ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਸਾਬਕਾ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਯੂ ਬੁੱਸ਼ 2024 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਰਿਪਬਲੀਕਨ ਉਮੀਦਵਾਰ ਡੋਨਾਲਡ ਟਰੰਪ ਜਾਂ ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਵਿਚੋਂ ਕਿਸੇ ਦਾ ਵੀ ਸਮਰਥਨ ਨਹੀਂ ਕਰਨਗੇ। ਇਹ ਜਾਣਕਾਰੀ ਉਨਾਂ ਦੇ ਇਕ ਬੁਲਾਰੇ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ‘ਤੇ ਦਿੱਤੀ ਹੈ।
ਬੁਲਾਰੇ ਨੇ ਕਿਹਾ ਹੈ ਕਿ ਜਾਰਜ ਬੁੱਸ਼ ਦੀ ਰਾਸ਼ਟਰਪਤੀ ਚੋਣਾਂ ਵਿਚ ਕਿਸੇ ਉਮੀਦਵਾਰ ਦਾ ਸਮਰਥਨ ਕਰਨ ਜਾਂ ਉਹ ਤੇ ਉਸ ਦੀ ਪਤਨੀ ਸਾਬਕਾ ਪ੍ਰਥਮ ਔਰਤ ਲੌਰਾ ਬੁੱਸ਼ ਦੀ ਆਪਣੀ ਵੋਟ ਪਾਉਣ ਬਾਰੇ ਕੋਈ ਯੋਜਨਾ ਨਹੀਂ ਹੈ। ਬੁਲਾਰੇ ਨੇ ਕਿਹਾ ਕਿ ਬੁੱਸ਼ ਕਈ ਸਾਲ ਪਹਿਲਾਂ ਹੀ ਰਾਸ਼ਟਰਪਤੀ ਰਾਜਨੀਤੀ ਤਿਆਗ ਚੁੱਕੇ ਹਨ। ਜਾਰਜ ਬੁੱਸ਼ ਦੇ ਸਾਬਕਾ ਉੱਪ ਰਾਸ਼ਟਰਪਤੀ ਡਿੱਕ ਚੇਨੀ ਵੱਲੋਂ ਰਾਸ਼ਟਰਪਤੀ ਚੋਣਾਂ ਵਿਚ ਪਾਰਟੀ ਲਾਈਨ ਪਾਰ ਕਰਕੇ ਕਮਲਾ ਹੈਰਿਸ ਨੂੰ ਵੋਟ ਪਾਉਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਬੁਲਾਰੇ ਦਾ ਉਕਤ ਬਿਆਨ ਆਇਆ ਹੈ। ਚੇਨੀ ਜਿਨ੍ਹਾਂ ਨੇ ਬੁੱਸ਼ ਤਹਿਤ 2001 ਤੋਂ 2009 ਤੱਕ ਉੱਪ ਰਾਸ਼ਟਰਪਤੀ ਵਜੋਂ ਸੇਵਾਵਾਂ ਨਿਭਾਈਆਂ ਸਨ, ਨੇ ਬੀਤੇ ਦਿਨੀਂ ਕਿਹਾ ਸੀ ਕਿ ਸਾਡੇ ਦੇਸ਼ ਦੇ 248 ਸਾਲਾਂ ਦੇ ਇਤਿਹਾਸ ਵਿਚ ਵਿਅਕਤੀਗਤ ਤੌਰ ‘ਤੇ ਕੋਈ ਵੀ ਵਿਅਕਤੀ ਲੋਕਤੰਤਰ ਲਈ ਓਨਾ ਵੱਡਾ ਖਤਰਾ ਨਹੀਂ ਬਣਿਆ ਜਿੰਨਾ ਡੋਨਾਲਡ ਟਰੰਪ ਹੈ।
ਚੇਨੀ ਨੇ ਟਰੰਪ ਨੂੰ ਕਾਇਰ ਕਰਾਰ ਦਿੱਤਾ ਸੀ। ਹੈਰਿਸ ਨੇ ਚੇਨੀ ਦੇ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਵਿਚ ਰਾਜਸੀ ਪਾਰਟੀ ਦੀ ਬਜਾਏ ਦੇਸ਼ ਨੂੰ ਉਪਰ ਰਖਣ ਦਾ ਹੌਸਲਾ ਤੇ ਜੁਅਰਤ ਹੈ। ਇਸੇ ਦੌਰਾਨ ਮਾਈਕ ਪੈਨਸ ਜਿਸ ਨੇ 4 ਸਾਲ ਟਰੰਪ ਦੇ ਉੱਪ ਰਾਸ਼ਟਰਪਤੀ ਵਜੋਂ ਸੇਵਾਵਾਂ ਨਿਭਾਈਆਂ ਸਨ, ਨੇ ਕਿਹਾ ਹੈ ਕਿ ਉਹ ਆਪਣੇ ਸਾਬਕਾ ਬੌਸ ਦਾ ਸਮਰਥਨ ਨਹੀਂ ਕਰਨਗੇ ਪਰੰਤੂ ਹੈਰਿਸ ਦੀ ਪਿੱਠ ਵੀ ਨਹੀਂ ਥਾਪੜਣਗੇ।
Check Also
ਡੋਨਾਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤੀ
ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਹਰਾ ਕੇ ਬਹੁਮਤ ਕੀਤਾ ਹਾਸਲ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ …