ਬਰਨਾਲਾ ਦੀ ਵਿਦਿਆਰਥਣ ਹਰਸੀਰਤ ਕੌਰ ਪੰਜਾਬ ਭਰ ’ਚੋਂ ਪਹਿਲੇ ਸਥਾਨ ’ਤੇ
ਮੁਹਾਲੀ/ਬਿਊਰੋ ਨਿਊਜ਼
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਬੋਰਡ ਵੱਲੋਂ ਜਾਰੀ ਮੈਰਿਟ ਸੂਚੀ ਮੁਤਾਬਕ ਪਹਿਲੀਆਂ ਤਿੰਨੇ ਪੁਜ਼ੀਸ਼ਨਾਂ ਲੜਕੀਆਂ ਨੇ ਹਾਸਲ ਕੀਤੀਆਂ ਹਨ। ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ ਬਰਨਾਲਾ ਦੀ ਵਿਦਿਆਰਥਣ ਹਰਸੀਰਤ ਪੁੱਤਰੀ ਸਿਮਰਦੀਪ ਸਿੰਘ ਨੇ (500/500) ਯਾਨੀ ਕਿ 100 ਫੀਸਦੀ ਅੰਕ ਲੈ ਕੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਜਦੋਂਕਿ ਐੱਸਐੱਸ ਮੈਮੋਰੀਅਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੱਸੋਆਣਾ ਜ਼ਿਲ੍ਹਾ ਫਿਰੋਜ਼ਪੁਰ ਦੀ ਮਨਵੀਰ ਕੌਰ ਪੁੱਤਰੀ ਗੁਰਜੰਟ ਸਿੰਘ ਨੇ 500 ’ਚੋਂ 498 ਅੰਕਾਂ ਨਾਲ ਪੰਜਾਬ ਵਿੱਚ ਦੂਜਾ ਅਤੇ ਸ੍ਰੀ ਤਾਰਾ ਚੰਦ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਭੀਖੀ ਜ਼ਿਲ੍ਹਾ ਮਾਨਸਾ ਦੀ ਅਰਸ਼ ਪੁੱਤਰੀ ਕਰਮਜੀਤ ਸਿੰਘ ਨੇ 500 ਚੋਂ 498 ਅੰਕਾਂ ਨਾਲ ਪੰਜਾਬ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ।