ਕਿਹਾ : ਕੋਈ ਵੀ ਮਜ਼ਦੂਰ ਪੈਦਲ ਨਾ ਜਾਵੇ ਅਤੇ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ
ਚੰਡੀਗੜ੍ਹ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਪਰਵਾਸੀ ਮਜ਼ਦੂਰਾਂ ਦੀ ਚਿੰਤਾ ਸਤਾਉਣ ਲੱਗ ਪਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੋਈ ਮਜ਼ਦੂਰ ਪੰਜਾਬ ‘ਚੋਂ ਪੈਦਲ ਤੁਰ ਕੇ ਆਪਣੇ ਜੱਦੀ ਘਰ ਨਾ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਥੇ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ ਪੰਜਾਬ ਸਰਕਾਰ ਉਨ੍ਹਾਂ ਦੇ ਰੋਟੀ-ਪਾਣੀ ਦਾ ਪੂਰਾ ਪ੍ਰਬੰਧ ਕਰੇਗੀ। ਮੁੱਖ ਮੰਤਰੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਅਤੇ ਪੁਲੀਸ ਅਧਿਕਾਰੀਆਂ ਨੂੰ ਇਹ ਆਦੇਸ਼ ਦਿੱਤੇ ਗਏ ਹਨ ਕਿ ਜੇਕਰ ਕਿਸੇ ਨੂੰ ਵੀ ਪਰਵਾਸੀ ਮਜ਼ਦੂਰ ਸੜਕ ‘ਤੇ ਤੁਰੇ ਜਾਂਦੇ ਮਿਲਦੇ ਹਨ ਤਾਂ ਉਹ ਕਰਮਚਾਰੀ ਉਨ੍ਹਾਂ ਨੂੰ ਨੇੜਲੇ ਰੇਲਵੇ ਸਟੇਸ਼ਨ ਜਾਂ ਬੱਸ ਸਟੈਂਡ ‘ਤੇ ਛੱਡਣ ਦਾ ਪ੍ਰਬੰਧ ਕਰਨ ਜਿੱਥੋਂ ਉਹ ਆਪਣੇ ਜੱਦੀ ਸੂਬੇ ਲਈ ਰੇਲ ਗੱਡੀ ਜਾਂ ਬੱਸ ਲੈ ਸਕਣ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਨ੍ਹਾਂ ਨੂੰ ਪੰਜਾਬ ਛੱਡਣ ਤੱਕ ਭੋਜਨ ਅਤੇ ਪਾਣੀ ਮੁਹੱਈਆ ਵੀ ਕਰਵਾਇਆ ਜਾਣਾ ਚਾਹੀਦਾ ਹੈ।