Breaking News
Home / ਦੁਨੀਆ / ਅਮਰੀਕਾ ਦੇ ਕੈਂਟੁਕੀ ਰਾਜ ਵਿਚ ਸੜਕ ਉਪਰ ਕੀਤੀ ਗੋਲੀਬਾਰੀ ਵਿਚ 5 ਵਿਅਕਤੀ ਜ਼ਖਮੀ, ਸ਼ੱਕੀ ਫਰਾਰ

ਅਮਰੀਕਾ ਦੇ ਕੈਂਟੁਕੀ ਰਾਜ ਵਿਚ ਸੜਕ ਉਪਰ ਕੀਤੀ ਗੋਲੀਬਾਰੀ ਵਿਚ 5 ਵਿਅਕਤੀ ਜ਼ਖਮੀ, ਸ਼ੱਕੀ ਫਰਾਰ

ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕਾ ਦੀ ਲੌਰੇਲ ਕਾਊਂਟੀ, ਕੈਂਟੁਕੀ ਰਾਜ ਦੇ ਦਿਹਾਤੀ ਖੇਤਰ ਵਿਚ ਇੰਟਰਸਟੇਟ ‘ਤੇ ਹੋਈ ਗੋਲੀਬਾਰੀ ਵਿਚ 5 ਵਿਅਕਤੀਆਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਸ਼ੈਰਿਫ ਦਫਤਰ ਅਨੁਸਾਰ ਸ਼ੱਕੀ ਫਰਾਰ ਹੈ ਤੇ ਉਸ ਨੂੰ ਲੈਕਸਿੰਗਟਨ ਦੇ ਦੱਖਣ ਵਿਚ ਵੇਖਿਆ ਗਿਆ ਹੈ।
ਲੌਰੇਲ ਕਾਊਂਟੀ ਸ਼ੈਰਿਫ ਦਫਤਰ ਦੇ ਲੋਕ ਮਾਮਲਿਆਂ ਬਾਰੇ ਡਿਪਟੀ ਗਿਲਬਰਟ ਐਕੀਆਰਡੋ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਸਾਰੇ ਜ਼ਖਮੀਆਂ ਦੀ ਹਾਲਤ ਸਥਿਰ ਹੈ ਤੇ ਘਟਨਾ ਵਿਚ ਸ਼ਾਮਿਲ ਇਕੋ ਇੱਕ ਸ਼ੱਕੀ ਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਸੂਚਨਾ ਮਿਲਣ ‘ਤੇ ਮੌਕੇ ਉਪਰ ਪੁੱਜੇ ਪੁਲਿਸ ਅਫਸਰਾਂ ਨੂੰ 9 ਵਾਹਨ ਮਿਲੇ ਹਨ ਜਿਨਾਂ ਉਪਰ ਗੋਲੀਆਂ ਚਲਾਈਆਂ ਗਈਆਂ ਹਨ। ਇਨ੍ਹਾਂ ਵਿਚ ਉੱਤਰ ਤੇ ਦੱਖਣ ਦੋਵਾਂ ਪਾਸਿਆਂ ਨੂੰ ਜਾਣ ਵਾਲੇ ਵਾਹਨ ਸ਼ਾਮਿਲ ਹਨ। ਐਕੀਆਰਡੋ ਨੇ ਸਪੱਸ਼ਟ ਕੀਤਾ ਕਿ ਘਟਨਾ ਵਿਚ ਜ਼ਖਮੀ ਹੋਏ ਸਾਰੇ ਲੋਕਾਂ ਦੇ ਗੋਲੀਆਂ ਵੱਜੀਆਂ ਹਨ। ਲੰਡਨ ਪੁਲਿਸ ਵਿਭਾਗ ਨੇ ਸ਼ੱਕੀ ਦੀ ਪਛਾਣ 32 ਸਾਲਾ ਜੋਸਫ ਏ ਕੌਚ ਵਜੋਂ ਕੀਤੀ ਹੈ। ਵਿਭਾਗ ਨੇ ਸ਼ੱਕੀ ਦਾ ਹੁਲੀਆ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਇਕ ਗੋਰਾ ਹੈ ਜੋ ਹਥਿਆਰਬੰਦ ਹੈ ਤੇ ਖਤਰਨਾਕ ਹੈ। ਉਹ 5 ਫੁੱਟ 10 ਇੰਚ ਲੰਬਾ ਹੈ ਤੇ ਉਸ ਦਾ ਭਾਰ 154 ਪੌਂਡ ਦੇ ਕਰੀਬ ਹੈ। ਲੰਡਨ ਦੇ ਮੇਅਰ ਰੈਂਡਾਲ ਵੈਡਲ ਨੇ ਕਿਹਾ ਹੈ ਕਿ ਜਿਥੇ ਸ਼ੱਕੀ ਲੁਕਿਆ ਹੈ, ਉਸ ਖੇਤਰ ਬਾਰੇ ਅਸੀਂ ਜਾਣਦੇ ਹਾਂ ਤੇ ਇਸ ਸਬੰਧੀ ਇਸ ਤੋਂ ਵਧ ਹੋਰ ਜਾਣਕਾਰੀ ਉਹ ਨਹੀਂ ਦੇ ਸਕਦੇ।

Check Also

ਮਹਿੰਦਰ ਸਿੰਘ ਗਿਲਜ਼ੀਆਂ ਦੀ ਅਗਵਾਈ ’ਚ ਰਾਹੁਲ ਗਾਂਧੀ ਦਾ ਅਮਰੀਕਾ ’ਚ ਭਰਵਾਂ ਸਵਾਗਤ

ਚੰਡੀਗੜ੍ਹ/ਬਿਊਰੋ ਨਿਊਜ਼ ਕਾਂਗਰਸੀ ਆਗੂ ਅਤੇ ਭਾਰਤ ਦੀ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ …