Breaking News
Home / ਜੀ.ਟੀ.ਏ. ਨਿਊਜ਼ / ਚੋਣ ਦੰਗਲ ‘ਚ ਨਿੱਤਰੇ ਪਹਿਲਵਾਨ

ਚੋਣ ਦੰਗਲ ‘ਚ ਨਿੱਤਰੇ ਪਹਿਲਵਾਨ

338 ਸੀਟਾਂ ‘ਤੇ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨੇ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੀਆਂ 43ਵੀਆਂ ਫੈਡਰਲ ਚੋਣਾਂ 21 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ ਜਿਸ ਵਿਚ 25 ਮਿਲੀਅਨ ਵੋਟਰ ਦੇਸ਼ ਦੀ ਕਿਸਮਤ ਦਾ ਫੈਸਲਾ ਕਰਨਗੇ। 338 ਮੈਂਬਰਾਂ ਦੇ ਹਾਊਸ ਲਈ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਹਨ ਜਿਸ ਕਰਕੇ ਚੋਣ ਪ੍ਰਚਾਰ ਭਖ ਗਿਆ ਹੈ। ਹੋਰ ਭਾਈਚਾਰਿਆਂ ਦੇ ਮੁਕਾਬਲੇ ਪੰਜਾਬੀਆਂ ਵਿਚ ਵਧੇਰੇ ਜੋਸ਼ ਹੈ। ਇਸ ਵਾਰ ਪੰਜ ਦਰਜਨ ਤੋਂ ਵਧੇਰੇ ਪੰਜਾਬੀ ਵੱਖ-ਵੱਖ ਪਾਰਟੀਆਂ ਵਲੋਂ ਉਮੀਦਵਾਰ ਐਲਾਨੇ ਗਏ ਹਨ, ਜਿਨ੍ਹਾਂ ਵਿਚ ਡੇਢ ਦਰਜਨ ਪੰਜਾਬਣਾਂ ਵੀ ਸ਼ਾਮਲ ਹਨ । ਪੰਜਾਬੀਆਂ ਦੀ ਕੈਨੇਡਾ ਦੀ ਰਾਜਨੀਤੀ ਵਿੱਚ ਇਹ ਆਪਣੇ ਆਪ ਵਿਚ ਵੱਡੀ ਪ੍ਰਾਪਤੀ ਹੈ। ਇਹ ਵੀ ਇਤਿਹਾਸ ਦਾ ਮੌਕਾ ਮੇਲ ਹੀ ਹੈ ਜਦੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਿੱਖ ਉਮੀਦਵਾਰ ਜਗਮੀਤ ਸਿੰਘ ਚੋਣ ਲੜ ਰਹੇ ਹਨ ਜੋ ਇਸ ਦੇਸ਼ ਦੀ ਤੀਜੀ ਤਕੜੀ ਰਾਜਸੀ ਧਿਰ ਦਾ ਨੁਮਾਇੰਦਾ ਹੈ। ਚੋਣ ਵਿਚ ਮੁੱਖ ਮੁਕਾਬਲਾ ਲਿਬਰਲ ਪਾਰਟੀ ਅਤੇ ਕੰਸਰਵੇਟਿਵ ਪਾਰਟੀ ਦਰਮਿਆਨ ਮੰਨਿਆ ਜਾ ਰਿਹਾ ਹੈ ਜਦਕਿ ਐੱਨਡੀਪੀ, ਗਰੀਨ ਪਾਰਟੀ, ਬਲੌਕ ਕਿਊਬਿਕ ਪਾਰਟੀ, ਪੀਪਲਜ਼ ਪਾਰਟੀ ਆਫ ਕੈਨੇਡਾ ਅਤੇ ਅਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਡਟੇ ਹੋਏ ਹਨ। ਲਿਬਰਲ ਪਾਰਟੀ ਵੱਲੋਂ 22 ਪੰਜਾਬੀਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿਚ ਸਿੱਖਾਂ ਦੀ ਗਿਣਤੀ ਵੱਧ ਹੈ। ਇਸੇ ਤਰ੍ਹਾਂ ਕੰਸਰਵੇਟਿਵ ਪਾਰਟੀ ਵੱਲੋਂ 19 ਪੰਜਾਬੀ ਚੋਣ ਮੈਦਾਨ ਵਿਚ ਉਤਾਰੇ ਗਏ ਹਨ।
ਇਸੇ ਤਰ੍ਹਾਂ ਐੱਨਡੀਪੀ ਤੇ ਹੋਰਨਾਂ ਪਾਰਟੀਆਂ ਵੱਲੋਂ ਪੰਜਾਬੀ ਚਿਹਰੇ ਅੱਗੇ ਲਿਆਂਦੇ ਹਨ। ਕਈ ਸੀਟਾਂ ਤਾਂ ਅਜਿਹੀਆਂ ਹਨ ਜਿਥੇ ਪੰਜਾਬੀਆਂ ਵਿਚ ਹੀ ਟੱਕਰ ਹੈ ਜਿਵੇਂ ਬਰੈਂਪਟਨ ਵੈਸਟ ਲਿਬਰਲ ਦੀ ਦੁਬਾਰਾ ਚੋਣ ਲੜ ਰਹੀ ਉਮੀਦਵਾਰ ਕਮਲ ਖਹਿਰਾ ਦੀ ਟੱਕਰ ਐੱਨਡੀਪੀ ਦੀ ਨਵਜੀਤ ਕੌਰ ਬਰਾੜ ਨਾਲ ਹੈ। ਬਰੈਂਪਟਨ ਈਸਟ ਤੋਂ ਲਿਬਰਲ ਦੇ ਮਨਜਿੰਦਰ ਸਿੰਘ ਸਿੱਧੂ, ਕੰਸਰਵੇਟਿਵ ਦੇ ਰਮੋਨਾ ਸਿੰਘ, ਐੱਨਡੀਪੀ ਵੱਲੋਂ ਸ਼ਰਨਜੀਤ ਸਿੰਘ ਅਤੇ ਪੀਪਲਜ਼ ਪਾਰਟੀ ਵੱਲੋਂ ਗੌਰਵ ਵਾਲੀਆ ਚੋਣ ਮੈਦਾਨ ਵਿੱਚ ਹਨ। ਬਰੈਂਪਟਨ ਸਾਊਥ ਤੋਂ ਲਿਬਰਲ ਦੀ ਸੋਨੀਆ ਸਿੱਧੂ, ਕੰਸਰਵੇਟਿਵ ਤੋਂ ਹਰਮਨਦੀਪ ਬਰਾੜ, ਐੱਨਡੀਪੀ ਤੋਂ ਮਨਦੀਪ ਕੌਰ ਅਤੇ ਪੀਪਲਜ਼ ਪਾਰਟੀ ਵੱਲੋਂ ਰਾਜਵਿੰਦਰ ਸਿੰਘ ਘੁੰਮਣ ਭਾਵ ਸਾਰੇ ਹੀ ਪੰਜਾਬੀ ਹਨ। ਇਸੇ ਤਰ੍ਹਾਂ ਸਰੀ ਸੈਂਟਰਲ, ਬਰੈਂਪਟਨ ਉੱਤਰੀ, ਕੈਲਗਿਰੀ ਆਦਿ ਇਲਾਕਿਆਂ ਵਿੱਚ ਪੰਜਾਬੀ ਆਪਸੀ ਟੱਕਰ ਵਿਚ ਡਟੇ ਹੋਏ ਹਨ। ਪਿਛਲੀ ਪਾਰਲੀਮੈਂਟ ਵਿੱਚ 18 ਪੰਜਾਬੀ ਮੂਲ ਦੇ ਐੱਮਪੀ ਜਿੱਤੇ ਸਨ। ਸਰਕਾਰ ਦੇ ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ, ਅਮਰਜੀਤ ਸਿੰਘ ਸੋਹੀ, ਨਵਦੀਪ ਬੈਂਸ ਦੁਬਾਰਾ ਫਤਵਾ ਲੈਣ ਲਈ ਲੋਕ ਕਚਹਿਰੀ ਵਿਚ ਆਪਣੇ ਪਹਿਲੇ ਹਲਕਿਆਂ ਤੋਂ ਹਾਜ਼ਰ ਹਨ।
ਮੋਬਾਇਲ ਬਿਲਾਂ ‘ਚ ਕਰਾਂਗੇ ਕਟੌਤੀ : ਟਰੂਡੋ
ਜਸਟਿਨ ਟਰੂਡੋ ਨੇ ਕਿਹਾ ਕਿ ਅਸੀਂ ਮੁਢਲ਼ੀ ਸਿਹਤ ਸੁਰੱਖਿਆ ਨੂੰ ਹੋਰ ਯਕੀਨੀ ਅਤੇ ਕਾਰਗਰ ਬਣਾਵਾਂਗੇ ਅਤੇ ਨਾਲ ਹੀ ਮਾਨਸਿਕ ਇਲਾਜ ਵਿੱਚ ਸਾਡੀ ਸਰਕਾਰ ਹੋਰ ਨਿਵੇਸ਼ ਕਰੇਗੀ। ਟਰੂਡੋ ਨੇ ਕਿਹਾ ਕਿ ਮੋਬਾਈਲ ਬਿੱਲਾਂ ‘ਚ ਵੀ ਕਟੌਤੀ ਕੀਤੀ ਜਾਵੇਗੀ । ਟਰੂਡੋ ਤੇ ਲਿਬਰਲ ਪਾਰਟੀ ਦੀ ਨੇਤਾ ਕੈਥਰੀਨ ਮੈਕਕੇਨਾ ਨੇ ਕਿਹਾ ਕਿ ਸਾਡੀ ਸਰਕਾਰ ਗ੍ਰੀਨਹਾਊਸ ਗੈਸਾਂ ਦੇ ਲਈ ਸਖਤ ਟੀਚਿਆਂ ਨੂੰ ਮਿੱਥਿਆ ਹੈ ਅਤੇ ਅਸੀਂ ਗ੍ਰੀਨਹਾਊਸ ਗੈਸਾਂ 0% ਤੱਕ ਲੈ ਕੇ ਆਉਣ ‘ਚ ਕਾਫੀ ਹੱਦ ਤੱਕ ਸਫ਼ਲ ਵੀ ਰਹੇ ਹਾਂ। ਜੇ ਮੁੜ ਸਰਕਾਰ ਬਣਦੀ ਹੈ ਤਾਂ ਅਸੀਂ ਕਲੀਨ-ਟੈਕ ਕੰਪਨੀਆਂ ‘ਤੇ ਵਿਸ਼ੇਸ਼ ਟੈਕਸ ਛੂਟ ਦਿਆਂਗੇ ਤਾਂ ਕਿ ਵਾਤਾਵਰਨ ਨੂੰ ਸਾਫ ਤੇ ਸੁੱਧ ਕੀਤਾ ਜਾ ਸਕੇ। ਉਨ੍ਹਾਂ ਬੀਸੀ ‘ਚ ਕਿਹਾ ਵਾਤਾਵਰਣ ਪੱਖੀ ਸੁਧਾਰਾਂ ਲਈ ਮੁਰੰਮਤ ਕਰਵਾਉਣ ਵਾਲਿਆਂ ਨੂੰ 40,000 ਡਾਲਰ ਦੇ ਵਿਆਜ ਮੁਕਤ ਕਰਜ਼ਾ ਦੇਵਾਂਗੇ।
ਫੌਜੀਆਂ ਨੂੰ ਦੇਵਾਂਗੇ ਵਿਸ਼ੇਸ਼ ਭੱਤੇ : ਸ਼ੀਅਰ
ਕੰਸਰਵੇਟਿਵ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਐਂਡਰਿਊ ਸੀਅਰ ਨੇ ਕਿਹਾ ਹੈ ਕਿ ਸਾਬਕਾ ਫੌਜੀਆਂ ਨੂੰ ਲੰਮੇ ਸਮੇਂ ਤੋਂ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਸਰਕਾਰ ਬਣਨ ‘ਤੇ ਉਹਨਾਂ ਨੂੰ ਵਿਸ਼ੇਸ ਭੱਤੇ ਦਿੱਤੇ ਜਾਣਗੇ, ਨਾਲ ਹੀ ਐਂਡਰਿਊ ਸ਼ੀਅਰ ਨੇ ਕਿਹਾ ਆਮ ਲੋਕਾਂ ਨੂੰ ਸਸਤੀਆਂ ਮੋਰਟਗੇਜਾਂ ਦਿੱਤੀਆਂ ਜਾਣਗੀਆ ਤਾਂ ਕਿ ਲੋਕ ਜਲਦ ਜਲਦ ਘਰ ਖਰੀਦ ਸਕਣ। ਕੰਸਰਵੇਟਿਵ ਨੇਤਾ ਐਂਡਰਿਊ ਸ਼ੀਅਰ ਅਤੇ ਲਿਬਰਲ ਤੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਆਪਣੀਆਂ ਯੋਜਨਾਵਾਂ ਬਾਰੇ ਦੱਸਦੇ ਕੈਨੇਡੀਅਨਾਂ ਨਾਲ ਕੁਝ ਹੋਰ ਵਾਅਦੇ ਕੀਤੇ। ਕੰਸਰਵੇਟਿਵ ਲੀਡਰ ਐਂਡਰਿਊ ਸ਼ੀਅਰ ਨੇ ਕਿਹਾ ਕਿ ਜੋ ਕਿ ਲੋਕ ਘਰਾਂ ‘ਚ ਵਾਤਾਵਰਣ ਪੱਖੀ ਸੁਧਾਰਾਂ ਲਈ ਮੁਰੰਮਤ ਕਰਵਾਉਣਗੇ ਉਹਨਾਂ ਨੂੰ ਸਾਡੀ ਸਰਕਾਰ 20 ਪ੍ਰਤੀਸ਼ਤ ਲਾਗਤ ਵਾਪਸ ਮੋੜੇਗੀ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …