ਭਾਰਤ ਤੋਂ ਵਿਦਿਆਰਥੀ ਵਧਣ ਦੀ ਸੰਭਾਵਨਾ ਨਹੀਂ : ਮੰਤਰੀ
ਟੋਰਾਂਟੋ/ਸਤਪਾਲ ਸਿੰਘ ਜੌਹਲ : ਬੀਤੇ ਸਾਲਾਂ ਦੌਰਾਨ ਕੈਨੇਡਾ ਦੀ ਖੁੱਲ੍ਹੀ ਇਮੀਗਰੇਸ਼ਨ, ਵਰਕ ਪਰਮਿਟ ਅਤੇ ਸਟੱਡੀ ਵੀਜ਼ਾ ਨੀਤੀਆਂ ਦੇ ਨਤੀਜੇ ਵਜੋਂ ਦੇਸ਼ ਵਿਚ ਬਣੇ ਹੋਏ ਮੌਜੂਦਾ ਹਾਲਾਤ ਤੋਂ ਸਾਵਧਾਨ ਹੁੰਦਿਆਂ ਸਰਕਾਰ ਨੁਕਸਾਨ ਨੂੰ ਕਾਬੂ ਕਰਨ ਲਈ ਸਰਗਰਮ ਹੋਈ ਹੈ ਤੇ ਇਮੀਗਰੇਸ਼ਨ ਮੰਤਰੀ ਮਾਰਕ ਮਿੱਲਰ ਨੇ ਬੀਤੇ ਸਾਲਾਂ ਦੇ ਮੁਕਾਬਲੇ ਅਗਲੇ ਦੋ ਸਾਲਾਂ ਦੌਰਾਨ 35 ਫੀਸਦੀ ਤੱਕ ਘੱਟ ਸਟੱਡੀ ਵੀਜ਼ੇ ਜਾਰੀ ਕਰਨ ਦਾ ਐਲਾਨ ਕੀਤਾ ਹੈ। ਸਤੰਬਰ 2024 ਦੇ ਸਮੈਸਟਰ ਤੋਂ ਕੁਝ ਨਵੇਂ ਸਖਤ ਨਿਯਮ ਲਾਗੂ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚ ਵਿਦੇਸ਼ੀਆਂ ਨੂੰ ਸੀਮਤ ਗਿਣਤੀ ਵਿਚ ਸਟੱਡੀ ਪਰਮਿਟ ਦਿੱਤੇ ਜਾਣਗੇ। ਸੀਨ ਫਰੇਜ਼ਰ, ਜੋ ਸਾਬਕਾ ਇਮੀਗਰੇਸ਼ਨ ਮੰਤਰੀ ਹਨ ਤੇ ਬੀਤੇ ਸਾਲਾਂ ਦੌਰਾਨ ਉਨ੍ਹਾਂ ਨੇ ਇਮੀਗਰੇਸ਼ਨ ਨੀਤੀਆਂ ਵਿਚ ਫੇਰਬਦਲ ਕਰਕੇ ਲੋਕਾਂ ਨੂੰ ਕੈਨੇਡਾ ਵਿਚ ਆਉਣ ਦੇ ਖੁੱਲ੍ਹੇ ਮੌਕੇ ਦਿੱਤੇ, ਪਰ ਹੁਣ ਮਕਾਨ ਉਸਾਰੀ ਮੰਤਰੀ ਹੁੰਦਿਆਂ ਉਹ ਇਮੀਗਰੇਸ਼ਨ ਘੱਟ ਕਰਨ ਦੀ ਵਕਾਲਤ ਕਰ ਰਹੇ ਹਨ। 2022 ਦੌਰਾਨ 8 ਲੱਖ ਤੋਂ ਵੱਧ ਸਟੱਡੀ ਵੀਜ਼ੇ ਜਾਰੀ ਕੀਤੇ ਗਏ, ਜਿਨ੍ਹਾਂ ਵਿਚ ਬਹੁਗਿਣਤੀ ਭਾਰਤੀ ਵਿਦਿਆਰਥੀਆਂ ਦੀ ਰਹੀ।
2023 ਵਿਚ ਸਟੱਡੀ ਵੀਜ਼ਿਆਂ ਦੀ ਗਿਣਤੀ 9 ਲੱਖ ਨੂੰ ਢੁੱਕਣ ਬਾਰੇ ਜਾਣਕਾਰੀ ਮਿਲੀ ਸੀ। ਦਸ ਕੁ ਸਾਲ ਪਹਿਲਾਂ ਸਾਲਾਨਾ 3 ਲੱਖ ਦੇ ਕਰੀਬ ਵਿਦੇਸ਼ੀ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਪੜ੍ਹਨ ਜਾਣ ਦਾ ਮੌਕਾ ਮਿਲਦਾ ਸੀ। ਹੁਣ ਇਮੀਗਰੇਸ਼ਨ ਮੰਤਰੀ ਮਿੱਲਰ ਨੇ ਕਿਹਾ ਹੈ ਕਿ ਸਟੱਡੀ ਵੀਜ਼ਾ ਦੇ ਹਾਲਾਤ ਵਿਗੜਨ ਲਈ ਕੁਝ ਅਜਿਹੇ ਵਿਦਿਅਕ ਅਦਾਰੇ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਵਿਦਿਆਰਥੀਆਂ ਤੋਂ ਪੈਸਾ ਕਮਾਉਣ ਲਈ ਗੈਰ-ਜ਼ਿੰਮੇਵਾਰਾਨਾ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਅਦਾਰਿਆਂ ਨੂੰ ਵਿੱਦਿਆ ਦੇ ਮਿਆਰ ਅਤੇ ਵਿਦਿਆਰਥੀਆਂ ਦੀ ਰਿਹਾਇਸ਼ ਪ੍ਰਤੀ ਸੰਜੀਦਾ ਰਹਿਣਾ ਪਵੇਗਾ।
ਉਨ੍ਹਾਂ ਕਿਹਾ ਹੈ ਕਿ ਪਬਲਿਕ-ਪ੍ਰਾਈਵੇਟ ਹਿੱਸੇਦਾਰੀ ਵਾਲੇ ਕਾਲਜਾਂ ਤੋਂ ਪੜ੍ਹਾਈ ਪੂਰੀ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਵਰਕ ਪਰਮਿਟ ਦੇਣ ਉਪਰ ਵੀ ਰੋਕ ਲਗਾਈ ਜਾ ਰਹੀ ਹੈ। 2024 ਦੌਰਾਨ ਸਿਰਫ ਉਨ੍ਹਾਂ ਲੋਕਾਂ ਨੂੰ ਕੈਨੇਡਾ ਦਾ ਸਟੱਡੀ ਪਰਮਿਟ ਮਿਲ ਸਕੇਗਾ ਜਿਨ੍ਹਾਂ ਨੇ ਪੜ੍ਹਾਈ ਦੌਰਾਨ ਆਪਣੇ ਖਰਚੇ ਚਲਾਉਣ ਲਈ ਕੈਨੇਡੀਅਨ ਬੈਂਕ ਦੇ ਜੀ.ਆਈ.ਜੀ. ਅਕਾਊਂਟ ਵਿਚ ਘੱਟੋ-ਘੱਟ 20,635 ਡਾਲਰ ਜਮ੍ਹਾਂ ਕਰਵਾਏ ਹੋਣਗੇ। ਭਾਰਤ ਤੋਂ ਜਿੱਥੇ ਬੀਤੇ ਸਾਲ ਲਗਪਗ ਚਾਰ ਲੱਖ ਵਿਦਿਆਰਥੀ ਪੁੱਜੇ ਸਨ ਓਥੇ ਇਸ ਸਾਲ ਇਹ ਗਿਣਤੀ 60 ਹਜ਼ਾਰ ਦੇ ਕਰੀਬ ਰਹਿ ਜਾਣ ਦਾ ਅਨੁਮਾਨ ਹੈ। ਮੰਤਰੀ ਮਿੱਲਰ ਨੇ ਕਿਹਾ ਹੈ ਕਿ ਭਾਰਤ ਤੋਂ ਵਿਦਿਆਰਥੀਆਂ ਦੀ ਗਿਣਤੀ ਨੇੜ ਭਵਿੱਖ ਵਿਚ ਵਧਣ ਦੀ ਸੰਭਾਵਨਾ ਨਹੀਂ।
ਪੰਜਾਬ ਦੇ ਵਿੱਦਿਅਕ ਅਦਾਰਿਆਂ ‘ਚ ਰੌਣਕ ਪਰਤਣ ਦੀ ਸੰਭਾਵਨਾ
ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਵਲੋਂ ਕੀਤੇ ਗਏ ਐਲਾਨ ਮੁਤਾਬਕ ਸਤੰਬਰ 2024 ਤੋਂ ਸਿਰਫ ਐਮ.ਏ. ਜਾਂ ਪੀ.ਐਚ.ਡੀ. ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਹੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਓਪਨ ਵਰਕ ਪਰਮਿਟ ਮਿਲੇਗਾ। ਐਮ.ਏ. ਤੋਂ ਹੇਠਾਂ (12ਵੀਂ, +2 ਤੋਂ ਬਾਅਦ ਕੋਈ ਕੋਰਸ) ਦੇ ਸਪਾਊਸ ਵਾਸਤੇ ਵਰਕ ਪਰਮਿਟ ਨੀਤੀ ਵੀ ਬੰਦ ਕੀਤੀ ਜਾ ਰਹੀ ਹੈ। ਇਸਦਾ ਸਿੱਧਾ ਭਾਵ ਹੈ ਕਿ ਹੁਣ 12ਵੀਂ ਪਾਸ ਕਰਨ ਮਗਰੋਂ ਪੰਜਾਬ ਤੋਂ ਕੈਨੇਡਾ ‘ਚ ਪੜ੍ਹਨ ਵਾਸਤੇ ਲੋਕਾਂ ਦੀ ਦਿਲਚਸਪੀ ਘਟ ਜਾਵੇਗੀ ਅਤੇ ਸੰਭਵ ਹੈ ਕਿ ਬੀ.ਏ., ਆਪਣੇ ਘਰੀਂ ਰਹਿ ਕੇ ਪਾਸ ਕਰਨ ਮਗਰੋਂ ਕੈਨੇਡਾ ਦਾ ਰਾਹ ਪਛਾਨਣ ਦਾ ਹੋਕਾ ਹੁਣ ਉਨ੍ਹਾਂ ਦੇ ਸਮਝ ਪੈ ਜਾਵੇ। ਅਗਲੇ ਸਾਲਾਂ ਵਿਚ ਕੈਨੇਡਾ ਨੂੰ ਨਿਕਲ ਜਾਣ ਦੀ ਅੰਨ੍ਹੇਵਾਹ ਦੌੜ ਤੇ ਸੌਦੇਬਾਜ਼ੀ ਵਾਲੇ ਵਿਆਹਾਂ ਦੇ ਡਰਾਮਿਆਂ ਦੀ ਭੇਡਚਾਲ ਵੀ ਡੱਕੀ ਜਾਵੇਗੀ। ਕੈਨੇਡਾ ਸਰਕਾਰ ਵਲੋਂ ਸਟੱਡੀ ਪਰਮਿਟ ਦੇ ਬੇਲਗਾਮ ਚੋਗਿਆਂ ਨਾਲ ਸਭ ਤੋਂ ਵੱਧ ਨੁਕਸਾਨ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਹੋਇਆ ਹੈ।