ਕਿਹਾ : ਗਰੀਬ ਹਾਂ, ਕਮਜ਼ੋਰ ਨਹੀਂ
ਹਰਪਾਲ ਚੀਮਾ ਬੋਲੇ : ਗਰੀਬ ਵਿਅਕਤੀ 10 ਮਹੀਨੇ ਕੈਨੇਡਾ ’ਚ ਕਿਵੇਂ ਰਿਹਾ
ਚੰਡੀਗੜ੍ਹ/ਬਿਊਰੋ ਨਿਊਜ਼ : ਵਿਜੀਲੈਂਸ ਸਾਹਮਣੇ ਪੇਸ਼ ਹੋਣ ਮਗਰੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮੇਰੇ ’ਤੇ ਆਰੋਪ ਲਗਾਇਆ ਹੈ ਕਿ ਚੰਨੀ ਰਜਵਾੜਾ ਹੈ। ਉਨ੍ਹਾਂ ਕਿਹਾ ਕਿ ਮੇਰੇ 170 ਕਰੋੜ ਰੁਪਏ ਦੀ ਪ੍ਰਾਪਰਟੀ ਹੈ ਪ੍ਰੰਤੂ ਮੇਰੇ ਕੋਲ ਤਾਂ ਘਰ, ਦਫ਼ਤਰ ਅਤੇ ਇਕ ਦੁਕਾਨ ਤੋਂ ਇਲਾਵਾ ਕੋਈ ਪ੍ਰਾਪਰਟੀ ਨਹੀਂ ਹੈ। ਚੰਨੀ ਨੇ ਜੇਕਰ ਇਨ੍ਹਾਂ ਤੋਂ ਇਲਾਵਾ ਮੇਰੇ ਕੋਲੋਂ ਕੋਈ ਪ੍ਰਾਪਰਟੀ ਮਿਲ ਜਾਵੇ ਤਾਂ ਮੈਂ ਉਹ ਪੰਜਾਬ ਸਰਕਾਰ ਜਾਂ ਗੁਰਦੁਆਰਾ ਸਾਹਿਬ ਦੇ ਨਾਮ ਲਿਖ ਦੇਵਾਂਗਾ। ਉਨ੍ਹਾਂ ਅੱਗੇ ਕਿਹਾ ਕਿ ਮੈਂ ਗਰੀਬ ਜ਼ਰੂਰ ਹਾਂ ਪ੍ਰੰਤੂ ਕਮਜ਼ੋਰ ਨਹੀਂ ਹਾਂ। ਲੰਘੇ ਹਫ਼ਤੇ ਮੈਨੂੰ ਤਿੰਨ ਵਾਰ ਇਨਕਮ ਟੈਕਸ ਵਿਭਾਗ ਦਾ ਨੋਟਿਸ ਆਇਆ। ਮੇਰਾ ਕਸੂਰ ਸਿਰਫ਼ ਇਹੀ ਹੈ ਕਿ ਮੈਂ 3 ਮਹੀਨੇ ਮੁੱਖ ਮੰਤਰੀ ਰਿਹਾ ਜਦਕਿ ਮੇਰੇ ਤੋਂ ਪਹਿਲਾਂ ਜੋ ਮੁੱਖ ਮੰਤਰੀ ਰਹੇ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਕੋਈ ਸਵਾਲ ਨਹੀਂ ਉਠਾਉਂਦਾ। ਉਧਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਚੰਨੀ ਮਗਰਮੱਛ ਦੇ ਹੰਝੂ ਹਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੁਦ ਨੂੰ ਗਰੀਬ ਦੱਸਣ ਵਾਲੇ ਚੰਨੀ ਲੋਕਾਂ ਨੂੰ ਇਹ ਦੱਸਣ ਕਿ ਕੋਈ ਗਰੀਬ ਵਿਅਕਤੀ 10 ਮਹੀਨੇ ਕੈਨੇਡਾ ’ਚ ਕਿਸ ਤਰ੍ਹਾਂ ਰਿਹਾ। ਹਰਪਾਲ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਐਸਸੀ ਵਿਦਿਆਰਥੀਆਂ ਦੇ 64 ਕਰੋੜ ਰੁਪਏ ਹੜੱਪ ਕੀਤੇ ਗਏ ਪ੍ਰੰਤੂ ਚੰਨੀ ਨੇ ਆਪਣੇ ਭਿ੍ਰਸ਼ਟ ਮੰਤਰੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਪਿਛਲੀਆਂ ਸਰਕਾਰਾਂ ਦੇ ਭਿ੍ਰਸ਼ਟ ਆਗੂਆਂ ਨੇ ਸਿਰਫ਼ ਘੁਟਾਲੇ ਹੀ ਨਹੀਂ ਕੀਤੇ ਸਗੋਂ ਉਨ੍ਹਾਂ ਗਰੀਬ ਬੱਚਿਆਂ ਦੀਆਂ ਫੀਸਾਂ, ਵਰਦੀਆਂ, ਕਿਤਾਬਾਂ ਅਤੇ ਉਨ੍ਹਾਂ ਦੇ ਭਵਿੱਖ ਦੇ ਸੁਪਨਿਆਂ ਨੂੰ ਵੀ ਲੁੱਟ ਲਿਆ।
Check Also
ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੱਸਿਆ ਹਰ ਪੱਖੋਂ ਫੇਲ੍ਹ
ਸ਼੍ਰੋਮਣੀ ਅਕਾਲੀ ਦਲ ਨੂੰ ਦੱਸਿਆ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਲੁਧਿਆਣਾ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ …