Breaking News
Home / ਪੰਜਾਬ / ਹਰਿਆਣਾ ‘ਚ ਲੌਕਡਾਊਨ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ

ਹਰਿਆਣਾ ‘ਚ ਲੌਕਡਾਊਨ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ

ਧਰਨਿਆਂ ‘ਚ ਕਿਸਾਨ ਬੀਬੀਆਂ, ਨੌਜਵਾਨ ਅਤੇ ਬਜ਼ੁਰਗ ਕਰ ਰਹੇ ਹਨ ਸ਼ਿਰਕਤ
ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨਾਂ ਵੱਲੋਂ ਹਰਿਆਣਾ ਵਿਚ ਲਾਏ ਗਏ ਪੱਕੇ ਮੋਰਚੇ ਤਾਲਾਬੰਦੀ ਦੇ ਬਾਵਜੂਦ ਟੌਲ ਪਲਾਜ਼ਿਆਂ, ਕਾਰਪੋਰੇਟ ਘਰਾਣਿਆਂ, ਪੈਟਰੋਲ ਪੰਪਾਂ, ਭਾਜਪਾ ਆਗੂਆਂ ਦੇ ਘਰਾਂ/ਦਫ਼ਤਰਾਂ ਦੇ ਮੂਹਰੇ ਜਾਰੀ ਹਨ। ਇੱਥੇ ਕਿਸਾਨ ਬੀਬੀਆਂ, ਨੌਜਵਾਨ ਅਤੇ ਬਜ਼ੁਰਗ ਮੋਰਚਿਆਂ ਵਿਚ ਸ਼ਿਰਕਤ ਕਰ ਰਹੇ ਹਨ। ਕਿਸਾਨ ਆਗੂਆਂ ਨੇ ਸੂਬੇ ਵਿੱਚ ਕਰੋਨਾ ਦੀ ਆੜ ‘ਚ ਲਾਈ ਜਾ ਰਹੀ ਪਾਬੰਦੀ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਹਰ ਤਰ੍ਹਾਂ ਦੇ ਹਾਲਾਤ ਵਿੱਚ ਜਾਰੀ ਰਹਿਣਗੇ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਬੈਂਸ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਹੋਇਆ ਕਿਸਾਨ ਸ਼ੰਘਰਸ਼ ਅੱਜ ਜਨ ਅੰਦੋਲਨ ਬਣ ਚੁੱਕਿਆ ਹੈ ਜਿਸ ਵਿੱਚ ਦੇਸ਼ ਭਰ ਤੋਂ ਲੋਕ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਕੇਂਦਰ ਸਰਕਾਰ ਪਹਿਲੇ ਦਿਨ ਤੋਂ ਕੋਸ਼ਿਸ਼ਾਂ ਕਰਦੀ ਆ ਰਹੀ ਹੈ ਪਰ ਕਾਮਯਾਬ ਨਹੀਂ ਹੋ ਸਕੀ। ਹੁਣ ਸੂਬਾ ਸਰਕਾਰ ਕਰੋਨਾ ਵਾਇਰਸ ਦੀ ਆੜ ਵਿੱਚ ਤਾਲਾਬੰਦੀ ਕਰਕੇ ਜਾਂ ਹੋਰ ਪਾਬੰਦੀਆਂ ਲਗਾ ਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਕਿਸਾਨਾਂ ਨੇ ਕਰੋਨਾ ਦਾ ਸਫ਼ਲਤਾ ਨਾਲ ਸਾਹਮਣਾ ਕੀਤਾ ਸੀ ਤੇ ਇਸ ਵਾਰ ਵੀ ਪੂਰੀ ਸਾਵਧਾਨੀ ਨਾਲ ਕਿਸਾਨ ਕਰੋਨਾ ਨੂੰ ਮਾਤ ਦੇਣਗੇ।
ਬੈਂਸ ਨੇ ਕਿਹਾ ਕਿ ਪੱਛਮੀ ਬੰਗਾਲ ਤੋਂ ਬਾਅਦ ਯੂਪੀ ਵਿੱਚ ਪੰਚਾਇਤ ਚੋਣਾਂ ਦੇ ਆ ਰਹੇ ਨਤੀਜਿਆਂ ਨੇ ਭਾਜਪਾ ਨੂੰ ਕੰਬਣੀ ਛੇੜ ਦਿੱਤੀ ਹੈ। ਇਸ ਵਿਚ ਵੱਡੀ ਗਿਣਤੀ ਵਿੱਚ ਆਜ਼ਾਦ ਉਮੀਦਵਾਰ ਜਿੱਤ ਹਾਸਿਲ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਹਾਲੇ ਵੀ ਕੇਂਦਰ ਸਰਕਾਰ ਕੋਲ ਸਮਾਂ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਮੰਨਦੇ ਹੋਏ ਖੇਤੀ ਕਾਨੂੰਨ ਰੱਦ ਕਰ ਦੇਵੇ, ਨਹੀਂ ਤਾਂ ਕਿਸਾਨ ਉੱਤਰ ਪ੍ਰਦੇਸ਼ ਵਿੱਚ ਮੋਰਚਾ ਲਗਾਉਣਗੇ। ਜਿੱਥੇ ਲੋਕਾਂ ਨੂੰ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਖ਼ਿਲਾਫ਼ ਵੋਟ ਪਾਉਣ ਦੀ ਅਪੀਲ ਕੀਤੀ ਜਾਵੇਗੀ।
ਖਟਕੜ ਟੌਲ ਪਲਾਜ਼ਾ ‘ਤੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਆਜ਼ਾਦ ਪਲਵਾ ਨੇ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਤੋਂ ਪਿੱਛੇ ਹਟਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਖਟਕੜ ਟੌਲ ਪਲਾਜ਼ਾ ‘ਤੇ ਕੈਂਪ ਲਗਾ ਕੇ ਕਿਸਾਨਾਂ ਦਾ ਟੀਕਾਕਰਨ ਕਰਵਾਇਆ ਜਾ ਰਿਹਾ ਹੈ। ਪਰ ਕਰੋਨਾ ਟੈਸਟ ਨਹੀਂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੰਗ ਹੈ ਕਿ ਤਿੰਨੇ ਖੇਤੀ ਕਾਨੂੰਨ ਰੱਦ ਕਰਕੇ ਫ਼ਸਲਾਂ ਦੀ ਖਰੀਦ ਦੀ ਕਾਨੂੰਨੀ ਗਰੰਟੀ ਦਾ ਕਾਨੂੰਨ ਲਿਆਂਦਾ ਜਾਵੇ। ਇਸ ਤੋਂ ਬਿਨਾਂ ਕਿਸਾਨ ਘਰ ਵਾਪਸੀ ਨਹੀਂ ਕਰੇਗਾ।

 

Check Also

ਲਾਲ ਕਿਲਾ ਹਿੰਸਾ ਮਾਮਲੇ ’ਤੇ ਲਾਲਜੀਤ ਭੁੱਲਰ ਨੇ ਤੋੜੀ ਚੁੱਪ

ਕਿਹਾ : ਮੈਂ ਕਿਸਾਨ ਦਾ ਪੁੱਤਰ ਹਾਂ, ਕਿਸਾਨ ਅੰਦੋਲਨ ’ਚ ਜਾ ਕੇ ਕੁੱਝ ਗਲਤ ਨਹੀਂ …