Breaking News
Home / ਪੰਜਾਬ / ਪੰਜਾਬ ਦੇ 19 ਵਿਦਿਆਰਥੀਆਂ ਨੂੰ ‘ਦ੍ਰਿਸ਼ਟੀ ਪੰਜਾਬ’ ਐਵਾਰਡ ਨਾਲ ਕੀਤਾ ਸਨਮਾਨਿਤ

ਪੰਜਾਬ ਦੇ 19 ਵਿਦਿਆਰਥੀਆਂ ਨੂੰ ‘ਦ੍ਰਿਸ਼ਟੀ ਪੰਜਾਬ’ ਐਵਾਰਡ ਨਾਲ ਕੀਤਾ ਸਨਮਾਨਿਤ

ਚੰਡੀਗੜ੍ਹ/ਬਿਊਰੋ ਨਿਊਜ਼ : ਕੈਨੇਡਾ ਦੀ ਗੈਰ ਸਰਕਾਰੀ ਸੰਸਥਾ ‘ਦ੍ਰਿਸ਼ਟੀ ਪੰਜਾਬ’ ਨੇ ਆਪਣੇ 8ਵੇਂ ਸਾਲਾਨਾ ਐਵਾਰਡ ਸਮਾਗਮ ਵਿਚ ਪੰਜਾਬ ਦੇ 19 ਹੋਣਹਾਰ ਵਿਦਿਆਰਥੀਆਂ ਨੂੰ 50-50 ਹਜ਼ਾਰ ਰੁਪਏ ਦੇ ਐਵਾਰਡ ਨਾਲ ਸਨਮਾਨਿਤ ਕੀਤਾ।
ਇਸ ਗੈਰ ਸਰਕਾਰੀ ਸਿੱਖਿਆ ਐਵਾਰਡ ਸਮਾਗਮ ਵਿਚ ਸਨਮਾਨਿਤ ਕੀਤੇ ਪੰਜਾਬ ਦੇ ਉਹ ਵਿਦਿਆਰਥੀ ਹਨ ਜਿਨ੍ਹਾਂ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦਿਆਂ, ਤੰਗੀ ਤੁਰਸ਼ੀਆਂ ਨਾਲ ਜੂਝਦਿਆਂ 2017-18 ਦੇ ਸੈਸ਼ਨ ਦੌਰਾਨ ਦਸਵੀਂ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਸੂਬੇ ਦੀ ਮੈਰਿਟ ਵਿਚ ਸਥਾਨ ਹਾਸਿਲ ਕੀਤਾ ਹੈ।
ਇਸ ਸਮਾਗਮ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ, ਵਾਤਾਵਰਨ ਪ੍ਰੇਮੀ ਸੰਤ ਸੁਖਜੀਤ ਸਿੰਘ ਸੀਚੇਵਾਲ ਅਤੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਅਤੇ ਕੈਨੇਡਾ ਤੋਂ ਸ਼ਮੀਲ, ਮਨੀਸ਼, ਸ਼ਰਮਾ ਆਦਿ ਨੇ ਸ਼ਮੂਲੀਅਤ ਕਰਦਿਆਂ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤੇ ਜਾਣ ਦੀਆਂ ਰਸਮਾਂ ਅਦਾ ਕੀਤੀਆਂ। ਦ੍ਰਿਸ਼ਟੀ ਪੰਜਾਬ ਸੰਸਥਾ ਕੈਨੇਡੀਅਨ ਐਨ.ਆਰ.ਆਈ. ਐਡਵੋਕੇਟ ਹਰਮਿੰਦਰ ਢਿੱਲੋਂ ਦੀ ਅਗਵਾਈ ਵਿਚ ਚੱਲ ਰਹੀ ਹੈ, ਜੋ ਹਰ ਸਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹ ਕੇ ਸੂਬੇ ਦੀ ਦਸਵੀਂ ਕਲਾਸ ਦੀ ਮੈਰਿਟ ਸੂਚੀ ਵਿਚ ਆਉਂਦੇ ਹਨ ਉਨ੍ਹਾਂ ਨੂੰ ਸਨਮਾਨਿਤ ਕਰਦੀ ਹੈ। ਇਸੇ ਲੜੀ ਤਹਿਤ ਐਤਵਾਰ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਵਿਦਿਆਰਥੀਆਂ ਨੂੰ ਇਹ ਮਾਣ ਸਨਮਾਨ ਦਿੱਤਾ ਗਿਆ। ਦ੍ਰਿਸ਼ਟੀ ਪੰਜਾਬ ਕੈਨੇਡਾ ਦੇ ਬਾਨੀ ਮੈਂਬਰ ਤੇ ਪੰਜਾਬੀ ਦੇ ਕਵੀ ਸ਼ਮੀਲ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਦ੍ਰਿਸ਼ਟੀ ਪੰਜਾਬ ਦਾ ਇਹ ਅੱਠਵਾਂ ਪ੍ਰੋਗਰਾਮ ਸੀ ਤੇ ਦ੍ਰਿਸ਼ਟੀ ਦਾ ਉਦੇਸ਼ ਪੰਜਾਬ ਵਿਚ ਸਿੱਖਿਆ ਖੇਤਰ ਨੂੰ ਉਤਸ਼ਾਹਤ ਕਰਨਾ ਹੈ।
ਇਸ ਸਮਾਗਮ ਵਿਚ ਦ੍ਰਿਸ਼ਟੀ ਪੰਜਾਬ ਵਲੋਂ ਰਾਜਪਾਲ ਸਿੱਧੂ ਮੈਮੋਰੀਅਲ ਐਵਾਰਡ ਵੀ ਦਿੱਤਾ ਗਿਆ, ਜਿਸ ਵਿਚ ਵਾਤਾਵਰਨ ਅਤੇ ਜੀਵ ਜੰਤੂਆਂ ਦੀ ਸੰਭਾਲ ਕਰਨ ਵਾਲੀ ਸੰਸਥਾ ਨੂੰ ਹਰ ਸਾਲ 50 ਹਜ਼ਾਰ ਰੁਪਏ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਇਆ ਕਰੇਗਾ ਤੇ ਇਸ ਵਾਰੀ ਇਹ ਐਵਾਰਡ ਬਰਨਾਲਾ ਦੇ ਸ਼ਹੀਦ ਅਮਰਜੀਤ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਧੌਲਾ ਨੂੰ ਦਿੱਤਾ ਗਿਆ। ਇਸ ਸਮਾਗਮ ਵਿਚ ਗੋ-ਗਲੋਬਲ ਸੰਸਥਾ ਦੇ ਸੰਚਾਲਕ ਰੁਪਿੰਦਰ ਸਿੰਘ ਅਤੇ ਰਿਸ਼ਪ ਹੈਲਥ ਕੇਅਰ ਦੇ ਪ੍ਰਮੁੱਖ ਆਰ ਕੇ ਜੈਨ ਵਲੋਂ ਵੀ ਬੱਚਿਆਂ ਨੂੰ ਸਨਮਾਨਿਤ ਕੀਤਾ।
ਸਮਾਰੋਹ ਵਿਚ ਬਲਵੀਰ ਜੰਡੂ, ਸਰਬਜੀਤ ਪੰਧੇਰ, ਆਮ ਆਦਮੀ ਪਾਰਟੀ ਦੇ ਕੋਰ ਕਮੇਟੀ ਮੈਂਬਰ ਮਨਜੀਤ ਸਿੱਧੂ, ਕਰਨਲ ਕੇ.ਪੀ.ਐਸ. ਸਿੱਧੂ, ਪ੍ਰੋ. ਸਹਿਜਪਾਲ, ਕੰਵਲਜੀਤ ਸਿੰਘ ਢੀਂਡਸਾ, ਦੀਪਕ ਸ਼ਰਮਾ ਚਨਾਰਥਲ, ਸੁਭਾਸ਼ ਸ਼ਰਮਾ ਡੇਰਾਬਸੀ, ਰਣਬੀਰ ਸਿੰਘ ਢਿੱਲੋਂ, ਨਿਹਾਲ ਸਿੰਘ, ਹਰਮੇਲ ਸਿੰਘ ਖੱਖ ਆਦਿ ਨੇ ਸ਼ਿਰਕਤ ਕੀਤੀ।

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …