ਗਾਇਕਾਂ ਨੂੰ ਸਿਆਸੀ ਰਾਗ, ਘੱਟ ਹੀ ਆਇਆ ਰਾਸ
ਜਗਰਾਉਂ : 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬੀ ਗਾਇਕ ਤੇ ਕਲਾਕਾਰ ਵੀ ਸਿਆਸੀ ਅਖਾੜੇ ਲਈ ਜ਼ਮੀਨ ਤਲਾਸ਼ ਰਹੇ ਹਨ। ਪੰਜਾਬ ‘ਚ ਕਈ ਨਾਮਵਰ ਗਾਇਕ ਇਸ ਤੋਂ ਪਹਿਲਾਂ ਵੀ ਸਿਆਸੀ ਪਿੜ ਵਿਚ ਦਾਖਲ ਹੋ ਕੇ ਸਿਆਸੀ ਰਾਗ ਅਲਾਪ ਚੁੱਕੇ ਹਨ ਜੋ ਬਹੁਤ ਘੱਟ ਗਾਇਕ ਕਲਾਕਾਰਾਂ ਨੂੰ ਰਾਸ ਆਇਆ ਹੈ। ਗਾਇਕ ਬਲਕਾਰ ਸਿੱਧੂ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿਚ, ਅਗਲੇ ਦਿਨ ਕਾਮੇਡੀਅਨ ਗੁਰਪ੍ਰੀਤ ਘੁੱਗੀ ‘ਆਪ’ ਵਿਚ ਤੇ ਅੱਜ ਕੱਲ੍ਹ ਗਾਇਕ ਹੰਸ ਰਾਜ ਹੰਸ ਦੇ ਸ਼੍ਰੋਮਣੀ ਅਕਾਲੀ ਦਲ ਨੂੰ ਪੱਕੀ ਅਲਵਿਦਾ ਆਖ ਕੇ ਕਾਂਗਰਸ ਵਿਚ ਸ਼ਾਮਲ ਹੋਣ ‘ਤੇ ਤਿੰਨਾਂ ਪ੍ਰਮੁੱਖ ਪਾਰਟੀਆਂ ਵਿਚ ਇਕ ਤਿਕੋਣ ਤਾਂ ਬਣ ਹੀ ਗਈ ਹੈ। ਗਾਇਕ ਕਲਾਕਾਰਾਂ ਦੀ ਮਕਬੂਲੀਅਤ ਦੇ ਸਿਰ ‘ਤੇ ਕਈ ਵਾਰ ਸਿਆਸੀ ਪਾਰਟੀਆਂ ਸੀਟਾਂ ਦੀ ਗਿਣਤੀ ਵਧਾਉਣ ਵਿਚ ਸਫਲ ਹੋ ਜਾਂਦੀਆਂ ਹਨ ਪਰ ਸੰਸਦ ਤੇ ਵਿਧਾਨ ਸਭਾ ਵਿਚ ਪਹੁੰਚਣ ਸਾਰ ਇਨ੍ਹਾਂ ਗਾਇਕ ਕਲਾਕਾਰਾਂ ਦੀ ਸੁਰ ਮੱਧਮ ਪੈ ਜਾਂਦੀ ਹੈ। ਬਹੁਤੇ ਗਾਇਕ ਕਲਾਕਾਰਾਂ ਨੂੰ ਲੋਕ ਚੋਣਾਂ ਵਿਚ ਹੀ ਨਕਾਰ ਦਿੰਦੇ ਹਨ। ਗਾਇਕਾਂ ਤੇ ਕਲਾਕਾਰਾਂ ਦਾ ਸਿਆਸਤ ਵਿਚ ਕੁੱਦਣਾ ਕੋਈ ਨਵੀਂ ਗੱਲ ਨਹੀਂ ਤੇ ਦਹਾਕਿਆਂ ਤੋਂ ਚੱਲੀ ਆ ਰਹੀ ਇਸ ਰਵਾਇਤ ‘ਚ ਸਿਆਸੀ ਪਾਰਟੀਆਂ ਕਲਾਕਾਰਾਂ ਦੀ ਪ੍ਰਸਿੱਧੀ ਦਾ ‘ਮੁੱਲ ਵੱਟਣ’ ਦਾ ਯਤਨ ਕਰਦੀਆਂ ਹਨ। ਗਾਇਕਾਂ ਦੇ ਸਿਆਸੀ ਅਖਾੜੇ ਵਿਚ ਕੁੱਦਣ ਦੇ ਪਿਛੋਕੜ ‘ਤੇ ਝਾਤ ਮਾਰੀਏ ਤਾਂ ਕਲੀਆਂ ਦੇ ਬਾਦਸ਼ਾਹ ਕਰਕੇ ਜਾਣੇ ਜਾਂਦੇ ਕੁਲਦੀਪ ਮਾਣਕ ਨੇ ਵੀ ਸਿਆਸੀ ਸੁਰ ਛੇੜੀ ਸੀ ਜਿਸ ਵਿਚ ਉਹ ਨਾਕਾਮ ਰਹੇ।
ਕੁਲਦੀਪ ਮਾਣਕ ਨੇ ਲੋਕ ਸਭਾ ਚੋਣਾਂ ਵਿਚ ਕਿਸਮਤ ਅਜ਼ਮਾਈ ਸੀ, ਜਿਸ ਵਿਚ ਉਹ ਅਸਫਲ ਸਾਬਤ ਹੋਏ ਸਨ। ਉਹਨਾਂ ਦੇ ਸਮਿਆਂ ਦੇ ਹੀ ਗਾਇਕ ਮੁਹੰਮਦ ਸਦੀਕ ਨੂੰ ਬੜੀ ਮੁਸ਼ਕਲ ਨਾਲ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਦੌੜ ਤੋਂ ਜਿੱਤ ਨਸੀਬ ਹੋਈ। ਗਾਇਕ ਹਰਭਜਨ ਮਾਨ ਨੇ ਬਲਵੰਤ ਸਿੰਘ ਰਾਮੂਵਾਲੀਆ ਨਾਲ ਰਿਸ਼ਤੇਦਾਰੀ ਹੋਣ ਕਾਰਨ ਪਹਿਲਾਂ ਉਹਨਾਂ ਦੀ ਲੋਕ ਭਲਾਈ ਪਾਰਟੀ ਨਾਲ ਜੁੜੇ ਸਨ। ਬਾਅਦ ਵਿਚ ਉਹ ਰਾਮੂਵਾਲੀਆ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਵਿਚ ਆ ਗਏ ਜਿੱਥੇ ਉਹਨਾਂ ਨੂੰ ਮੋਹਾਲੀ ਜ਼ਿਲ੍ਹਾ ਯੋਜਨਾ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਪਰ ਉਹਨਾਂ ਦਾ ਛੇਤੀ ਹੀ ਸਿਆਸਤ ਤੋਂ ਮੋਹ ਭੰਗ ਹੋ ਗਿਆ ਤੇ ਉਹ ਇਸ ਪਿੜ ਵਿਚੋਂ ਕਿਨਾਰ ਕਰ ਗਏ। ਦੋਗਾਣਾ ਗਾਇਕੀ ਵਿਚ ਧਾਂਕ ਜਮਾਉਣ ਵਾਲੀ ਮਿੱਸ ਪੂਜਾ ਨੇ ਵੀ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਸੀ। ਉਹਨਾਂ ਦੇ ਹੁਸ਼ਿਆਰਪੁਰ ਤੋਂ ਚੋਣ ਲੜਨ ਦੀ ਚਰਚਾ ਵੀ ਚੱਲੀ ਸੀ ਪਰ ਬਾਅਦ ਵਿਚ ਨਾ ਤਾਂ ਉਹਨਾਂ ਚੋਣ ਲੜੀ ਤੇ ਨਾ ਹੀ ਕਦੇ ਪਾਰਟੀ ਵਿਚ ਕੋਈ ਸਰਗਰਮੀ ਦਿਖਾਈ। ਕਾਮੇਡੀਅਨ ਭਗਵੰਤ ਮਾਨ ਨੇ ਮਨਪ੍ਰੀਤ ਬਾਦਲ ਦੀ ਅਗਵਾਈ ਵਾਲੀ ਪੀਪਲਜ਼ ਪਾਰਟੀ ਆਫ ਪੰਜਾਬ ਵਲੋਂ ਕਾਂਗਰਸ ਦੀ ਸੀਨੀਅਰ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਖਿਲਾਫ ਚੋਣ ਲੜੀ ਪਰ ਸਫਲ ਨਹੀਂ ਹੋਏ। ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਉਹ ਪੀਪੀਪੀ ਛੱਡ ਕੇ ‘ਆਪ’ ਵਿਚ ਚਲੇ ਗਏ ਤੇ ‘ਆਪ’ ਦੀ ਹਨੇਰੀ ਵਿਚ ਉਹਨਾਂ ਸਮੇਤ ਪਾਰਟੀ ਦੇ ਚਾਰ ਸੰਸਦ ਮੈਂਬਰ ਚੁਣੇ ਗਏ। ਗਾਇਕ ਜੱਸੀ ਜਸਰਾਜ ਨੇ ਵੀ ‘ਆਪ’ ਵਿਚ ਸ਼ਾਮਲ ਹੋ ਕੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਤੇ ਮਨਪ੍ਰੀਤ ਬਾਦਲ ਖਿਲਾਫ ਚੋਣ ਲੜੀ ਸੀ। ਹੁਣ ਕਾਂਗਰਸ ਪਾਰਟੀ ਦਾ ਹੱਥ ਫੜਨ ਵਾਲੇ ਗਾਇਕ ਹੰਸ ਰਾਜ ਹੰਸ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਕੇ 2009 ਦੀਆਂ ਲੋਕ ਸਭਾ ਚੋਣਾਂ ਵਿਚ ਜਲੰਧਰ ਹਲਕੇ ਤੋਂ ਮੈਦਾਨ ਵਿਚ ਕੁੱਦੇ ਸਨ, ਪਰ ਹਾਰ ਗਏ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …