੍ਰੋਜੈਕਟ ਨੂੰ ਪੂਰਾ ਨਹੀਂ ਕਰ ਸਕੇ ਇਸ ਫ਼ਿਲਮ ਵਿੱਚ ਸ਼ਾਹਿਦ ਕਪੂਰ ਡਿੰਗਕੋ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ।
ਭਾਰਤੀ ਮੁੱਕੇਬਾਜ਼ੀ ਦਾ ਪੂਰੀ ਦੁਨੀਆ ਵਿੱਚ ਡੰਕਾ ਬਜਾਉਣ ਵਾਲਾ ਡਿੰਗਕੋ ਸਿੰਘ ਭਾਵੇਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੇ ਸਾਡੇ ਕੋਲੋਂ ਸਦਾ ਲਈ ਖੋਹ ਲਿਆ ਹੈ, ਪਰ ਉਸ ਵੱਲੋਂ ਪੈਦਾ ਕੀਤਾ ਗਿਆ ਚੇਨ ਰੀਐਕਸ਼ਨ ਰਹਿੰਦੀ ਦੁਨੀਆ ਤੱਕ ਭਾਰਤੀ ਮੁੱਕੇਬਾਜੀ ਨੂੰ ਹੁਲਾਰਾ ਦਿੰਦਾ ਰਹੇਗਾ।

RELATED ARTICLES
POPULAR POSTS