Breaking News
Home / ਪੰਜਾਬ / ਪੰਜਾਬ ਨੇ ਲੌਕ ਡਾਊਨ ‘ਚ ਦੇਸ਼ ਨੂੰ ਸਭ ਤੋਂ ਜ਼ਿਆਦਾ 46 ਫੀਸਦੀ ਦਿੱਤਾ ਰਾਸ਼ਨ

ਪੰਜਾਬ ਨੇ ਲੌਕ ਡਾਊਨ ‘ਚ ਦੇਸ਼ ਨੂੰ ਸਭ ਤੋਂ ਜ਼ਿਆਦਾ 46 ਫੀਸਦੀ ਦਿੱਤਾ ਰਾਸ਼ਨ

ਜਲੰਧਰ/ਬਿਊਰੋ ਨਿਊਜ਼
‘ਅੰਨ ਦਾ ਕਟੋਰਾ’ ਕਹਾਉਣ ਵਾਲੇ ਪੰਜਾਬ ਨੇ ਇਕ ਵਾਰ ਫਿਰ ਗਰੀਬਾਂ ਦਾ ਢਿੱਡ ਭਰਨ ‘ਚ ਅਹਿਮ ਭੂਮਿਕਾ ਨਿਭਾਈ ਹੈ। ਐਫਸੀਆਈ (ਫੂਡ ਕਾਰਪੋਰੇਸ਼ਨ ਆਫ ਇੰਡੀਆ) ਦੇ ਅੰਕੜਿਆਂ ਅਨੁਸਾਰ ਲਾਕ ਡਾਊਨ ਵਿਚ ਦੇਸ਼ ਭਰ ਦੇ ਗਰੀਬਾਂ ਨੂੰ ਮੁਫਤ ਅਨਾਜ ਵੰਡਣ ਦੀ ਕੇਂਦਰ ਦੀ ਯੋਜਨਾ ਦੇ ਤਹਿਤ ਕੁੱਲ 16.94 ਲੱਖ ਟਨ ਅਨਾਜ ਦੀ ਵੰਡ ਹੋਈ। ਇਸ ਅਨਾਜ ਨੂੰ ਦੇਸ਼ ਦੇ ਵੱਖ ਵੱਖ ਰਾਜਾਂ ਵਿਚ ਪਹੁੰਚਾਉਣ ਦੀ ਜ਼ਿੰਮੇਵਾਰੀ ਕੇਂਦਰ ਦੀ ਏਜੰਸੀ ਐਫਸੀਆਈ ‘ਤੇ ਸੀ, ਜਿਸ ਨੇ ਸਭ ਤੋਂ ਜ਼ਿਆਦਾ 46 ਫੀਸਦੀ ਅਨਾਜ ਯਾਨੀ 7.79 ਲੱਖ ਟਨ ਪੰਜਾਬ ਦੇ ਗੋਦਾਮਾਂ ਵਿਚੋਂ ਟਰਾਂਸਪੋਰਟ ਕਰਵਾਇਆ। ਪੰਜਾਬ ਤੋਂ ਬਾਅਦ ਐਫਸੀਆਈ ਨੇ ਹਰਿਆਣਾ ਦੇ ਗੋਦਾਮਾਂ ਵਿਚੋਂ 18 ਫੀਸਦੀ, ਤੇਲੰਗਾਨਾ ਤੋਂ 12 ਪ੍ਰਤੀਸ਼ਤ ਅਤੇ ਛੱਤੀਸਗੜ ਤੋਂ 7 ਫੀਸਦੀ ਅਨਾਜ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਪਹੁੰਚਾਇਆ। ਜ਼ਿਕਰਯੋਗ ਹੈ ਕਿ 24 ਮਾਰਚ ਤੋਂ 23 ਅਪ੍ਰੈਲ ਤੱਕ ਪੂਰੇ ਦੇਸ਼ ਵਿਚ ਕੰਪਲੀਟ ਲਾਕ ਡਾਊਨ ਸੀ, ਇਸ ਤੋਂ ਬਾਅਦ ਹੌਲੀ ਹੌਲੀ ਅਨਲੌਕ ਦੀ ਕਵਾਇਦ ਸ਼ੁਰੂ ਹੋ ਗਈ ਸੀ। ਇਸ ਦੌਰਾਨ ਗਰੀਬਾਂ ਦੇ ਸਾਹਮਣੇ ਭੁੱਖਮਰੀ ਦਾ ਸੰਕਟ ਪੈਦਾ ਨਾ ਹੋ ਜਾਏ, ਇਸ ਲਈ ਕੇਂਦਰ ਸਰਕਾਰ ਨੇ ਰਾਸ਼ਟਰੀ ਖਾਧ ਸੁਰੱਖਿਆ ਕਾਨੂੰਨ ਦੇ ਤਹਿਤ ਅਪ੍ਰੈਲ ਤੋਂ ਜੂਨ ਦੌਰਾਨ ਹਰ ਮਹੀਨੇ ਗਰੀਬਾਂ ਨੂੰ ਪੰਜ ਕਿਲੋ ਅਨਾਜ ਮੁਫਤ ਦਿੱਤੇ ਜਾਣ ਦੀ ਵਿਵਸਥਾ ਕੀਤੀ ਸੀ। ਇਸੇ ਤਹਿਤ ਕਿਸੇ ਕੇਂਦਰੀ ਜਾਂ ਰਾਜ ਪੀਡੀਐਸ ਯੋਜਨਾ ਦੇ ਤਹਿਤ ਕਵਰ ਨਾ ਹੋਣ ਵਾਲੇ ਪਰਵਾਸੀ ਮਜ਼ਦੂਰਾਂ ਨੂੰ ਵੀ ਮਈ ਅਤੇ ਜੂਨ ਵਿਚ ਪੰਜ ਪੰਜ ਕਿਲੋ ਅਨਾਜ ਦੇਣ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਬਾਅਦ ਵਿਚ ਤਿੰਨ ਮਹੀਨੇ ਲਈ ਹੋਰ ਵਧਾ ਦਿੱਤਾ ਗਿਆ ਸੀ।
ਸਾਡੀ ਤਾਕਤ : ਮੱਧ ਪ੍ਰਦੇਸ਼ ਤੋਂ ਬਾਅਦ ਸਭ ਤੋਂ ਜ਼ਿਆਦਾ ਕਣਕ ਅਸੀਂ ਦਿੰਦੇ ਹਾਂ
ਐਫਸੀਆਈ ਦੇ ਅੰਕੜਿਆਂ ਅਨੁਸਾਰ ‘ਲੌਕ ਡਾਊਨ ਸ਼ੁਰੂ ਹੋਣ ਦੇ 12 ਦਿਨਾਂ ਦੌਰਾਨ, ਐਫਸੀਆਈ ਨੇ ਪ੍ਰਤੀ ਦਿਨ ਔਸਤਨ 1.41 ਲੱਖ ਟਨ ਅਨਾਜ ਦੇਸ਼ ਦੇ ਵੱਖ ਵੱਖ ਰਾਜਾਂ ਵਿਚ ਪਹੁੰਚਾਇਆ। ਇਸ ਵਿਚ ਬਿਹਾਰ (1.96 ਲੱਖ ਟਨ), ਪੱਛਮੀ ਬੰਗਾਲ (1.65 ਲੱਖ ਟਨ) ਅਤੇ ਕਰਨਾਟਕ (1.57 ਲੱਖ ਟਨ) ਲਿਜਾਇਆ ਗਿਆ। ਜ਼ਿਕਰਯੋਗ ਹੈ ਕਿ ਲੌਕਡਾਊਨ ਤੋਂ ਪਹਿਲਾਂ ਐਫਸੀਆਈ ਪ੍ਰਤੀ ਦਿਨ 80 ਹਜ਼ਾਰ ਟਨ ਅਨਾਜ ਟਰਾਂਸਪੋਰਟ ਕਰਵਾਉਂਦੀ ਸੀ। ਪਹੁੰਚਾਏ ਗਏ ਇਸ ਅਨਾਜ ਨੂੰ ਸਰਕਾਰ ਰਾਸ਼ਟਰੀ ਖਾਧ ਸੁਰੱਖਿਆ ਅਧਿਨਿਯਮ ਦੇ ਤਹਿਤ ਰਾਸ਼ਨ ਦੀਆਂ ਦੁਕਾਨਾਂ ਦੇ ਮਾਧਿਅਮ ਨਾਲ ਸਬਸਿਡੀ ਦਰ ‘ਤੇ ਹਰ ਮਹੀਨੇ 5 ਕਿਲੋ ਅਨਾਜ ਦੇਣ ਤੋਂ ਇਲਾਵਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ 8.10 ਕਰੋੜ ਗਰੀਬ ਲੋਕਾਂ ਨੂੰ ਅਗਲੇ ਤਿੰਨ ਮਹੀਨਿਆਂ ਲਈ 5 ਕਿਲੋ ਚਾਵਲ ਜਾਂ ਕਣਕ ਮੁਫਤ ਦੇਣ ਦਾ ਐਲਾਨ ਕੀਤਾ ਹੈ।

Check Also

ਦਿਲਰੋਜ਼ ਨੂੰ ਜਿੰਦਾ ਦਫ਼ਨਾਉਣ ਵਾਲੀ ਨੀਲਮ ਨੂੰ ਲੁਧਿਆਣਾ ਕੋਰਟ ਨੇ ਸੁਣਾਈ ਮੌਤ ਦੀ ਸਜ਼ਾ

ਆਰੋਪੀ ਨੀਲਮ ਨੇ ਸਾਲ 2021 ’ਚ ਦਿੱਤਾ ਸੀ ਘਟਨਾ ਨੂੰ ਅੰਜ਼ਾਮ ਲੁਧਿਆਣਾ/ਬਿਊਰੋ ਨਿਊਜ਼ : ਢਾਈ …