ਚਰਨ ਸਿੰਘ ਸਿੰਧਰਾ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ
ਚੰਡੀਗੜ੍ਹ : ਪੰਜਾਬੀ ਥੀਏਟਰ ਅਕੈਡਮੀ ਯੂ.ਕੇ. ਵਲੋਂ 4 ਅਪ੍ਰੈਲ ਨੂੰ ਇਕ ਖਾਸ ਪ੍ਰੋਗਰਾਮ ਤਿਆਰ ਕੀਤਾ ਗਿਆ। ਜਿਸ ਤਹਿਤ ਪੰਜਾਬੀ ਰੰਗ-ਮੰਚ ਦੇ ਬਾਬਾ ਬੋਹੜ ਚਰਨ ਸਿੰਘ ਸਿੰਧਰਾ ਨੂੰ ਉਨ੍ਹਾਂ ਵਲੋਂ ਲਿਖੇ ਗਏ ਨਾਟਕ, ਗੀਤਾਂ ਅਤੇ ਖੇਡੇ ਗਏ ਨਾਟਕਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਲੰਦਨ ਵਿਚ ਤਕਰੀਬਨ 30 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਲਈ ਇਹ ਅਕੈਡਮੀ ਨਾਟਕਾਂ ਰਾਹੀਂ ਆਪਣਾ ਯੋਗਦਾਨ ਪਾ ਰਹੀ ਹੈ। ਇਸ ਵਾਰੀ ਪੰਜਾਬੀ ਮਾਂ ਬੋਲੀ ਲਈ ਇਕ ਸਾਂਝਾ ਮੰਚ ਤਿਆਰ ਕੀਤਾ ਗਿਆ ਸੀ। ਜਿਸ ਵਿਚ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸਾਹਿਤਕਾਰ, ਲੇਖਕ ਤੇ ਕਲਾਕਾਰਾਂ ਨੇ ਆਪਣਾ ਯੋਗਦਾਨ ਪਾਇਆ। ਮੁੱਖ ਸੰਚਾਲਕ ਤੇਜਿੰਦਰ ਸਿੰਧਰਾ ਨੇ ਕਿਹਾ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਆਪਣੇ ਬੱਚੇ ਆਪਣੀ ਗੁੰਮ ਹੋ ਰਹੀ ਪੰਜਾਬੀ ਬੋਲੀ ਨੂੰ ਸਾਂਭਣ ਤਾਂ ਸਾਨੂੰ ਉਨ੍ਹਾਂ ਦੇ ਜੀਵਨ ਬਾਰੇ ਉਨ੍ਹਾਂ ਨੂੰ ਪ੍ਰੇਰਤ ਕਰਨਾ ਹੋਵੇਗਾ ਤਾਂ ਕਿ ਨਾਟਕਾਂ ਰਾਹੀਂ ਉਹ ਬੋਲੀ ਲਈ ਉਤਸ਼ਾਹਤ ਹੋ ਸਕਣ।
ਇਸ ਮੰਚ ਉਪਰ ਲਾਹੌਰ ਤੋਂ ਆਇਸ਼ਾ ਹਸਨ, ਲੰਦਨ ਤੋਂ ਸੱਬੋ ਬੋਪਾਰਾਏ, ਅਜ਼ੀਮ, ਬਿੱਟੂ ਖੰਗੂੜਾ, ਮਹਿੰਦਰਪਾਲ ਧਾਲੀਵਾਲ, ਨਾਹਰ ਸਿੰਘ ਗਿੱਲ ਅਤੇ ਕੁਲਵੰਤ ਢਿੱਲੋਂ ਹੋਰਾਂ ਵਲੋਂ ਆਪਣੀ ਕਲਾ ਰਾਹੀਂ ਸਰੋਤਿਆਂ ਨੂੰ ਬੰਨ੍ਹ ਕੇ ਰੱਖਿਆ। ਨਾਲ ਹੀ ਮਹਿੰਦਰ ਮਿੱਢਾ ਨੇ ਮਾਂ ਬੋਲੀ ਸਬੰਧੀ ਵਿਚਾਰ ਪੇਸ਼ ਕੀਤੇ। ਚੰਡੀਗੜ੍ਹ ਤੋਂ ਬਲਕਾਰ ਸਿੱਧੂ ਪ੍ਰਧਾਨ ਪੰਜਾਬੀ ਲੇਖਕ ਸਭਾ ਚੰਡੀਗੜ੍ਹ, ਉਤਮ ਸਿੰਘ, ਸ੍ਰੀਰਾਮ ਅਰਸ਼, ਮਨਇੰਦਰ ਸਿੰਘ ਅਤੇ ਪਰਨੀਤ ਖਰੌੜ ਹੋਰਾਂ ਨੇ ਕਵਿਤਾਵਾਂ ਪੜ੍ਹੀਆਂ। ਇਸ ਖਾਸ ਪ੍ਰੋਗਰਾਮ ਵਿਚ ਪਰਨੀਤ ਖਰੌੜ ਨੇ ਕਿਹਾ ਕਿ ਜੇਕਰ ਅਸੀਂ ਆਪਣੀ ਮਾਂ ਬੋਲੀ ਨੂੰ ਬਚਾਉਣਾ ਹੈ ਤਾਂ ਸਾਨੂੰ ਆਪਣੇ ਪਿੰਡਾਂ ਨੂੰ ਸਾਂਭਣਾ ਹੋਵੇਗਾ, ਨਹੀਂ ਤਾਂ ਇਹ ਸ਼ਹਿਰਾਂ ਦੇ ਧੂੰਏਂ ਅੰਦਰ ਅਲੋਪ ਹੋ ਜਾਣਗੇ। ਇਸ ਪ੍ਰੋਗਰਾਮ ਦੌਰਾਨ ਪੰਜਾਬੀ ਥੀਏਟਰ ਅਕੈਡਮੀ ਅਤੇ ਸੋਨਾ ਅਕੈਡਮੀ ਅੰਮ੍ਰਿਤਸਰ ਦੇ ਕਲਾਕਾਰਾਂ ਵਲੋਂ ਮਰਹੂਮ ਚਰਨ ਸਿੰਘ ਸਿੰਧਰਾ ਦੀ ਆਵਾਜ਼ ਉਪਰ ਗਾਏ ਗੀਤਾਂ ਨੂੰ ਐਕਸ਼ਨਾਂ ਰਾਹੀਂ ਪੇਸ਼ ਕੀਤਾ ਗਿਆ।
ਆਖਰ ਵਿਚ ਉਤਮ ਸਿੰਘ ਚੇਅਰਮੈਨ ਪੰਜਾਬੀ ਨਾਟਕ ਅਕੈਡਮੀ ਮੁਹਾਲੀ ਨੇ ਸਾਰੇ ਹੀ ਸਰੋਤਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੈਂ ਬਹੁਤ ਹੀ ਖੁਸ਼ ਹਾਂ ਕਿ ਆਪਣੀ ਮਾਂ ਬੋਲੀ ਲਈ ਅਸੀਂ ਹੁਣ ਕੁਝ ਨਿੱਗਰ ਕਦਮ ਚੁੱਕਾਂਗੇ। ਅਦਾਰਾ ਪੰਜਾਬੀ ਥੀਏਟਰ ਅਕੈਡਮੀ ਯੂਕੇ ਨੂੰ ਵਧਾਈ ਦਿੱਤੀ ਗਈ ਕਿ ਉਨ੍ਹਾਂ ਇਸ ਮਹਾਂਮਾਰੀ ਦੇ ਦੌਰ ਦੌਰਾਨ ਵੀ ਮਾਂ ਬੋਲੀ ਲਈ ਆਪਣੇ ਯਤਨ ਨੂੰ ਬਰਕਰਾਰ ਰੱਖਿਆ। ਅਸੀਂ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਭੇਜਦੇ ਹਾਂ।