ਐਨ ਆਰ ਆਈ ਲਾੜਿਆਂ ਹੱਥੋਂ ਦੁਖੀ ਮਹਿਲਾਵਾਂ ਨੇ ਕੀਤੀ ਮੰਗ
ਨਵੀਂ ਦਿੱਲੀ/ਬਿਊਰੋ ਨਿਊਜ਼ : ਪਰਮਿੰਦਰ ਕੌਰ (ਬਦਲਿਆ ਨਾਮ) ਦਾ ਕਹਿਣਾ ਹੈ ਕਿ 2015 ਵਿਚ ਉਸ ਦਾ ਵਿਆਹ ਇਕ ਸੁਫ਼ਨਾ ਪੂਰਾ ਹੋਣ ਵਰਗਾ ਸੀ ਅਤੇ ਉਸ ਮਗਰੋਂ 40 ਦਿਨ ਉਸ ਦੀ ਜ਼ਿੰਦਗੀ ਦੇ ਬਿਹਤਰੀਨ ਪਲ ਸਨ। ਪਰ ਉਸ ਦੇ ਪਤੀ ਦੇ ਪੜ੍ਹਾਈ ਪੂਰੀ ਕਰਨ ਲਈ ਕੈਨੇਡਾ ਜਾਣ ਤੋਂ ਬਾਅਦ ਹਾਲਾਤ ਬਦਲ ਗਏ।
ਪਰਮਿੰਦਰ ਨੇ ਕਿਹਾ ਕਿ ਉਸ ਦੇ ਪਤੀ ਦੇ ਬਾਹਰ ਜਾਂਦਿਆਂ ਹੀ ਉਸ ਦੇ ਸਹੁਰਾ ਪਰਿਵਾਰ ਨੇ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੇ ਮਾਪਿਆਂ ਤੋਂ ਹਰ ਮਹੀਨੇ ਇਕ ਲੱਖ ਰੁਪਏ ਦਾਜ ਮੰਗਣਾ ਸ਼ੁਰੂ ਕਰ ਦਿੱਤਾ।
ਉਸ ਨੇ ਕਿਹਾ, ”ਮਾਪਿਆਂ ਨੇ ਜਦੋਂ ਪੈਸੇ ਨਾ ਦਿੱਤੇ ਤਾਂ ਸਹੁਰੇ ਪਰਿਵਾਰ ਵਾਲਿਆਂ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ।”
ਇਕ ਦਿਨ ਉਸ ਦੇ ਸਹੁਰੇ ਪਰਿਵਾਰ ਵਾਲੇ ਅਚਾਨਕ ਕੈਨੇਡਾ ਚਲੇ ਗਏ ਅਤੇ ਉਸ ਤੋਂ ਬਾਅਦ ਨਾ ਤਾਂ ਪਤੀ ਅਤੇ ਨਾ ਹੀ ਕਿਸੇ ਹੋਰ ਨਾਲ ਕੋਈ ਗੱਲਬਾਤ ਹੋਈ। ਮਗਰੋਂ ਉਸ ਦੇ ਪਤੀ ਨੇ ਇਕਤਰਫ਼ਾ ਤਲਾਕ ਦੇ ਕੇ ਦੂਜਾ ਵਿਆਹ ਕਰ ਲਿਆ। ਪਰਮਿੰਦਰ ਅਤੇ ਉਸ ਵਰਗੀਆਂ ਹੋਰ ਕਈ ਮਹਿਲਾਵਾਂ ਹੁਣ ਅਜਿਹੇ ਕੌਮਾਂਤਰੀ ਕਾਨੂੰਨ ਦੀ ਮੰਗ ਕਰ ਰਹੀਆਂ ਹਨ ਜਿਸ ਨਾਲ ਭਗੌੜੇ ਪਤੀਆਂ ਦੀ ਹਵਾਲਗੀ ਸੰਭਵ ਹੋ ਸਕੇ। ਸ਼ਿਲਪਾ (ਬਦਲਿਆ ਨਾਮ) 2010 ਵਿਚ ਵਿਆਹ ਕਰਕੇ ਅਮਰੀਕਾ ਜਾਣ ਤੋਂ ਪਹਿਲਾਂ ਆਈਟੀ ਕੰਪਨੀ ਵਿਚ ਕੰਮ ਕਰਦੀ ਸੀ।ਉਹ ਜਿਵੇਂ ਹੀ ਕੈਲੀਫੋਰਨੀਆ ਪੁੱਜੀ ਤਾਂ ਉਸ ਦੇ ਪਤੀ ਨੇ ਸਾਰੇ ਦਸਤਾਵੇਜ਼ ਅਤੇ ਪੈਸੇ ਲੈ ਲਏ। ਉਸ ਮੁਤਾਬਕ ਪਤੀ ਨੇ ਕਈ ਵਾਰ ਬਲਾਤਕਾਰ ਕਰਨ ਮਗਰੋਂ ਉਸ ਨੂੰ ਸੜਕ ‘ਤੇ ਸੁੱਟ ਦਿੱਤਾ। ਉਸ ਕੋਲ ਭਾਰਤ ਆਉਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਿਆ ਸੀ।
ਸ਼ਿਲਪਾ ਦਿੱਲੀ ਵਿਚ ਅੱਠ ਸਾਲ ਦੀ ਧੀ ਨਾਲ ਰਹਿੰਦੀ ਹੈ ਅਤੇ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੋਈ ਹੈ ਪਰ ਪਤੀ ਅਜੇ ਤਕ ਨਹੀਂ ਪਰਤਿਆ। ਉਸ ਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਕਿ ਪਤੀ ਨੇ ਦੂਜਾ ਵਿਆਹ ਕਰ ਲਿਆ ਹੈ।
ਅਜਿਹੀਆਂ ਮਹਿਲਾਵਾਂ ਦਾ ਮੰਨਣਾ ਹੈ ਕਿ ਕੌਮਾਂਤਰੀ ਕਾਨੂੰਨ ਨਾਲ ਉਨ੍ਹਾਂ ਨੂੰ ਇਨਸਾਫ਼ ਮਿਲ ਸਕਦਾ ਹੈ। ਉਨ੍ਹਾਂ ਆਈਪੀਸੀ ਦੀ ਧਾਰਾ 498ਏ ਵਿਚ ਬਲਾਤਕਾਰ, ਕੁੱਟਮਾਰ, ਧੋਖਾਧੜੀ ਜਿਹੇ ਵੱਡੇ ਜੁਰਮਾਂ ਨੂੰ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ ਹੈ ਤਾਂ ਜੋ ਭਗੌੜੇ ਪਤੀਆਂ ਦੀ ਹਵਾਲਗੀ ਸੰਭਵ ਹੋ ਸਕੇ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਐਨਆਰਆਈ ਵਿਆਹਾਂ ਨਾਲ ਜੁੜੇ ਮਸਲਿਆਂ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਨੇ ਹੁਣੇ ਜਿਹੇ 33 ਭਗੌੜੇ ਪਤੀਆਂ ਦੇ ਪਾਸਪੋਰਟ ਰੱਦ ਕੀਤੇ ਹਨ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …