ਪਰਿਵਾਰਕ ਮੈਂਬਰਾਂ ‘ਤੇ ਝੂਠੇ ਇਲਾਜ਼ਮ ਲਾਉਣ ਦਾ ਮਾਮਲਾ
ਫ਼ਰੀਦਕੋਟ/ਬਿਊਰੋ ਨਿਊਜ਼
ਪਰਵਾਸੀ ਪੰਜਾਬੀ ਲੇਖਕ ਇਕਬਾਲ ਸਿੰਘ ਰਾਮੂਵਾਲੀਆ ‘ਤੇ ਆਪਣੇ ਹੀ ਪਰਿਵਾਰਕ ਮੈਂਬਰਾਂ ਖ਼ਿਲਾਫ਼ ਸ਼ਿਕਾਇਤਾਂ ਕਰਕੇ ਉਨ੍ਹਾਂ ਨੂੰ ਬਦਨਾਮ ਕਰਨ ਦੇ ਦੋਸ਼ ਲੱਗੇ ਹਨ। ਫ਼ਰੀਦਕੋਟ ਪੁਲਿਸ ਨੇ ਇਕਬਾਲ ਸਿੰਘ ਰਾਮੂਵਾਲੀਆ ਅਤੇ ਉਸ ਦੇ ਦੋ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਗਈ ਇੱਕ ਸ਼ਿਕਾਇਤ ਝੂਠੀ ਨਿਕਲਣ ‘ਤੇ ਸ਼ਿਕਾਇਤ ਕਰਨ ਵਾਲਿਆਂ ਖ਼ਿਲਾਫ਼ ਸਥਾਨਕ ਅਦਾਲਤ ਵਿੱਚ ਫੌਜਦਾਰੀ ਦੋਸ਼ ਪੱਤਰ ਦਾਇਰ ਕੀਤਾ ਹੈ।
ਜੁਡੀਸ਼ਲ ਮੈਜਿਸਟ੍ਰੇਟ ਸ਼ਵੇਤਾ ਦਾਸ ਨੇ ਇਕਬਾਲ ਸਿੰਘ ਰਾਮੂਵਾਲੀਆ, ਰਛਪਾਲ ਸਿੰਘ ਗਿੱਲ ਅਤੇ ਚਰਨਜੀਤ ਕੌਰ ਧਾਲੀਵਾਲ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 182 ਤਹਿਤ ਕਾਰਵਾਈ ਸ਼ੁਰੂ ਕਰਦਿਆਂ ਉਨ੍ਹਾਂ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਵਾਰ-ਵਾਰ ਨੋਟਿਸ ਮਿਲਣ ਦੇ ਬਾਵਜੂਦ ਇਕਬਾਲ ਰਾਮੂਵਾਲੀਆ ਅਤੇ ਬਾਕੀ ਪਰਿਵਾਰਕ ਮੈਂਬਰ ਅਦਾਲਤ ਸਾਹਮਣੇ ਪੇਸ਼ ਨਹੀਂ ਹੋਏ। ਅਦਾਲਤ ਨੇ ਹੁਣ ਜ਼ਿਲ੍ਹਾ ਪੁਲਿਸ ਨੂੰ 31 ਮਈ ਤੱਕ ਇਨ੍ਹਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਸਾਹਮਣੇ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਕਬਾਲ ਸਿੰਘ ਰਾਮੂਵਾਲੀਆ ਤੇ ਹੋਰਨਾਂ ਨੇ ਦਸੰਬਰ 2015 ਵਿੱਚ ਸ਼ਿਕਾਇਤ ਨੰਬਰ 285-5 ਪੀ.ਸੀ. ਪੁਲਿਸ ਕੋਲ ਦਰਜ ਕਰਵਾਈ ਸੀ ਜਿਸ ਵਿੱਚ ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਉਨ੍ਹਾਂ ਦੀ ਧੀ ਅਮਨਜੋਤ ਕੌਰ ਰਾਮੂਵਾਲੀਆ ਅਤੇ ਕੁਝ ਹੋਰ ਅਹਿਮ ਵਿਅਕਤੀਆਂ ਖ਼ਿਲਾਫ਼ ਪਿੰਡ ਪੰਜਗਰਾਈਂ ਦੀ ਇੱਕ ਲੜਕੀ ਨੂੰ ਕਥਿਤ ਤੌਰ ‘ਤੇ ਕਤਲ ਕਰਨ ਦੇ ਦੋਸ਼ ਲਾਏ ਸਨ। ਬਾਜਾਖਾਨਾ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਗਈ। ਪੜਤਾਲ ਦੌਰਾਨ ਇਕਬਾਲ ਨੇ ਆਪਣੇ ਦੋਸ਼ਾਂ ਨੂੰ ਸਾਬਤ ਕਰਨ ਦੀ ਥਾਂ ਸ਼ਿਕਾਇਤ ਵਾਪਸ ਲੈਣ ਲਈ ਪੁਲਿਸ ਕੋਲ ਬੇਨਤੀ ਕੀਤੀ। ਪੁਲਿਸ ਨੇ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ, ਜਿਸ ‘ਤੇ ਜ਼ਿਲ੍ਹਾ ਪੁਲਿਸ ਮੁਖੀ ਸੁਖਮਿੰਦਰ ਸਿੰਘ ਮਾਨ ਨੇ ਇਸ ਸ਼ਿਕਾਇਤ ਨੂੰ ਝੂਠੀ ਐਲਾਨਦਿਆਂ ਸਥਾਨਕ ਅਦਾਲਤ ਵਿੱਚ ਆਈ.ਪੀ.ਸੀ. ਦੀ ਧਾਰਾ 182 ਤਹਿਤ ਸ਼ਿਕਾਇਤ ਦਰਜ ਕਰਵਾਈ। ਇਸ ‘ਤੇ ਅਦਾਲਤ ਹੁਣ 31 ਮਈ ਨੂੰ ਸੁਣਵਾਈ ਕਰੇਗੀ।
ਇਸੇ ਦੌਰਾਨ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਉਸ ਦਾ ਚਾਚਾ ਇਕਬਾਲ ਸਿੰਘ ਰਾਮੂਵਾਲੀਆ 1976 ਤੋਂ ਉਨ੍ਹਾਂ ਖ਼ਿਲਾਫ਼ ਬੇਬੁਨਿਆਦ ਦੋਸ਼ ਲਾ ਰਿਹਾ ਹੈ। ਉਨ੍ਹਾਂ ਨੇ ਹੋਰ ਕੁਝ ਕਹਿਣ ਤੋਂ ਇਸ ਆਧਾਰ ‘ਤੇ ਨਾਂਹ ਕਰ ਦਿੱਤੀ ਕਿ ਮਾਮਲਾ ਹੁਣ ਅਦਾਲਤ ਦੇ ਵਿਚਾਰ-ਅਧੀਨ ਹੈ।
Check Also
ਨਸ਼ਿਆਂ ਖਿਲਾਫ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪੈਦਲ ਮਾਰਚ ਅੰਮਿ੍ਰਤਸਰ ਪੁੱਜਾ
ਰਾਜਪਾਲ ਨੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਮੰਗਿਆ ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ …