ਰੋਜ਼ ਜਵਾਨ ਸ਼ਹੀਦ ਹੋ ਰਹੇ ਹਨ, ਬਾਜਵਾ ਨੂੰ ਜੱਫੀ ਪਾਉਣ ਤੋਂ ਪਹਿਲਾਂ ਨਵਜੋਤ ਸਿੱਧੂ ਨੂੰ ਸੋਚਣਾ ਚਾਹੀਦਾ ਸੀ : ਕੈਪਟਨ ਅਮਰਿੰਦਰ ਸਿੰਘ
ਕਿਹਾ – ਪਾਕਿ ਫੌਜ ਮੁਖੀ ਦੇ ਕਹਿਣ ਉਤੇ ਹੀ ਹੁੰਦੀ ਹੈ ਸਰਹੱਦ ‘ਤੇ ਫਾਇਰਿੰਗ
ਅੰਮ੍ਰਿਤਸਰ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਗਲੇ ਲਗਾਉਣਾ ਉਨ੍ਹਾਂ ਲਈ ਮੁਸੀਬਤ ਬਣ ਗਿਆ ਹੈ। ਇਸ ਨੂੰ ਲੈ ਕੇ ਸਿੱਧੂ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ। ਉਥੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਨਰਾਜ਼ਗੀ ਜ਼ਾਹਰ ਕੀਤੀ ਹੈ। ਪਰ ਉਨ੍ਹਾਂ ਵਿਰੋਧੀਆਂ ਦੀ ਮੰਗ ਕਿ ਸਿੱਧੂ ਨੂੰ ਮੰਤਰੀ ਮੰਡਲ ‘ਚੋਂ ਹਟਾਇਆ ਜਾਵੇ, ਨੂੰ ਖਾਰਜ ਕਰ ਦਿੱਤਾ ਹੈ। ਅਮਰਿੰਦਰ ਨੇ ਕਿਹਾ ਕਿ ਸਿੱਧੂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਸਿੱਧੂ ਉਨ੍ਹਾਂ ਦੇ ਦੋਸਤ ਹੋਣ ਦੇ ਨਾਤੇ ਗਏ ਹਨ। ਇਸ ਵਿਚ ਕੁਝ ਗਲਤ ਨਹੀਂ ਹੈ। ਪਰ, ਉਥੇ ਫੌਜ ਮੁਖੀ ਨੂੰ ਗਲੇ ਮਿਲਣਾ ਕਿਸੇ ਵੀ ਤਰੀਕੇ ਨਾਲ ਸਹੀ ਨਹੀਂ ਹੈ। ਜਿਥੋਂ ਤੱਕ ਪੀਓਕੇ ਦੇ ਰਾਸ਼ਟਰਪਤੀ ਨਾਲ ਬੈਠਣ ਦੀ ਗੱਲ ਹੈ ਤਾਂ ਅਜਿਹਾ ਵੀ ਹੋ ਸਕਦਾ ਹੈ ਕਿ ਸਿੱਧੂ ਉਨ੍ਹਾਂ ਨੂੰ ਪਹਿਚਾਣਦੇ ਨਾ ਹੋਣ। ਬੈਠਣ ਦੇ ਇੰਤਜਾਮ ਵੀ ਉਨ੍ਹਾਂ ਦੇ ਹੱਥ ਵਿਚ ਨਹੀਂ। ਪਰ ਫੌਜ ਮੋਖੀ ਜਨਰਲ ਬਾਜਵਾ ਨੂੰ ਜੱਫੀ ਪਾਉਣ ਸਹੀ ਨਹੀਂ ਹੈ। ਅਜਿਹਾ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਸੋਚਣਾ ਚਾਹੀਦਾ ਸੀ। ਕੈਪਟਨ ਨੇ ਕਿਹਾ ਕਿ ਸਰਹੱਦ ‘ਤੇ ਪਾਕਿਸਤਾਨੀ ਫੌਜੀਆਂ ਦੀ ਫਾਇਰਿੰਗ ਵਿਚ ਰੋਜ਼ ਸਾਡੇ ਜਵਾਨ ਸ਼ਹੀਦ ਹੋ ਰਹੇ ਹਨ। ਫਾਇਰਿੰਗ ਦਾ ਨਿਰਦੇਸ਼ ਤਾਂ ਫੌਜ ਮੁਖੀ ਹੀ ਦਿੰਦਾ ਹੈ। ਸਾਡੇ ਜਵਾਨਾਂ ਦੀ ਹੱਤਿਆ ਲਈ ਬਾਜਵਾ ਜ਼ਿੰਮੇਵਾਰ ਹੈ।
ਸਿੱਧੂ ਦਾ ਕਹਿਣਾ - ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਦਿੱਤਾ ਭਰੋਸਾ
ਅਸੀਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਰਹੱਦ ਖੋਲ੍ਹ ਦਿਆਂਗੇ
ਅਟਾਰੀ : ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਹਲਫ਼ਦਾਰੀ ਸਮਾਗਮ ਵਿੱਚ ਸ਼ਿਰਕਤ ਕਰਨ ਉਪਰੰਤ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵਾਹਗਾ-ਅਟਾਰੀ ਸਰਹੱਦ ਰਾਹੀਂ ਵਤਨ ਪਰਤ ਆਏ। ਅਟਾਰੀ ਸਰਹੱਦ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਇਸਲਾਮਾਬਾਦ ਵਿਖੇ ਬਹੁਤ ਹੀ ਵਧੀਆ ਮਾਹੌਲ ਵਿੱਚ ਕਰੀਬ 45 ਮਿੰਟ ਗੱਲਬਾਤ ਹੋਈ। ਇਸ ਮੌਕੇ ਉਨ੍ਹਾਂ ਭਾਰਤ-ਪਾਕਿਸਤਾਨ ਵਿਚਕਾਰ ਚੰਗੇ ਸਬੰਧ ਬਣਾਉਣ ਅਤੇ ਆਪਸੀ ਤਾਲਮੇਲ ਵਧਾਉਣ ਦੀ ਹਾਮੀ ਭਰੀ ਹੈ। ਸਿੱਧੂ ਨੇ ਦੱਸਿਆ ਕਿ ਫੇਰੀ ਦੌਰਾਨ ਮਿਲਿਆ ਪਿਆਰ ਅਤੇ ਸਨਮਾਨ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਪਾਕਿਸਤਾਨੀ ਲੋਕਾਂ ਵੱਲੋਂ ਦਿੱਤੇ ਬੇਤਹਾਸ਼ਾ ਪਿਆਰ ਦੇ ਉਹ ਸਦਾ ਰਿਣੀ ਰਹਿਣਗੇ। ਇਸ ਮੌਕੇ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਗਲਵੱਕੜੀ ਪਾ ਕੇ ਮਿਲਣ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਸਿੱਧੂ ਨੇ ਕਿਹਾ ” ਜੇ ਕੋਈ ਮੇਰੇ ਕੋਲ ਆਉਂਦਾ ਹੈ ਤੇ ਕਹਿੰਦਾ ਹੈ ਕਿ ਸਾਡਾ ਸਭਿਆਚਾਰ ਇੱਕ ਹੈ, ਅਸੀਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਰਹੱਦ ਖੋਲ੍ਹ ਦਿਆਂਗੇ ਤਾਂ ਫਿਰ ਮੈਂ ਕੀ ਕਰਦਾ।” ਉਨ੍ਹਾਂ ਕਿਹਾ ਕਿ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਮੌਕੇ ਉਹ ਪਿਛਲੀਆਂ ਕਤਾਰਾਂ ਵਿੱਚ ਬੈਠੇ ਸਨ ਤਾਂ ਉਨ੍ਹਾਂ ਨੂੰ ਪ੍ਰੋਟੋਕਾਲ ਅਫ਼ਸਰ ਨੇ ਬੁਲਾ ਕੇ ਆਖਿਆ ਕਿ ਤੁਹਾਡੀ ਥਾਂ ਅੱਗੇ ਹੈ ਜਿੱਥੇ ਫ਼ੌਜ ਦੇ ਤਿੰਨੇ ਜਰਨੈਲ ਹੀ ਬੈਠੇ ਸਨ। ਮਕਬੂਜ਼ਾ ਕਸ਼ਮੀਰ ਦੇ ਸਦਰ ਨੇੜੇ ਬੈਠਣ ਤੇ ਉਨ੍ਹਾਂ ਆਪਣਾ ਪੱਖ ਦੱਸਿਆ ਕਿ ਉਨ੍ਹਾਂ ਨੂੰ ਬੇਗਾਨੇ ਮੁਲਕ ਵਿੱਚ ਕੀ ਪਤਾ ਕਿ ਉਨ੍ਹਾਂ ਦੇ ਨੇੜੇ ਬੈਠਣ ਵਾਲਾ ਕੌਣ ਹੈ। ਪਹਿਲੀ ਕਤਾਰ ਵਿੱਚ ਬੈਠਣਾ ਮੇਰੀ ਲਈ ਮਾਣ ਦੀ ਗੱਲ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ‘ਤੇ ਪਾਕਿਸਤਾਨ ਫੇਰੀ ਸਬੰਧੀ ਸਵਾਲ ਕਰਨ ਵਾਲਿਆਂ ਨੂੰ ਉਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਉਹ ਵੀ ਭਾਰਤ- ਪਾਕਿਸਤਾਨ ਦੇਸ਼ਾਂ ਦੇ ਚੰਗੇ ਸਬੰਧ ਬਣਾਉਣ ਲਈ ਅੱਗੇ ਆਉਣ ਤੇ ਦੋਵਾਂ ਮੁਲਕਾਂ ਦੇ ਅਵਾਮ ਨੂੰ ਮਰਨ-ਮਿਟਾਉਣ ਦੇ ਕੁਚੱਕਰ ਵਿੱਚੋਂ ਕੱਢਣ ਲਈ ਆਪਸ ਵਿੱਚ ਮਿਲਵਾਉਣ ਦੀ ਰੱਬ ਅੱਗੇ ਦੁਆ ਕਰਨ ਨਾ ਕਿ ਸਿਆਸੀ ਰੋਟੀਆਂ ਸੇਕਣ।
ਸਿੱਧੂ ਦੇ ਹੱਕ ‘ਚ ਨਿੱਤਰੇ ਬੁੱਧੀਜੀਵੀ ਤੇ ਲੇਖਕ
ਚੰਡੀਗੜ੍ਹ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰੀ ਨੇ ਸੋਸ਼ਲ ਮੀਡੀਆ ‘ਤੇ ਵਾਹ ਵਾਹ ਖੱਟੀ ਹੈ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਪੰਜਾਬ ਦੇ ਇਸ ਮੰਤਰੀ ਦੀ ਗੁਆਂਢੀ ਮੁਲਕ ਵਿੱਚ ਫੇਰੀ ਦਾ ਵਿਰੋਧੀ ਰਾਜਸੀ ਪਾਰਟੀਆਂ ਅਤੇ ‘ਆਪਣਿਆਂ’ (ਕਾਂਗਰਸੀ ਆਗੂਆਂ) ਵੱਲੋਂ ਭਾਵੇਂ ਵਿਰੋਧ ਕੀਤਾ ਗਿਆ ਹੈ, ਪਰ ਸੋਸ਼ਲ ਮੀਡੀਆ ‘ਤੇ ਆਮ ਲੋਕਾਂ ਵੱਲੋਂ ਸਿੱਧੂ ਦੇ ਹੱਕ ਵਿੱਚ ਖੁੱਲ੍ਹ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਪ੍ਰਚਾਰ ਵਿੱਚ ਪੰਜਾਬੀਆਂ ਨੇ ਮੋਰਚਾ ਸੰਭਾਲਿਆ ਹੋਇਆ ਹੈ। ਸੀਨੀਅਰ ਪੱਤਰਕਾਰਾਂ, ਚਿੰਤਕਾਂ ਤੇ ਬੁੱਧੀਜੀਵੀਆਂ ਵੱਲੋਂ ਵੀ ਸਿੱਧੂ ਦੇ ਇਸ ਕਦਮ ਦਾ ਸਮਰਥਨ ਕੀਤਾ ਜਾ ਰਿਹਾ ਹੈ। ਸਿੱਧੂ ਨੂੰ ਸਮਰਥਨ ਦੇਣ ਵਾਲਿਆਂ ਵਿੱਚ ਸਾਬਕਾ ਕੇਂਦਰੀ ਮੰਤਰੀ ਮਨੋਹਰ ਸਿੰਘ ਗਿੱਲ, ਭਾਜਪਾ ਦੇ ਬਾਗ਼ੀ ਸੰਸਦ ਮੈਂਬਰ ਸ਼ਤਰੂਘਨ ਸਿਨਹਾ, ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਉਘੇ ਅਰਥਸ਼ਾਸਤਰੀ ਸਰਦਾਰਾ ਸਿੰਘ ਜੌਹਲ, ਸਾਬਕਾ ਆਈਏਐਸ ਗੁਰਤੇਜ ਸਿੰਘ, ਪੱਤਰਕਾਰ ਰਾਜਦੀਪ ਸਰਦੇਸਾਈ ਤੇ ਸ਼ੇਖਰ ਗੁਪਤਾ, ਯੂਨੈਸਕੋ ਵਿੱਚ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਉਂਦੇ ਅਸ਼ੋਕ ਸਵੈਨ ਤੇ ਸੁਖਪਾਲ ਸਿੰਘ ਖਹਿਰਾ ਸ਼ਾਮਲ ਹਨ। ਸਿੱਧੂ ਦੇ ਸਮਰਥਨ ਵਿੱਚ ਆਈਆਂ ਉਘੀਆਂ ਹਸਤੀਆਂ ਜਿੱਥੇ ਟਵਿੱਟਰ ਤੇ ਫੇਸਬੁੱਕ ਉਪਰ ਸਿੱਧੂ ਦੇ ਪਾਕਿਸਤਾਨ ਜਾਣ ਦੇ ਕਦਮ ਦਾ ਸਮਰਥਨ ਕਰ ਰਹੀਆਂ ਹਨ, ਉਥੇ ਸੋਸ਼ਲ ਮੀਡੀਆ ‘ਤੇ ਆਮ ਲੋਕ ਵੀ ਸਿੱਧੂ ਦਾ ਵਿਰੋਧ ਕਰਨ ਵਾਲਿਆਂ ਖ਼ਿਲਾਫ਼ ਤਿੱਖੀਆਂ ਟਿੱਪਣੀਆਂ ਕਰ ਰਹੇ ਹਨ। ਪੰਜਾਬ ਦੇ ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ, ਗੁਰਭਜਨ ਸਿੰਘ ਗਿੱਲ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਐਸ.ਪੀ. ਸਿੰਘ ਵੀ ਸਿੱਧੂ ਦੇ ਹੱਕ ਵਿੱਚ ਨਿੱਤਰਨ ਵਾਲਿਆਂ ਵਿਚ ਸ਼ੁਮਾਰ ਹਨ। ਸਿੱਧੂ ਦੇ ਹੱਕ ਵਿੱਚ ਨਿੱਤਰੇ ਵਿਅਕਤੀਆਂ ਵੱਲੋਂ ਉਸ ਨੂੰ ‘ਗੁਰੂ ਦਾ ਸੱਚਾ ਸਿੱਖ’ ਕਹਿ ਕੇ ਵਡਿਆਇਆ ਜਾ ਰਿਹਾ ਹੈ, ਜਿਸ ਨੇ ਸਿੱਖ ਸ਼ਰਧਾਲੂਆਂ ਦੇ ਦਿਲਾਂ ਅੰਦਰ ਕਰਤਾਰਪੁਰ ਦੇ ਲਾਂਘੇ ਖੁੱਲ੍ਹਵਾਉਣ ਦੀ ਆਸ ਜਗਾਈ ਹੈ। ਨਵਜੋਤ ਸਿੰਘ ਸਿੱਧੂ ਨੂੰ ਸਮਰਥਨ ਮਿਲਣ ਦਾ ਵੱਡਾ ਕਾਰਨ ਮੀਡੀਆ ਅਤੇ ਕਈ ਸਿਆਸੀ ਦਲਾਂ ਦਾ ਰੁਖ਼ ਵੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਿਨਾ ਬੁਲਾਏ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਮਿਲਣ ਜਾਣ ਦੀ ਘਟਨਾ ਨਾਲ ਤੁਲਨਾ ਕਰਦਿਆਂ ਲੋਕ ਦੋਵੇਂ ਮੌਕਿਆਂ ਦੀਆਂ ਤਸਵੀਰਾਂ ਵੀ ਅਪਲੋਡ ਕਰ ਰਹੇ ਹਨ।
ਨਵਜੋਤ ਸਿੰਘ ਸਿੱਧੂ ਖਿਲਾਫ ਦੇਸ਼ ਧ੍ਰੋਹ ਦਾ ਕੇਸ ਦਰਜ
ਮੁਜ਼ੱਫਰਪੁਰ : ਸਾਬਕਾ ਭਾਰਤੀ ਕ੍ਰਿਕਟਰ ਤੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਖਿਲਾਫ ਸੋਮਵਾਰ ਨੂੰ ਦੇਸ਼ ਧ੍ਰੋਹ ਦੇ ਦੋਸ਼ਾਂ ਤਹਿਤ ਸੀਜੇਐਮ ਹਰਿਪ੍ਰਸਾਦ ਦੀ ਅਦਾਲਤ ਵਿਚ ਕੇਸ ਦਾਖਲ ਕੀਤਾ ਗਿਆ ਹੈ। ਇਸਲਾਮਾਬਾਦ ਵਿਚ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਗਏ ਸਿੱਧੂ ਦੇ ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਗਲੇ ਮਿਲਣ ਤੇ ਮਕਬੂਜਾ ਕਸ਼ਮੀਰ ਦੇ ਰਾਸ਼ਟਰਪਤੀ ਮਹਿਮੂਦ ਖਾਨ ਨਾਲ ਬੈਠਣ ‘ਤੇ ਇਹ ਕੇਸ ਵਕੀਲ ਸੁਧੀਰ ਕੁਮਾਰ ਓਝਾ ਨੇ ਦਾਖਲ ਕੀਤਾ ਹੈ। ਅਦਾਲਤ ਨੇ ਕੇਸ ‘ਤੇ ਸੁਣਵਾਈ ਲਈ 24 ਅਗਸਤ ਦੀ ਤਰੀਕ ਤੈਅ ਕੀਤੀ ਹੈ। ਕੇਸ ਵਿਚ ਸੁਧੀਰ ਕੁਮਾਰ ਓਝਾ ਨੇ ਕਿਹਾ ਕਿ 18 ਅਗਸਤ ਨੂੰ ਇਸਲਾਮਾਬਾਦ ਵਿਚ ਇਮਰਾਨ ਖਾਨ ਦਾ ਸਹੁੰ ਚੁੱਕ ਸਮਾਗਮ ਸੀ। ਨਵਜੋਤ ਸਿੱਧੂ ਉਸ ਵਿਚ ਸ਼ਾਮਲ ਹੋਏ ਸਨ। ਸਮਾਗਮ ਵਿਚ ਪਾਕਿਸਤਾਨ ਦੇ ਫੌਜ ਮੁਖੀ ਨੂੰ ਗਲੇ ਮਿਲਦਿਆਂ ਦੀਆਂ ਤਸਵੀਰਾਂ ਖਿਚਵਾਈਆਂ।
ਸਿੱਧੂ ਨੇ ਲਾਹੌਰ ਦੇ ਬਾਜ਼ਾਰ ‘ਚੋਂ ਖਰੀਦੀ ਤਿੱਲੇ ਵਾਲੀ ਜੁੱਤੀ
ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਲਾਹੌਰ ਦੇ ਬਾਜ਼ਾਰ ਵਿੱਚ ਖਰੀਦਦਾਰੀ ਕੀਤੀ ਅਤੇ ਘਰ ਵਾਪਸੀ ਤੋਂ ਪਹਿਲਾਂ ਕੁਝ ਸਿਆਸੀ ਹਸਤੀਆਂ ਤੇ ਕ੍ਰਿਕਟਰਾਂ ਨਾਲ ਮੁਲਾਕਾਤ ਵੀ ਕੀਤੀ। ਪਾਕਿਸਤਾਨੀ ਰੋਜ਼ਨਾਮਾ ‘ਡਾਅਨ’ ਦੀ ਰਿਪੋਰਟ ਅਨੁਸਾਰ ਇਸਲਾਮਾਬਾਦ ਵਿੱਚ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ਸਿੱਧੂ ਨੇ ਇੱਥੋਂ ਦੇ ਟਕਸਾਲੀ ਗੇਟ ਜਾ ਕੇ ਆਪਣੇ ਤੇ ਆਪਣੇ ਪਰਿਵਾਰਕ ਮੈਂਬਰਾਂ ਲਈ ਤਿੱਲੇ ਵਾਲੀਆਂ ਜੁੱਤੀਆਂ ਖਰੀਦੀਆਂ। ਉਨ੍ਹਾਂ ਦੁਕਾਨਦਾਰ ਤੋਂ ਜੁੱਤੀਆਂ ਤੋਹਫ਼ੇ ਵਿੱਚ ਲੈਣ ਤੋਂ ਇਨਕਾਰ ਕਰਦਿਆਂ ਉਸ ਨੂੰ ਜੁੱਤੀਆਂ ਦੀ ਬਣਦੇ ਪੈਸੇ ਦਿੱਤੇ। ਸਿੱਧੂ ਨੂੰ ਅਚਾਨਕ ਦੇਖ ਕੇ ਇਲਾਕੇ ਦੇ ਬਸ਼ਿੰਦੇ ਹੈਰਾਨ ਰਹਿ ਗਏ ਤੇ ਲੋਕਾਂ ਨੇ ਉਨ੍ਹਾਂ ਨਾਲ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਸਿੱਧੂ ਮਨੋਨੀਤ ਗਵਰਨਰ ਚੌਧਰੀ ਮੁਹੰਮਦ ਸਰਵਰ ਨੂੰ ਮਿਲਣ ਲਈ ਸਥਾਨਕ ਕੌਫੀ ਹਾਊਸ ਚਲੇ ਗਏ। ਇਸ ਤੋਂ ਬਾਅਦ ਨਵਜੋਤ ਸਿੰਘ ਨੇ ਪਾਕਿਸਤਾਨ ਦੇ ਲੋਕਾਂ ਵੱਲੋਂ ਦਿਖਾਏ ਪਿਆਰ ਤੇ ਸਤਿਕਾਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਜਾਖੜ ਨੇ ਸਿੱਧੂ ਦਾ ਕੀਤਾ ਬਚਾਅ
ਸਿੱਧੂ ਵਲੋਂ ਪਾਕਿ ਫੌਜ ਮੁਖੀ ਨੂੰ ਜੱਫੀ ਪਾਉਣ ਦੇ ਮਾਮਲੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਸਿੱਧੂ ਦੇ ਪੱਖ ਵਿਚ ਆ ਗਏ ਹਨ। ਜਾਖੜ ਨੇ ਕਿਹਾ ਕਿ ਭਾਜਪਾ ਨੂੰ ਦੋਗਲੀ ਰਾਜਨੀਤੀ ਬੰਦ ਕਰਨੀ ਚਾਹੀਦੀ ਹੈ। ਸੁਨੀਲ ਜਾਖੜ ਨੇ ਕਿਹਾ ਕਿ ਸਿੱਧੂ ਨੇ ਜੇਕਰ ਗੁਰਦੁਆਰਾ ਸਾਹਿਬ ਤੱਕ ਰਸਤੇ ਦੀ ਗਲ ਕੀਤੀ ਹੈ ਤਾਂ ਭਾਜਪਾ ਇਸ ਤੋਂ ਕਿਉਂ ਦੁਖੀ ਹੈ।
ਸਿੱਧੂ ਨੂੰ ਸ਼ਰਮ ਆਉਣੀ ਚਾਹੀਦੀ ਹੈ : ਸੁਖਬੀਰ ਬਾਦਲ
ਸਿੱਧੂ ਵਲੋਂ ਪਾਕਿ ਫੌਜ ਮੁਖੀ ਬਾਜਵਾ ਨੂੰ ਜੱਫੀ ਪਾਉਣ ਦੇ ਮਾਮਲੇ ਸੁਖਬੀਰ ਬਾਦਲ ਨੇ ਕਿਹਾ ਕਿ ਸਿੱਧੂ ਨੂੰ ਸ਼ਰਮ ਆਉਣੀ ਚਾਹੀਦੀ ਸੀ, ਕਿਉਂਕਿ ਪਾਕਿ ਫੌਜ ਦਾ ਮੁਖੀ ਸਾਡਾ ਦੁਸ਼ਮਣ ਹੈ।
ਸਿੱਧੂ ਮਾਫੀ ਮੰਗਣ, ਨਹੀਂ ਤਾਂ ਵਿਰੋਧ ਕਰਦੇ ਰਹਾਂਗੇ : ਪ੍ਰਦਰਸ਼ਨਕਾਰੀ
ਸਿੱਧੂ ਐਤਵਾਰ ਨੂੰ ਦੁਪਹਿਰ 2.24 ਵਜੇ ਵਾਪਸ ਵਤਨ ਪਰਤੇ। ਜਦ ਉਨ੍ਹਾਂ ਦਾ ਕਾਫਲਾ ਬਾਹਰ ਨਿਕਲਿਆ ਤਾਂ ਅਟਾਰੀ ਵਿਚ ਪਗੜੀ ਸੰਭਾਲ ਜੱਟਾ ਲਹਿਰ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ। ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੇ ਘਿਰਾਓ ਤੋਂ ਬਚਾਉਣ ਲਈ ਸਿੱਧੂ ਦੇ ਕਾਫਲੇ ਨੂੰ ਸਰਵਿਸ ਲੇਨ ਤੋਂ ਬਾਹਰ ਕੱਢਿਆ। ਸੰਸਥਾ ਦੇ ਸੂਬਾ ਪ੍ਰਧਾਨ ਕੰਵਲਪ੍ਰੀਤ ਸਿੰਘ ਕਾਕੀ ਨੇ ਕਿਹਾ ਕਿ ਸਿੱਧੂ ਨੇ ਦੇਸ਼ ਨਾਲ ਗਦਾਰੀ ਕੀਤੀ ਹੈ। ਉਨ੍ਹਾਂ ਨੇ ਭਾਰਤੀ ਫੌਜੀਆਂ ਨਾਲ ਕਾਇਰਤਾ ਕਰਨ ਵਾਲੇ ਪਾਕਿ ਦੇ ਫੌਜ ਮੁਖੀ ਨੂੰ ਗਲੇ ਲਗਾਇਆ ਹੈ, ਜੋਕਿ ਪ੍ਰੋਟੋਕਾਲ ਨਹੀਂ ਹੈ। ਜੇਕਰ ਸਿੱਧੂ ਨੇ ਅਸਤੀਫਾ ਦੇ ਕੇ ਮਾਫੀ ਨਹੀਂ ਮੰਗੀ ਤਾਂ ਅੱਗੇ ਵੀ ਉਸਦਾ ਵਿਰੋਧ ਕਰਦੇ ਰਹਿਣਗੇ।
Home / ਪੰਜਾਬ / ਨਾਪਾਕ ਗਲਵਕੜੀਆਂ : ਪਾਕਿ ਤੋਂ ਵਾਪਸ ਆਉਂਦੇ ਸਮੇਂ ਲੋਕਾਂ ਨੇ ਸਿੱਧੂ ਨੂੰ ਦਿਖਾਏ ਕਾਲੇ ਝੰਡੇ, ਕੀਤੀ ਨਾਅਰੇਬਾਜ਼ੀ
Check Also
ਪੰਜਾਬ ’ਚ ਧਰਮ ਪਰਿਵਰਤਨ ’ਤੇ ਐਸਜੀਪੀਸੀ ਨੇ ਜਤਾਈ ਚਿੰਤਾ
ਯੋਗੀ ਅੱਤਿਆਨਾਥ ਦੇ ਬਿਆਨ ਦਾ ਕੀਤਾ ਗਿਆ ਸਮਰਥਨ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ …