ਸੁਤੰਤਰਤਾ ਸੈਨਾਨੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਪੰਜਾਬ ਸਰਕਾਰ ਨੂੰ ਕੋਈ ਸਰੋਕਾਰ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੇ ਬਾਦਲ ਸਰਕਾਰ ਉਤੇ ਦੋਸ਼ ਲਗਾਇਆ ਹੈ ਕਿ ਸੁਤੰਤਰਤਾ ਸੈਨਾਨੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਂ ਉਤੇ ਅਕਾਲੀ-ਭਾਜਪਾ ਗਠਜੋੜ ਵੱਲੋਂ ਸਿਰਫ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ। ઠਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਹੈ ਕਿ ਜੰਗ-ਏ-ਆਜਾਦੀ ਯਾਦਗਾਰ ਦੇ ਸਮਾਰੋਹ ਵਿੱਚ ਸੁਤੰਤਰਤਾ ਸੈਨਾਨੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਸੱਦਾ ਦਿੱਤਾ ਗਿਆ ਸੀ। ਮੁੱਖ ਮੰਤਰੀ ਬਾਦਲ ਸਿਰਫ ਉਨ੍ਹਾਂ ਨੂੰ ਭਾਸ਼ਣ ਦਿੰਦੇ ਰਹੇ, ਜਦਕਿ ਉਨ੍ਹਾਂ ਲਈ ਕੋਈ ਵੀ ਐਲਾਨ ਨਾ ਹੋਣਾ ਇਹ ਦਰਸਾਉਂਦਾ ਹੈ ਕਿ ਬਾਦਲਾਂ ਨੂੰ ਅਜਾਦੀ ਘੁਲਾਟੀਆਂ ਨਾਲ ਕੋਈ ਸਾਰੋਕਾਰ ਨਹੀਂ। ਵੜੈਚ ਨੇ ਕਿਹਾ ਕਿ ਜਦੋਂ ਸਰਕਾਰ ਦੀ ਬੇਰੁਖੀ ਦੇ ਖਿਲਾਫ ਸੁਤੰਤਰਤਾ ਸੈਨਾਨੀਆਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਧਰਨਾ ਲਗਾਇਆ ਤਾਂ ਮੁੱਖ ਮੰਤਰੀ ਬਾਦਲ ਦਾ ਇਹ ਫਰਜ ਬਣਦਾ ਸੀ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣਦੇ।
ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਸਮਾਰੋਹ ਦੌਰਾਨ ਸਟੇਜ ਉਤੇ ਹੀ ਬਾਦਲ ਖਿਲਾਫ ਨਾਅਰੇਬਜੀ ਹੋਈ। ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਨੇ ਸਨਮਾਨ ਵਿੱਚ ਮਿਲੀਆਂ ਲੋਈਆਂ ਵੀ ਸੁੱਟ ਦਿੱਤੀਆਂ। ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਲੋਕ ਹੁਣ ਬਾਦਲਾਂ ਦੀ ਸਰਕਾਰ ਨੂੰ ਚਲਦਾ ਕਰਨ ਦਾ ਮਨ ਬਣਾਈ ਬੈਠੇ ਹਨ।

