Breaking News
Home / ਜੀ.ਟੀ.ਏ. ਨਿਊਜ਼ / ਕੈਥਲਿਨ ਵਿੰਨ ਤੇ ਦੋ ਹੋਰ ਮੰਤਰੀਆਂ ਉਤੇ ਹਾਈਡਰੋ ਵੰਨ ਦੇ ਸ਼ੇਅਰ ਵੇਚਣ ਦਾ ਦੋਸ਼

ਕੈਥਲਿਨ ਵਿੰਨ ਤੇ ਦੋ ਹੋਰ ਮੰਤਰੀਆਂ ਉਤੇ ਹਾਈਡਰੋ ਵੰਨ ਦੇ ਸ਼ੇਅਰ ਵੇਚਣ ਦਾ ਦੋਸ਼

kathileen-copy-copyਦਰਜ ਮੁਕੱਦਮੇ ਅਨੁਸਾਰ ਸ਼ੇਅਰਾਂ ਦੀ ਆਮਦਨ ਪਾਰਟੀ ਨੂੰ ਮਜ਼ਬੂਤ ਕਰਨ ‘ਤੇ ਖਰਚੀ
ਟੋਰਾਂਟੋ/ਬਿਊਰੋ ਨਿਊਜ਼ : ਦਰਜ ਕਰਵਾਏ ਗਏ ਮੁਕੱਦਮੇ ਅਨੁਸਾਰ ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿੰਨ ਤੇ ਉਸ ਦੇ ਦੋ ਸੀਨੀਅਰ ਮੰਤਰੀਆਂ ਉੱਤੇ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਨੇ ਹਾਈਡਰੋ ਵੰਨ ਦੇ ਸ਼ੇਅਰ ਵੇਚ ਕੇ ਉਸ ਆਮਦਨ ਨਾਲ ਲਿਬਰਲ ਪਾਰਟੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ।
ਓਨਟਾਰੀਓ ਦੀ ਸੁਪੀਰੀਅਰ ਕੋਰਟ ਵਿੱਚ ਦਾਇਰ ਕੀਤੇ ਕੇਸ ਵਿੱਚ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼ (ਕਿਊਪ) ਨੇ ਇਹ ਦੋਸ਼ ਲਾਇਆ ਹੈ ਕਿ ਵਿੰਨ, ਸਾਬਕਾ ਵਿੱਤ ਮੰਤਰੀ ਚਾਰਲਸ ਸੋਸਾ ਤੇ ਸਾਬਕਾ ਊਰਜਾ ਮੰਤਰੀ ਬੌਬ ਚੀਆਰੈਲੀ ਨੇ ਪ੍ਰਾਈਵੇਟ ਨਿਵੇਸ਼ਕਾਂ ਨੂੰ ਲਾਹਾ ਦੇਣ ਲਈ ਹੀ ਹਾਈਡਰੋ ਵੰਨ ਦੇ ਸ਼ੇਅਰ ਵੇਚੇ। ਇਹ ਵੀ ਆਖਿਆ ਗਿਆ ਕਿ ਪ੍ਰਾਈਵੇਟ ਨਿਵੇਸ਼ਕਾਂ ਨੂੰ ਇਹ ਫਾਇਦਾ ਇਸ ਲਈ ਦਿੱਤਾ ਗਿਆ ਤਾਂ ਕਿ ਉਹ ਬਦਲੇ ਵਿੱਚ ਸਾਹੀ ਫੰਡਰੇਜ਼ਰਜ਼ ਰਾਹੀਂ ਪਾਰਟੀ ਦੀ ਮਦਦ ਕਰ ਸਕਣ।
ਇਹ ਵੀ ਆਖਿਆ ਗਿਆ ਕਿ ਪ੍ਰੀਮੀਅਰ ਤੇ ਉਸ ਦੇ ਮੰਤਰੀਆਂ ਨੇ ਆਪਾ ਸਵਾਰੂ ਤੇ ਲੋਕ ਮਾਰੂ ਨੀਤੀਆਂ ਦਾ ਰਾਹ ਅਪਣਾਇਆ। ਇਨ੍ਹਾਂ ਸ਼ੇਅਰਾਂ ਦੀ ਵਿੱਕਰੀ ਕਰਕੇ ਓਨਟਾਰੀਓ ਦੇ ਟੈਕਸਦਾਤਾਵਾਂ ਨੂੰ 1.2 ਬਿਲੀਅਨ ਡਾਲਰ ਵਾਧੂ ਦੇਣੇ ਹੋਣਗੇ ਜਦਕਿ ਉਨ੍ਹਾਂ ਨੂੰ ਹੋਣ ਵਾਲੀ ਸਾਲਾਨਾ 500 ਮਿਲੀਅਨ ਡਾਲਰ ਦੀ ਆਮਦਨ ਖੁੱਸ ਜਾਵੇਗੀ ਤੇ ਪ੍ਰੋਵਿੰਸ਼ੀਅਲ ਤਿਜੋਰੀਆਂ ਇਸ ਆਮਦਨ ਤੋਂ ਵਾਂਝੀਆਂ ਰਹਿ ਜਾਣਗੀਆਂ। ਇਹ ਵੀ ਆਖਿਆ ਗਿਆ ਹੈ ਕਿ ਜਿਨ੍ਹਾਂ ਲੀਗਲ ਤੇ ਬੈਂਕਿੰਗ ਫਰਮਾਂ ਨੇ ਹਾਈਡਰੋ ਵੰਨ ਦੇ ਸ਼ੇਅਰਾਂ ਦੀ ਵਿੱਕਰੀ ਵਿੱਚ ਮਦਦ ਕੀਤੀ ਹੈ ਉਨ੍ਹਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ 75 ਮਿਲੀਅਨ ਡਾਲਰ ਅਦਾ ਕੀਤੇ ਗਏ। ਬਦਲੇ ਵਿੱਚ ਅਜਿਹੀਆਂ ਫਰਮਾਂ ਨੇ ਸਰਕਾਰ ਨੂੰ ਸੈਂਕੜੇ ਡਾਲਰ ਦੀਆਂ ਡੋਨੇਸ਼ਨਾਂ ਦਿੱਤੀਆਂ।
ਇਸ ਦੌਰਾਨ ਅਕਤੂਬਰ 2015 ਨੂੰ ਲਿਬਰਲ ਪਾਰਟੀ ਵੱਲੋਂ ਕਰਵਾਏ ਗਏ ਫੰਡਰੇਜ਼ਰ ਈਵੈਂਟ ਦੀ ਉਦਾਹਰਨ ਦਿੱਤੀ ਗਈ। ਦੱਸਿਆ ਗਿਆ ਕਿ ਹਾਈਡਰੋ ਵੰਨ ਸ਼ੇਅਰਾਂ ਦੀ ਵਿੱਕਰੀ ਤੋਂ ਇੱਕ ਹਫਤੇ ਪਹਿਲਾਂ ਇਹ ਈਵੈਂਟ ਕਰਵਾਇਆ ਗਿਆ ਤੇ ਇਸ ਲਈ “ਬਿੱਲ ਐਪਰੀਸਿਏਸ਼ਨ ਆਫ ਦ ਟਰਾਂਜ਼ੈਕਸ਼ਨ” ਦੇ ਨਾਂ ਉੱਤੇ ਕੱਟਿਆ ਗਿਆ। ਮੁੱਕਦਮੇ ਵਿੱਚ ਆਖਿਆ ਗਿਆ ਕਿ ਵਿੱਤੀ ਸੰਸਥਾਵਾਂ, ਯੂਨੀਅਨਾਂ, ਸਰਕਾਰੀ ਫਰਮਾਂ ਤੇ ਊਰਜਾ ਖੇਤਰ ਨਾਲ ਜੁੜੇ 24 ਵਿਅਕਤੀਆਂ ਨੇ ਇਸ ਈਵੈਂਟ ਵਿੱਚ ਹਿੱਸਾ ਲੈਣ ਲਈ 7,500 ਡਾਲਰ (ਪ੍ਰਤੀ ਵਿਅਕਤੀ) ਦਿੱਤੇ। ਇਸ ਦੇ ਚੱਲਦਿਆਂ ਲਿਬਰਲ ਪਾਰਟੀ ਨੂੰ ਈਵੈਂਟ ਤੋਂ 165,000 ਡਾਲਰ ਦੀ ਕਮਾਈ ਹੋਈ।
ਅਦਾਲਤ ਵਿੱਚ ਜਮ੍ਹਾਂ ਕਰਵਾਏ ਗਏ ਦਸਤਾਵੇਜ਼ਾਂ ਅਨੁਸਾਰ ਚਿਆਰੇਲੀ ਤੇ ਸੌਸਾ ਦੋਵਾਂ ਨੇ ਕਥਿਤ ਤੌਰ ਉੱਤੇ ਇਸ ਈਵੈਂਟ ਵਿੱਚ ਹਿੱਸਾ ਲਿਆ ਜਿੱਥੇ ਸ਼ੇਅਰਾਂ ਦੀ ਵਿੱਕਰੀ ਵਿੱਚ ਸ਼ਾਮਲ 16 ਬੈਂਕਾਂ ਵਿੱਚੋਂ 9 ਦੇ ਨੁਮਾਇੰਦੇ ਵੀ ਹਾਜ਼ਰ ਸਨ। ਮੰਗਲਵਾਰ ਨੂੰ ਜਦੋਂ ਪ੍ਰੀਮੀਅਰ ਦੇ ਆਫਿਸ ਨੂੰ ਇਸ ਸਬੰਧ ਵਿੱਚ ਆਪਣਾ ਪੱਖ ਦੱਸਣ ਲਈ ਆਖਿਆ ਗਿਆ ਤਾਂ ਉਨ੍ਹਾਂ ਊਰਜਾ ਮੰਤਰੀ ਗਲੈਨ ਥੀਬੌਲਟ ਦੇ 14 ਸਤੰਬਰ ਨੂੰ ਦਿੱਤੇ ਬਿਆਨ ਦਾ ਹਵਾਲਾ ਦੇਣ ਦੀ ਕੋਸ਼ਿਸ਼ ਕੀਤੀ। ਜ਼ਿਕਰਯੋਗ ਹੈ ਕਿ ਉਸ ਦਿਨ ਹੀ ਕਿਊਪ ਨੇ ਪਹਿਲੀ ਵਾਰੀ ਮਾਮਲਾ ਦਰਜ ਕਰਵਾਇਆ ਸੀ। ਦੂਜੇ ਪਾਸੇ ਥੀਬੌਲਟ ਨੇ ਸਿੱਧਿਆਂ ਇਸ ਮਾਮਲੇ ਵਿੱਚ ਟਿੱਪਣੀ ਕਰਨ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿਉਂਕਿ ਇਹ ਮਾਮਲਾ ਅਦਾਲਤ ਸਾਹਮਣੇ ਹੈ। ਜ਼ਿਕਰਯੋਗ ਹੈ ਕਿ ਸਰਕਾਰ ਹਾਈਡਰੋ ਵੰਨ ਦੇ 30 ਫੀ ਸਦੀ ਸ਼ੇਅਰ ਵੇਚ ਕੇ 3.2 ਬਿਲੀਅਨ ਡਾਲਰ ਕਮਾ ਚੁੱਕੀ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …