Breaking News
Home / ਹਫ਼ਤਾਵਾਰੀ ਫੇਰੀ / ਰੇਖਾ ਗੁਪਤਾ ਨੇ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਦੀ ਚੁੱਕੀ ਸਹੁੰ

ਰੇਖਾ ਗੁਪਤਾ ਨੇ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਦੀ ਚੁੱਕੀ ਸਹੁੰ

ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਬਣੀ ਹੈ ਰੇਖਾ ਗੁਪਤਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਵਿਧਾਨ ਸਭਾ ਹਲਕਾ ਸ਼ਾਲੀਮਾਰ ਬਾਗ ਤੋਂ ਭਾਜਪਾ ਦੀ ਵਿਧਾਇਕ ਰੇਖਾ ਗੁਪਤਾ ਨੇ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ। ਪਹਿਲੀ ਵਾਰ ਵਿਧਾਇਕ ਬਣੀ ਰੇਖਾ ਗੁਪਤਾ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਬਣੀ ਹੈ। ਇਸ ਤੋਂ ਪਹਿਲਾਂ ਭਾਜਪਾ ਦੀ ਸੁਸ਼ਮਾ ਸਵਰਾਜ, ਕਾਂਗਰਸ ਦੀ ਸ਼ੀਲਾ ਦੀਕਸ਼ਤ ਅਤੇ ਆਮ ਆਦਮੀ ਪਾਰਟੀ ਦੀ ਆਤਿਸ਼ੀ ਵੀ ਦਿੱਲੀ ਦੀ ਮੁੱਖ ਮੰਤਰੀ ਰਹਿ ਚੁੱਕੇ ਹਨ। ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਰੇਖਾ ਗੁਪਤਾ ਦੇ ਹੋਏ ਸਹੁੰ ਚੁੱਕ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਭਾਜਪਾ ਸ਼ਾਸ਼ਿਤ ਸੂਬਿਆਂ ਦੇ ਮੁੱਖ ਮੰਤਰੀ ਅਤੇ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਰਹੀ। ਰੇਖਾ ਗੁਪਤਾ ਦੇ ਨਾਲ 6 ਮੰਤਰੀਆਂ ਨੇ ਵੀ ਅਹੁਦੇ ਦੀ ਸਹੁੰ ਚੁੱਕੀ ਹੈ, ਇਨ੍ਹਾਂ ਵਿਚ ਅਰਵਿੰਦ ਕੇਜਰੀਵਾਲ ਨੂੰ ਹਰਾਉਣ ਵਾਲੇ ਪ੍ਰਵੇਸ਼ ਵਰਮਾ, ਆਸ਼ੀਸ਼ ਸੂਦ, ਮਨਜਿੰਦਰ ਸਿੰਘ ਸਿਰਸਾ, ਰਵਿੰਦਰ ਇੰਦਰਾਜ ਸਿੰਘ, ਕਪਿਲ ਮਿਸ਼ਰਾ ਅਤੇ ਪੰਕਜ ਕੁਮਾਰ ਸ਼ਾਮਲ ਹਨ। ਦਿੱਲੀ ਦੀ ਮੁੱਖ ਮੰਤਰੀ ਬਣੀ ਰੇਖਾ ਗੁਪਤਾ ਅਤੇ ਮੰਤਰੀਆਂ ਨੇ ਪੀਐਮ ਨਰਿੰਦਰ ਮੋਦੀ ਅਤੇ ਭਾਜਪਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਇਹ ਜ਼ਿੰਮੇਵਾਰੀ ਨਿਭਾਉਣਗੇ।
ਪ੍ਰਵੇਸ਼ ਵਰਮਾ ਨੂੰ ਬਣਾਇਆ ਦਿੱਲੀ ਦਾ ਉਪ ਮੁੱਖ ਮੰਤਰੀ
ਨਵੀਂ ਦਿੱਲੀ : ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਸਹੁੰ ਚੁੱਕ ਸਮਾਗਮ ਤੋਂ ਚਾਰ ਘੰਟਿਆਂ ਬਾਅਦ ਹੀ ਮੰਤਰੀਆਂ ਨੂੰ ਵਿਭਾਗ ਵੀ ਵੰਡ ਦਿੱਤੇ ਗਏ। ਅਰਵਿੰਦ ਕੇਜਰੀਵਾਲ ਨੂੰ ਹਰਾਉਣ ਵਾਲੇ ਪ੍ਰਵੇਸ਼ ਵਰਮਾ ਨੂੰ ਦਿੱਲੀ ਦਾ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ। ਸੀਐਮ ਰੇਖਾ ਗੁਪਤਾ ਨੇ ਵਿੱਤ ਮੰਤਰਾਲਾ ਅਤੇ ਹੋਰ 8 ਵਿਭਾਗ ਆਪਣੇ ਕੋਲ ਰੱਖੇ ਹਨ। ਪ੍ਰਵੇਸ਼ ਵਰਮਾ ਨੂੰ ਪੀ ਡਬਲਿਊ ਡੀ ਅਤੇ ਕੁੱਝ ਹੋਰ ਮੰਤਰਾਲਿਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਅਸੀਸ ਸੂਦ ਨੂੰ ਬਿਜਲੀ ਵਿਭਾਗ ਸਮੇਤ ਹੋਰ ਮੰਤਰਾਲੇ ਦਿੱਤੇ ਗਏ ਹਨ। ਇਸੇ ਤਰ੍ਹਾਂ ਮਨਜਿੰਦਰ ਸਿੰਘ ਸਿਰਸਾ ਨੂੰ ਫੂਡ ਸਪਲਾਈ, ਰਵਿੰਦਰ ਇੰਦਰਾਜ ਸਿੰਘ ਨੂੰ ਸਮਾਜ ਕਲਿਆਣ, ਕਪਿਲਾ ਮਿਸ਼ਰਾ ਨੂੰ ਕਾਨੂੰਨ ਅਤੇ ਨਿਆਂ ਮੰਤਰਾਲਾ ਜਦਕਿ ਪੰਕਜ ਕੁਮਾਰ ਸਿੰਘ ਨੂੰ ਸਿਹਤ ਮੰਤਰਾਲਾ ਦਿੱਤਾ ਗਿਆ ਹੈ।

Check Also

ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਵਧਾਈ ਤਾਕਤ

ਸਟੱਡੀ ਤੇ ਵਰਕ ਪਰਮਿਟ ਹੁਣ ਰੱਦ ਕਰਨਾ ਹੋਇਆ ਆਸਾਨ ਓਟਾਵਾ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਨੇ …