ਰਾਸ਼ਟਰਪਤੀ ਨੇ ਕਈ ਮੁਲਕਾਂ ‘ਤੇ ਅਮਰੀਕੀ ਉਤਪਾਦਾਂ ‘ਤੇ 200 ਫੀਸਦ ਤੱਕ ਟੈਕਸ ਲਾਉਣ ਦਾ ਆਰੋਪ ਲਾਇਆ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕਾ, ਭਾਰਤ ਨਾਲ ਵਪਾਰ ਸਮਝੌਤਾ ਕਰਨ ਦੇ ਬਹੁਤ ਨੇੜੇ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, ”ਹੁਣ, ਅਸੀਂ ਯੂਨਾਈਟਿਡ ਕਿੰਗਡਮ (ਬਰਤਾਨੀਆ) ਨਾਲ ਸਮਝੌਤਾ ਕੀਤਾ ਹੈ, ਅਸੀਂ ਚੀਨ ਨਾਲ ਸਮਝੌਤਾ ਕੀਤਾ ਹੈ। ਅਸੀਂ ਭਾਰਤ ਨਾਲ ਸਮਝੌਤਾ ਕਰਨ ਦੇ ਬਹੁਤ ਨੇੜੇ ਹਾਂ, ਜਿਨ੍ਹਾਂ ਹੋਰਨਾਂ ਨੂੰ ਅਸੀਂ ਮਿਲੇ ਸੀ ਅਤੇ ਸਾਨੂੰ ਨਹੀਂ ਲੱਗਦਾ ਕਿ ਅਸੀਂ ਕੋਈ ਸਮਝੌਤਾ ਕਰ ਸਕਾਂਗੇ, ਇਸ ਲਈ ਅਸੀਂ ਉਨ੍ਹਾਂ ਨੂੰ ਪੱਤਰ ਭੇਜੇ ਹਨ। ਜੇ ਤੁਸੀਂ ਅਮਰੀਕਾ ਨਾਲ ਵਪਾਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਨ੍ਹਾਂ ਟੈਕਸਾਂ ਦੀ ਅਦਾਇਗੀ ਕਰਨੀ ਹੋਵੇਗੀ।”
ਅਮਰੀਕੀ ਰਾਸ਼ਟਰਪਤੀ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ, ਜਦੋਂ ਟਰੰਪ ਪ੍ਰਸ਼ਾਸਨ ਨੇ ਲੰਘੇ ਸੋਮਵਾਰ ਨੂੰ ਵੱਖ-ਵੱਖ ਦੇਸ਼ਾਂ ਨੂੰ ‘ਪੱਤਰਾਂ’ ਦੀ ਪਹਿਲੀ ਕਿਸ਼ਤ ਭੇਜੀ ਹੈ, ਜਿਸ ਵਿੱਚ ਉਨ੍ਹਾਂ ਦੇਸ਼ਾਂ ਦੇ ਉਤਪਾਦਾਂ ‘ਤੇ ਅਮਰੀਕਾ ਵੱਲੋਂ ਲਗਾਏ ਜਾਣ ਵਾਲੇ ਦਰਾਮਦ ਟੈਕਸਾਂ ਦਾ ਵੇਰਵਾ ਦਿੱਤਾ ਗਿਆ ਸੀ। ਟਰੰਪ ਦੇ ਦਸਤਖ਼ਤ ਵਾਲੇ ਇਹ ਪੱਤਰ, ਜਿਨ੍ਹਾਂ ਮੁਲਕਾਂ ਨੂੰ ਭੇਜੇ ਗਏ ਹਨ, ਉਨ੍ਹਾਂ ਵਿਚ ਬੰਗਲਾਦੇਸ਼, ਬੋਸਨੀਆ, ਹਰਜ਼ੇਗੋਵਿਨਾ, ਕੰਬੋਡੀਆ, ਇੰਡੋਨੇਸ਼ੀਆ, ਜਾਪਾਨ, ਕਜ਼ਾਖਸਤਾਨ, ਲਾਓ ਪੀਪਲਜ਼ ਡੈਮੋਕਰੈਟਿਕ ਰਿਪਬਲਿਕ, ਮਲੇਸ਼ੀਆ, ਸਰਬੀਆ, ਦੱਖਣੀ ਅਫ਼ਰੀਕਾ, ਦੱਖਣੀ ਕੋਰੀਆ, ਥਾਈਲੈਂਡ ਤੇ ਟਿਊਨੀਸ਼ੀਆ ਸ਼ਾਮਲ ਹਨ। ਟਰੰਪ ਨੇ ਕਿਹਾ, ”ਅਸੀਂ ਵੱਖ ਵੱਖ ਮੁਲਕਾਂ ਨੂੰ ਪੱਤਰ ਭੇਜ ਰਹੇ ਹਾਂ ਕਿ ਉਨ੍ਹਾਂ ਨੂੰ ਕਿੰਨੇ ਟੈਕਸ ਦੀ ਅਦਾਇਗੀ ਕਰਨੀ ਹੋਵੇਗੀ।” ਟਰੰਪ ਨੇ ਕਿਹਾ ਕਿ ਇਹ ਮੁਲਕ ਅਮਰੀਕਾ ਨੂੰ ‘ਲੁੱਟ’ ਰਹੇ ਸਨ ਅਤੇ ‘ਸਾਡੇ ਤੋਂ ਇੰਨੇ ਜ਼ਿਆਦਾ ਟੈਕਸ ਵਸੂਲ ਰਹੇ ਸਨ ਕਿ ਜਿਹੜੇ ਪਹਿਲਾਂ ਕਦੇ ਕਿਸੇ ਨੇ ਨਹੀਂ ਦੇਖੇ। ਸਾਡੇ ਕੋਲ ਕੁਝ ਦੇਸ਼ ਹਨ ਜੋ 200 ਫੀਸਦ ਟੈਰਿਫ ਵਸੂਲ ਰਹੇ ਸਨ ਅਤੇ ਕਾਰੋਬਾਰ ਕਰਨਾ ਅਸੰਭਵ ਬਣਾ ਰਹੇ ਸਨ।” ਟਰੰਪ ਵ੍ਹਾਈਟ ਹਾਊਸ ਵਿੱਚ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਰਾਤ ਦੇ ਭੋਜਨ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਟਰੰਪ ਨੇ ਮੁੜ ਦਾਅਵਾ ਕੀਤਾ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਰੋਕਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਟਰੰਪ ਨੇ ਕਿਹਾ ਕਿ ਉਨ੍ਹਾਂ ਦੋਵਾਂ ਮੁਲਕਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਹ ਲੜਾਈ ਜਾਰੀ ਰੱਖਦੇ ਹਨ ਤਾਂ ਅਸੀਂ ਉਨ੍ਹਾਂ ਨਾਲ ਵਪਾਰ ਨਹੀਂ ਕਰੇਗਾ।
ਭਾਰਤ-ਪਾਕਿ ਸੰਘਰਸ਼ ਰੁਕਵਾਇਆ : ਟਰੰਪ
ਰਾਸ਼ਟਰਪਤੀ ਡੋਨਲਡ ਟਰੰਪ ਨੇ ਮੁੜ ਦਾਅਵਾ ਕੀਤਾ ਕਿ ਉਨ੍ਹਾਂ ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਹਾਲ ਹੀ ਵਿੱਚ ਭਾਰਤ-ਪਾਕਿ ਸੰਘਰਸ਼ ਨੂੰ ਵਧਣ ਤੋਂ ਰੋਕ ਦਿੱਤਾ ਸੀ। ਟਰੰਪ ਨੇ ਕਿਹਾ ਕਿ ਪ੍ਰਮਾਣੂ ਜੰਗ ਹੋ ਸਕਦੀ ਸੀ ਅਤੇ ਸੰਘਰਸ਼ ਨੂੰ ਰੋਕਣਾ ਜ਼ਰੂਰੀ ਸੀ। ਉਨ੍ਹਾਂ ਕਿਹਾ, ‘ਅਸੀਂ ਬਹੁਤ ਸਾਰੀਆਂ ਲੜਾਈਆਂ ਰੋਕੀਆਂ ਹਨ। ਭਾਰਤ ਤੇ ਪਾਕਿ ਵਿਚਾਲੇ ਲੜਾਈ ਬਹੁਤ ਵੱਡੀ ਸੀ।

